ਪਾਰਟੀਆਂ ਦੇ ਚੋਣ ਮੈਨਫ਼ੈਸਟੋ 'ਚ ਕੀਤੇ ਵਾਅਦਿਆਂ ਮੁਤਾਬਕ ਹੀ ਬਣਾਏ ਗਏ ਹਨ ਖੇਤੀ ਕਾਨੂੰਨ : ਸੋਮ ਪ੍ਰਕਾਸ਼
Published : Oct 9, 2020, 9:18 pm IST
Updated : Oct 9, 2020, 9:18 pm IST
SHARE ARTICLE
Som Prakash
Som Prakash

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਵਿਸ਼ੇਸ਼ ਇੰਟਰਵਿਊ

ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ਦੇ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਸੜਕਾਂ 'ਤੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਅਜੇ ਵੀ ਇਨ੍ਹਾਂ ਬਿੱਲਾਂ ਨੂੰ ਕਿਸਾਨ ਪੱਖੀ ਦੱਸਣ 'ਚ ਮਸ਼ਰੂਫ ਹੈ। ਸਪੋਕਸਮੈਨ ਟੀਵੀ ਵਲੋਂ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਤੋਖਲਿਆਂ ਨੂੰ ਨੇੜਿਓ ਵਾਚਣ ਅਤੇ ਇਨ੍ਹਾਂ ਨੂੰ ਸਰਕਾਰ ਤਕ ਪਹੁੰਚਾਉਣ ਦੇ ਮਕਸਦ ਨਾਲ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਸ਼ਖ਼ਸੀਅਤਾਂ ਨਾਲ ਵਿਚਾਰ-ਵਟਾਂਦਰੇ ਦਾ ਸਿਲਸਿਲਾ ਅਰੰਭਿਆ ਹੋਇਆ ਹੈ। ਇਸੇ ਤਹਿਤ ਸ਼ੁੱਕਰਵਾਰ ਨੂੰ ਕੇਂਦਰੀ ਰਾਜ ਮੰਤਰੀ ਕਾਮਰਸ ਅਤੇ ਇੰਡਸਟਰੀ ਸੋਮ ਪ੍ਰਕਾਸ਼ ਨਾਲ ਸਪੋਕਸਮੈਨ ਟੀਵੀ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਪੇਸ਼ ਹਨ ਇੰਟਰਵਿਊ ਦੇ ਵਿਸ਼ੇਸ਼ ਅੰਸ਼ :
ਸਵਾਲ : ਸਰ, ਅੱਜ ਦੋਵੇਂ ਧਿਰਾਂ ਆਪੋ-ਅਪਣੇ ਸਟੈਂਡ 'ਤੇ ਅੜੀਆਂ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਜ਼ਰੀਏ ਜੋ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ, ਉਹ ਉਨ੍ਹਾਂ ਨੂੰ ਤਬਾਹ ਕਰ ਦੇਣਗੀਆਂ। ਦੂਜੇ ਪਾਸੇ ਕੇਂਦਰ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਪੱਖੀ ਸਾਬਤ ਕਰਨ 'ਤੇ ਅੜੀ ਹੋਈ ਹੈ। ਤੁਸੀਂ ਇਸ ਸਭ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ :
ਜਿਹੜੇ ਤਿੰਨ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ, ਜੋ ਬਾਅਦ 'ਚ ਕਾਨੂੰਨ ਬਣ ਚੁੱਕੇ ਹਨ, ਇਸ ਬਾਰੇ ਭਾਜਪਾ ਨੇ ਅਪਣੇ ਚੋਣ-ਮੈਨੀਫ਼ੈਸਟੋ 'ਚ ਵੀ ਖੇਤੀਬਾੜੀ ਸੁਧਾਰ ਲਈ ਬਿੱਲ ਲਿਆਉਣ ਦਾ ਵਾਅਦਾ ਕੀਤਾ ਸੀ। ਭਾਜਪਾ ਉਸੇ ਵਾਅਦੇ ਮੁਤਾਬਕ ਹੀ ਇਹ ਬਿੱਲ ਲੈ ਕੇ ਆਈ ਹੈ। ਇਸੇ ਤਰ੍ਹਾਂ ਕਾਂਗਰਸ ਵਲੋਂ ਵੀ ਅਪਣੇ ਚੋਣ-ਮੈਨੀਫ਼ੈਸਟੋ 'ਚ ਖੇਤੀਬਾੜੀ ਸੁਧਾਰ ਬਿੱਲ ਲਿਆਉਣ ਦੀ ਗੱਲ ਕਹੀ ਸੀ।
ਸਵਾਲ : ਪਰ ਲੋਕਾਂ ਨੇ ਕਾਂਗਰਸ ਨੂੰ ਨਹੀਂ ਜਿਤਾਇਆ, ਤੁਹਾਡੀ ਪਾਰਟੀ ਨੂੰ ਸਪੱਸ਼ਟ ਬਹੁਮੱਤ ਨਾਲ ਜਿਤਾਇਆ ਤੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਸੀ ਕਿ ਭਾਜਪਾ ਉਨ੍ਹਾਂ ਲਈ ਬਿਹਤਰ ਕਰੇਗੀ...?
ਜਵਾਬ :
ਮੈਂ ਦੱਸਦਾ, ਇਹਦੇ 'ਚ ਕਾਂਗਰਸ, ਭਾਜਪਾ ਜਾਂ ਕਿਸੇ ਹੋਰ ਪਾਰਟੀ ਦੀ ਗੱਲ ਨਹੀਂ ਹੈ। ਗੱਲ ਸਿਰਫ਼ ਕਿਸਾਨ ਦੇ ਭਲੇ ਦੀ ਹੈ। ਸਾਡਾ ਵਾਅਦਾ ਸੀ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਨੀ ਹੈ, ਇਹਦੇ ਮੁਤਾਬਕ ਹੀ ਅਸੀਂ ਕੰਮ ਕਰਨਾ ਹੈ ਅਤੇ ਕਿਸਾਨਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਢੁਕਵਾਂ ਮੁੱਲ ਦਿਵਾਉਣਾ ਹੈ। ਕੇਂਦਰ ਸਰਕਾਰ ਕਣਕ ਸਮੇਤ ਦੂਜੀਆਂ ਫ਼ਸਲਾਂ ਦਾ ਭਾਅ ਵਧਾ ਕੇ ਅਪਣੀ ਨੀਤੀ ਸਪੱਸ਼ਟ ਕਰ ਚੁਕੀ ਹੈ। ਮੈਂ ਮੈਨੀਫ਼ੈਸਟੋ ਦੀ ਗੱਲ ਕਰ ਰਿਹਾ ਹਾਂ। ਸਾਡਾ ਮੈਨੀਫ਼ੈਸਟੋ ਵੀ ਉਹੀ ਗੱਲ ਕਹਿੰਦੈ, ਕਾਂਗਰਸ ਦਾ ਵੀ ਉਹੀ ਕਹਿ ਰਿਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਪਾਰਲੀਮੈਂਟ 'ਚ ਖੇਤੀ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਸੀ। ਇਸੇ ਤਰ੍ਹਾਂ ਕਾਂਗਰਸੀ ਆਗੂ ਕਪਿਲ ਸਿੰਬਲ ਵੀ ਪਾਰਲੀਮੈਂਟ 'ਚ ਕਹਿ ਚੁੱਕੇ ਹਨ ਕਿ ਕਿਸਾਨ ਦਾ ਭਲਾ ਤਾਂ ਹੀ ਹੋਵੇਗਾ ਜੇਕਰ ਇਹ ਬਿੱਲ ਆਉਣਗੇ ਅਤੇ ਉਸ ਦੀ ਆਮਦਨੀ ਵਧੇਗੀ ਅਤੇ ਖੇਤੀ ਸੈਕਟਰ 'ਚ ਪ੍ਰਾਈਵੇਟ ਧਿਰਾਂ ਪੈਸਾ ਖ਼ਰਚਣਗੀਆਂ। ਅੱਜਕੱਲ੍ਹ ਖੇਤੀ ਮਾਹਿਰ ਸਰਦਾਰਾ ਸਿੰਘ ਜੋਹਲ ਦੀ ਇੰਟਰਵਿਊ ਵੀ ਟੀਵੀ ਚੈਨਲਾਂ 'ਤੇ ਚੱਲ ਰਹੀ ਹੈ। ਜਦੋਂ ਜਿਹੜੀ ਗੱਲ ਪਾਰਟੀਆਂ ਦੇ ਚੋਣ ਮੈਨੀਫ਼ੈਸਟੋ 'ਚ ਕੀਤੀ ਗਈ ਹੈ, ਜਿਸ ਬਾਰੇ ਸਾਬਕਾ ਪ੍ਰਧਾਨ ਮੰਤਰੀ ਸਮੇਤ ਮੌਜੂਦਾ ਪ੍ਰਧਾਨ ਮੰਤਰੀ ਕਹਿ ਰਹੇ ਹਨ, ਮੇਰੇ ਸਮਝ ਮੁਤਾਬਕ ਇਨ੍ਹਾਂ ਕਾਨੂੰਨਾਂ ਨੂੰ ਤਾਂ ਸਗੋਂ ਪੂਰਨ ਸਹਿਮਤੀ ਮਿਲਣੀ ਚਾਹੀਦੀ ਸੀ।

Nimrat KaurNimrat Kaur

ਸਵਾਲ: ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਿਆਸਤਦਾਨ ਅੱਜ ਇਵੇਂ ਗੱਲਾਂ ਕਰ ਰਹੇ ਹਨ ਜਿਵੇਂ ਕਿਸਾਨ ਇਕ ਅਨਭੋਲ ਬੱਚਾ ਹੈ, ਜਿਸ ਨੂੰ ਅਪਣੇ ਚੰਗੇ-ਮਾੜੇ ਦਾ ਅਜੇ ਪੂਰਾ ਪਤਾ ਹੀ ਨਹੀਂ ਹੈ। ਅੱਜ ਮੱਦਾ ਇਹ ਨਹੀਂ ਕਿ ਕਾਂਗਰਸ ਕੀ ਕਹਿ ਰਹੀ ਹੈ, ਭਾਜਪਾ ਕੀ ਕਹਿ ਰਹੀ ਹੈ, ਬਲਕਿ ਮੁੱਦਾ ਇਹ ਹੈ ਕਿ ਕਿਸਾਨ ਜਿਸ ਦੇ ਭਲੇ ਦੇ ਦੇ ਨਾਮ 'ਤੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ, ਉਹ ਕੀ ਚਾਹੁੰਦਾ ਹੈ? ਖੇਤੀ ਕਾਨੂੰਨ ਪਾਸ ਕਰਨ ਲੱਗਿਆ ਕਿਸਾਨ ਦੀ ਰਾਏ ਕਿਉਂ ਨਹੀਂ ਲਈ ਗਈ? ਅੱਜ ਪੰਜਾਬ 'ਚ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ 'ਚ ਕੋਇਲਾ ਨਾ ਆਉਣ ਕਾਰਨ ਹਨੇਰਾ ਛਾ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹੈ, ਕਿਸਾਨਾਂ ਸਮੇਤ ਵੱਡੀ ਗਿਣਤੀ ਲੋਕ ਖੇਤੀ ਕਾਨੂੰਨਾਂ ਦੇ ਡਰ ਕਾਰਨ ਸੜਕਾਂ 'ਤੇ ਹਨ, ਕੀ ਸਰਕਾਰ ਦਾ ਫ਼ਰਜ ਨਹੀਂ ਸੀ ਬਣਦਾ ਕਿ ਉਹ ਪਹਿਲਾਂ ਕਿਸਾਨਾਂ ਨਾਲ ਗੱਲ ਕਰਦੀ?
ਜਵਾਬ :
ਵੇਖੋ, ਅੱਜ ਪੂਰੇ ਦੇਸ਼ ਅੰਦਰ ਕਿਸਾਨ ਖੁਦਕੁਸ਼ੀ ਦੇ ਰਾਹ ਚੱਲਿਆ ਹੋਇਐ ਜੋ ਦੁੱਖ ਦੀ ਗੱਲ ਹੈ। ਇਸ ਦਾ ਇਕੋ ਇਕ ਹੱਲ ਹੈ ਕਿ ਕਿਸਾਨ ਦੀ ਆਮਦਨੀ ਵਧਾਈ ਜਾਵੇ, ਜਿਸ ਲਈ ਕਦਮ  ਚੁੱਕਣੇ ਜ਼ਰੂਰੀ ਹਨ। ਵੱਡੀ ਤਰਾਸਦੀ ਇਹ ਹੈ ਕਿ ਜਿਨ੍ਹਾਂ ਨੇ ਇਸ ਸਬੰਧੀ ਅਪਣੇ ਚੋਣ ਮੈਨੀਫ਼ੈਸਟੋ 'ਚ ਵਾਅਦੇ ਕੀਤੇ, ਉਹ ਵੀ ਅੱਜ ਇਸ ਨੂੰ ਮਾੜਾ ਕਹਿ ਰਹੇ ਹਨ। ਅਕਾਲੀ ਦਲ ਇਸ ਦੇ ਸਮਰਥਨ 'ਚ ਪ੍ਰਚਾਰ ਕਰਦਾ ਰਿਹਾ ਹੈ। ਅਕਾਲੀ ਆਗੂਆਂ ਨੇ ਟੀਵੀ ਚੈਨਲਾਂ ਸਮੇਤ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਕਾਨੂੰਨ ਦੀ ਉਸਤਤ ਕੀਤੀ। ਇਥੋਂ ਤਕ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂ ਨੇ ਵੀ ਟੀ.ਵੀ. ਚੈਨਲ 'ਤੇ ਆ ਕੇ ਇਸ ਕਾਨੂੰਨ ਦੇ ਹੱਕ 'ਚ ਆਵਾਜ਼ ਉਠਾਈ।
ਸਵਾਲ : ਅਕਾਲੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਇਹ ਵੀ ਕਹਿੰਦੇ ਹਨ ਕਿ ਜਦੋਂ ਉਹ ਮੰਤਰੀ ਸਨ ਤਾਂ ਕਿਸਾਨਾਂ ਦੇ ਇਸ ਕਾਨੂੰਨ ਤੋਂ ਖੁਸ਼ ਨਾ ਹੋਣ ਸਬੰਧੀ ਹਰ ਦਰਵਾਜ਼ਾ ਖੜਕਾਇਆ, ਪਰ ਉਨ੍ਹਾਂ ਦਾ ਕਿਸੇ ਨੇ ਨਹੀਂ ਸੁਣੀ?
ਜਵਾਬ :
ਵੇਖੋ, ਇਹ ਇਦਾਂ ਨਹੀਂ ਹੈ, ਉਹ ਪੜ੍ਹੇ ਲਿਖੇ ਲੋਕ ਹਨ, ਸੁਖਬੀਰ ਸਿੰਘ ਬਾਦਲ ਅਮਰੀਕਾ ਤੋਂ ਪੜ੍ਹ ਕੇ ਆਏ ਹਨ। ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਸਾਰੇ ਭਾਰਤ ਦੇ ਕਿਸਾਨ ਨੇਤਾ ਹਨ। ਉਨ੍ਹਾਂ ਦੀ ਤੁਲਨਾ ਚੌਧਰੀ ਦੇਵੀ ਲਾਲ ਤੇ ਚਰਨ ਸਿੰਘ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਖੇਤੀਬਾੜੀ ਦੇ ਮਾਹਰ ਵਜੋਂ ਜਾਣਿਆ ਜਾਂਦਾ ਹੈ। ਹੁਣ ਜਦੋਂ ਉਹ ਖੁਦ ਬੋਲ ਕੇ ਕਹਿੰਦੇ ਹਨ ਕਿ ਇਹ ਬਹੁਤ ਵਧੀਆ ਬਿੱਲ ਹੈ, ਮੈਂ ਇਸ ਨੂੰ ਪੜ੍ਹ ਲਿਆ ਹੈ, ਇਸ ਨਾਲ ਲੋਕਾਂ ਦਾ ਬੜਾ ਭਲਾ ਹੋਵੇਗਾ। ਕੀ ਇਸ 'ਚ ਕੋਈ ਗੁਜਾਇਸ਼ ਰਹਿ ਜਾਂਦੀ ਹੈ ਕਿ ਸਾਨੂੰ ਕੁੱਝ ਦੱਸਿਆ ਨਹੀਂ ਗਿਆ। ਕੋਈ ਹੋਰ ਕਹੇ ਤਾਂ ਠੀਕ ਹੈ, ਪਰ ਜਿਹੜਾ ਵਾਰ ਵਾਰ ਕਹਿੰਦਾ ਰਿਹਾ ਕਿ ਇਹ ਠੀਕ ਹੈ, ਅਜਿਹੇ ਪੜ੍ਹੇ ਲਿਖੇ ਲੋਕ ਵੀ ਜੇਕਰ ਅੱਜ ਕਹਿੰਦੇ ਹਨ ਕਿ ਸਾਨੂੰ ਪੁਛਿਆ ਨਹੀਂ ਗਿਆ ਤਾਂ ਇਹ ਤਾਂ ਕੋਈ ਮੰਨੇਗਾ ਹੀ ਨਹੀਂ।
ਸਵਾਲ: ਇਹ ਕਿਸਾਨ ਉਸ ਤਬਕੇ ਦੇ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜ਼ਮੀਨਾਂ ਹਨ, ਹਰ ਸੂਬੇ 'ਚ ਇਨ੍ਹਾਂ ਦੇ ਸੈਂਕੜੇ ਏਕੜ ਦੇ ਫਾਰਮ ਹਾਊਸ ਹੋਣਗੇ। ਉਹ ਉਦਯੋਗਪਤੀਆਂ ਨਾਲ ਕਟਰੈਕਟ ਕਰਨ ਸਮੇਂ ਵੱਡਾ ਵਕੀਲ ਰੱਖ ਸਕਦੇ ਹਨ ਜੋ ਇਨ੍ਹਾਂ ਨੂੰ ਕਟਰੈਕਟ ਦੀਆਂ ਬਾਰੀਕੀਆਂ ਬਾਰੇ ਦੱਸ ਸਕਦੇ ਹਨ। ਪਰ ਕਿੱਲਾ ਦੋ ਕਿੱਲੇ ਜਾਂ ਇਸ ਤੋਂ ਥੋੜ੍ਹੀ ਵਧੇਰੇ ਜ਼ਮੀਨ ਰੱਖਣ ਵਾਲੇ ਛੋਟੇ ਕਿਸਾਨ ਦਾ ਕੀ ਬਣੇਗਾ। ਉਹ ਮਹਿੰਗੇ ਵਕੀਲਾਂ ਦੀਆਂ ਸੇਵਾਵਾਂ ਕਿਸ ਤਰ੍ਹਾਂ ਲੈ ਸਕਣਗੇ। ਅੱਜ ਛੋਟੇ ਕਿਸਾਨ ਨੂੰ ਜੇਕਰ ਘਰ ਤੋਂ 20 ਕਿਲੋਮੀਟਰ ਦੂਰ ਵੀ ਅਪਣੀ ਫ਼ਸਲ ਲੈ ਕੇ ਜਾਣੀ ਪੈ ਜਾਵੇ ਤਾਂ ਉਸ ਲਈ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਅਜਿਹੇ 'ਚ ਛੋਟੇ ਕਿਸਾਨਾਂ ਦਾ ਕੀ ਬਣੇਗਾ?
ਜਵਾਬ :
ਤੁਸੀਂ ਬੜਾ ਵਧੀਆ ਸਵਾਲ ਕੀਤੈ। ਲੋਕਾਂ ਦੇ ਦਿਮਾਗ਼ 'ਚ ਦੋ-ਤਿੰਨ ਖਦਸ਼ੇ ਹਨ, ਲੋਕਾਂ 'ਚ ਵਹਿਮ ਵੀ ਹੈ ਤੇ ਡਰ ਵੀ ਹੈ। ਕਿਸਾਨ ਇਸ ਕਰ ਕੇ ਵੀ ਡਰਿਆ ਹੋਇਆ ਕਿਉਂਕਿ ਅੱਜ ਤਕ ਸਿਆਸੀ ਆਗੂਆਂ ਨੇ ਉਨ੍ਹਾਂ ਨਾਲ ਧੋਖਾ ਹੀ ਕੀਤਾ ਹੈ, ਉਨ੍ਹਾਂ ਲਈ ਕੀਤਾ ਕੁੱਝ ਨਹੀਂ। ਇਨ੍ਹਾਂ ਬਿੱਲਾਂ ਦੇ ਆਉਣ ਵੇਲੇ ਵੀ ਇਹੀ ਰੌਲਾ ਪਿਆ ਕਿ ਇਸ ਨਾਲ ਐਮ.ਐਸ.ਪੀ. ਬੰਦ ਹੋ ਜਾਵੇਗਾ। ਸਰਕਾਰ ਨੇ ਬਾਅਦ ਪਿੱਛੇ ਹਟ ਜਾਣੈ, ਸਾਡੀ ਫ਼ਸਲ ਰੁਲ ਜਾਣੀ ਹੈ, ਸਾਨੂੰ ਕਿਸੇ ਨੇ ਪੁਛਣਾ ਨਹੀਂ, ਇਹੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਪ੍ਰਧਾਨ ਮੰਤਰੀ ਸਪੱਸ਼ਟ ਕਰ ਚੁੱਕੇ ਹਨ ਕਿ ਐਮ.ਐਸ.ਪੀ. ਪਹਿਲਾਂ ਵੀ ਚੱਲਦੀ ਰਹੀ ਹੈ ਅਤੇ ਅੱਗੇ ਵੀ ਚਲਦੀ ਰਹੇਗੀ। ਇਸ ਬਾਰੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਭਰੋਸਾ ਦੇ ਚੁੱਕੇ ਹਨ। ਐਮ.ਐਸ.ਪੀ. ਸਬੰਧੀ ਪਹਿਲਾਂ ਵੀ ਕੋਈ ਕਾਨੂੰਨ ਨਹੀਂ ਹੈ, ਇਹ ਪ੍ਰਥਾ ਜ਼ੁਬਾਨੀ ਵਾਅਦੇ ਮੁਤਾਬਕ ਚੱਲ ਰਹੀ ਹੈ ਜੋ ਅੱਗੇ ਵੀ ਜਾਰੀ ਰਹੇਗੀ।

Som PrakashSom Prakash

ਸਵਾਲ : ਇਸੇ ਗੱਲ ਦਾ ਤਾਂ ਤੋਖਲਾ ਹੈ ਕਿ ਕਾਨੂੰਨ ਨਹੀਂ ਹੈ। ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਰਹੀ ਹੈ ਕਿ ਐਮ.ਐਸ.ਪੀ. ਸਿਆਸਤਦਾਨਾਂ ਦੀ ਨੀਅਤ 'ਤੇ ਨਿਰਭਰ ਹੈ ਅਤੇ ਇਸ ਸਬੰਧੀ ਕੋਈ ਕਾਨੂੰਨ ਨਹੀਂ ਹੈ। ਅੱਗੇ ਜੇਕਰ ਸਿਆਸਤਦਾਨ ਦੀ ਨੀਅਤ ਬਦਲ ਜਾਂਦੀ ਹੈ ਤਾਂ ਕਿਸਾਨ ਕਿਸ ਕੋਲ ਜਾਵੇਗਾ?
ਜਵਾਬ :
ਵੇਖੋ, ਜਦੋਂ ਤੋਂ ਹਰੀ ਕ੍ਰਾਂਤੀ ਦੀ ਲਹਿਰ ਚੱਲੀ ਹੈ, ਉਦੋਂ ਤੋਂ ਘੱਟੋ ਘੱਟ ਸਮਰਥਨ ਮੁੱਲ ਵੀ ਨਾਲੋਂ ਨਾਲ ਚੱਲਦਾ ਆ ਰਿਹਾ ਹੈ। ਅੱਜ ਇੰਨੇ ਸਾਲਾਂ ਬਾਅਦ ਵੀ ਇਹ ਚੱਲ ਰਿਹਾ ਹੈ। ਬਲਕਿ ਹੁਣ ਤਾਂ ਇਸ ਨੂੰ ਸਵਾਮੀਨਾਥਨ ਦੀ ਰਿਪੋਰਟ ਨਾਲ ਵੀ ਜੋੜ ਦਿਤਾ ਗਿਆ ਹੈ। ਕੋਈ ਵੀ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਖ਼ਤਮ ਕਰਨ ਦਾ ਕਦਮ ਨਹੀਂ ਚੁਕ ਸਕਦੀ। ਇਸ ਤੋਂ ਬਾਅਦ ਲੋਕਾਂ 'ਚ ਪੈਦਾ ਹੋਣ ਵਾਲਾ ਰੋਹ ਝੱਲਣਾ ਕੋਈ ਸੌਖਾ ਹੋਵੇਗਾ। ਘੱਟੋ ਘੱਟ ਸਮਰਥਨ ਮੁੱਲ ਜਾਰੀ ਹੈ ਅਤੇ ਜਾਰੀ ਰਹੇਗਾ, ਇਹ ਸਰਕਾਰਾਂ ਦੀ ਮਜ਼ਬੂਰੀ ਵੀ ਹੈ। ਜਿਹੜਾ ਵੀ ਘੱਟੋ ਘੱਟ ਸਮਰਥਨ ਮੁੱਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗਾ, ਕਿਸਾਨ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ। ਮੈਂ ਖੁਦ ਕਹਿੰਦਾ ਕਿ ਜੇਕਰ ਕਦੇ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਹੋਇਆ ਤਾਂ ਮੈਂ ਕਿਸਾਨਾਂ ਨਾਲ ਧਰਨਾ ਮਾਰ ਕੇ ਬੈਠ ਜਾਵਾਂਗਾ।
ਸਵਾਲ : ਐਫ.ਸੀ.ਆਈ. ਬਾਰੇ ਇਕ ਰਿਪੋਰਟ ਆਈ ਸੀ...
ਜਵਾਬ :
ਉਸ ਰਿਪੋਰਟ ਦੀ ਗੱਲ ਵੱਖਰੀ ਹੈ..
ਸਵਾਲ : ਕਿ ਐਫ.ਸੀ.ਆਈ. ਨੂੰ ਹੋਲੀ ਹੋਲੀ ਖ਼ਤਮ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ?
ਜਵਾਬ :
ਕੋਈ ਨਹੀਂ ਕੀਤੀ ਜਾ ਰਹੀ। ਐਮ.ਐਸ.ਪੀ. ਜਾਰੀ ਰਹੇਗੀ, ਜੇਕਰ ਸਰਕਾਰੀ ਖ਼ਰੀਦ ਸਰਕਾਰ ਨਹੀਂ ਕਰੇਗੀ ਤਾਂ ਇਹ ਸਰਕਾਰ ਦੀ ਨਲਾਇਕੀ ਹੋਵੇਗੀ ਅਤੇ ਲੋਕਾਂ ਨੂੰ ਸਰਕਾਰ ਨੂੰ ਲਾਭੇ ਕਰਨ ਦਾ ਹੱਕ ਹੋਵੇਗਾ।
ਸਵਾਲ : ਅੱਜ ਜਿਹੜਾ ਵੀ ਰੋਸ ਨਿਕਲ ਕੇ ਸਾਹਮਣੇ ਆ ਰਿਹੈ, ਉਹ ਪੰਜਾਬ ਵਿਚੋਂ ਨਿਕਲ ਰਿਹੈ। ਪੰਜਾਬ ਦੇ ਮੰਨ 'ਚ ਇਕ ਸਵਾਲ ਹੈ, ਇਕ ਡਰ ਹੈ ਕਿ ਭਾਜਪਾ ਪੰਜਾਬ ਵਿਰੋਧੀ ਹੈ, ਭਾਜਪਾ ਨੇ ਜੰਮੂ ਕਸ਼ਮੀਰ 'ਚ ਪੰਜਾਬੀ ਨੂੰ ਲਾਂਭੇ ਕਰ ਦਿਤੈ, ਪੰਜਾਬ 'ਚ ਉਦਯੋਗ ਦੀ ਹਾਲਤ ਵੀ ਤੁਸੀਂ ਵੇਖੀ ਹੀ ਹੈ। ਪੰਜਾਬ ਦੇ ਉਦਯੋਗ ਹਿਮਾਚਲ ਪ੍ਰਦੇਸ਼ 'ਚ ਭੱਦੀ ਵਰਗੇ ਇਲਾਕਿਆਂ 'ਚ ਜਾ ਰਹੇ ਹਨ। ਕਿਉਂਕਿ ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ 'ਚ ਰਿਆਇਤਾਂ ਦਿਤੀਆਂ ਹੋਈਆਂ ਹਨ ਜਿਸ ਦਾ ਅਸਰ ਪੰਜਾਬ ਦੇ ਉਦਯੋਗਾਂ 'ਤੇ ਪੈ ਰਿਹੈ। ਪੰਜਾਬੀਆਂ ਨੂੰ ਖ਼ਦਸ਼ਾ ਹੈ ਕਿ ਭਾਜਪਾ ਵੀ ਇੰਦਰਾ ਗਾਂਧੀ ਦੀਆਂ ਪੰਜਾਬ ਨਾਲ ਵਿਤਕਰੇ ਵਾਲੀਆਂ ਨੀਤੀਆਂ ਨੂੰ ਦੂਜੇ ਤਰੀਕੇ ਨਾਲ ਲਾਗੂ ਕਰਨ ਜਾ ਰਹੀ ਹੈ?
ਜਵਾਬ :
ਪਹਿਲਾਂ ਆਪਾਂ ਕਿਸਾਨਾਂ ਵਾਲੀ ਵੱਲ ਨੂੰ ਸਪੱਸ਼ਟ ਕਰ ਲਈਏ...।
ਸਵਾਲ : ਗੁੱਸਾਂ ਤਾਂ ਇਨ੍ਹਾਂ ਮਸਲਿਆਂ ਬਾਰੇ ਵੀ ਨਿਕਲ ਕੇ ਸਾਹਮਣੇ ਆ ਰਿਹੈ...?
ਜਵਾਬ :
ਅੱਜ ਐਮ.ਐਸ.ਪੀ. ਅਤੇ ਮੰਡੀ ਖ਼ਤਮ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ। ਜਦਕਿ ਕੇਂਦਰ ਸਰਕਾਰ ਨੇ ਕਿਸਾਨ ਨੂੰ ਇਕ ਨਵਾਂ ਬਦਲ ਦਿਤਾ ਹੈ। ਕਿਸਾਨ ਨਾਲ ਕੋਈ ਧੱਕਾ ਨਹੀਂ ਕਰੇਗਾ, ਕਿਸਾਨ ਦੀ ਮਰਜ਼ੀ ਹੋਵੇਗੀ, ਉਹ ਅਪਣੀ ਫ਼ਸਲ ਮੰਡੀ 'ਚ ਲੈ ਜਾਵੇਗਾ, ਮਰਜ਼ੀ ਹੋਵੇਗੀ ਉਹ ਬਾਹਰ ਵੇਚ ਲਵੇਗਾ। ਦੂਜਾ ਜਿਹੜਾ ਅੰਬਾਡੀਆਂ ਤੇ ਅਡਾਨੀਆਂ ਦੇ ਆਉਣ ਅਤੇ ਉਨ੍ਹਾਂ ਦੇ ਜ਼ਮੀਨਾਂ ਹੜੱਪਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਜੇਕਰ ਉਨ੍ਹਾਂ ਕੋਲ ਜਾਣ ਦਾ ਕਿਸੇ ਨੂੰ ਡਰ ਹੋਵੇਗਾ ਤਾਂ ਉਨ੍ਹਾਂ ਕੋਲ ਜਾਵੇਗਾ ਹੀ ਕਿਉਂ, ਇਹ ਤਾਂ ਸਰਕਾਰ ਨੇ ਤੁਹਾਨੂੰ ਇਕ ਵੱਖਰਾ ਬਦਲ ਦਿਤਾ ਹੈ। ਜੇਕਰ ਕਿਸੇ ਦਾ ਦਿਲ ਕਰਦਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰੇ, ਨਹੀਂ ਕਰਦਾ ਤਾਂ ਨਾ ਕਰੇ। ਦੂਜੀ ਗੱਲ, ਇਹ ਸੰਪਰਕ ਵੀ ਜ਼ਮੀਨ ਲਈ ਨਹੀਂ ਹੋਵੇਗਾ, ਉਹ ਨਾ ਤਾਂ ਜ਼ਮੀਨ ਨੂੰ ਲੀਜ਼ 'ਤੇ ਲੈ ਸਕਦੈ ਤੇ ਨਾ ਹੀ ਲੋਨ ਲਿਆ ਜਾ ਸਕਦੈ। ਸਿਰਫ਼ ਫ਼ਸਲ ਦਾ ਕਟਰੈਕਟ ਹੋਵੇਗਾ, ਫ਼ਸਲ ਦੇ ਭਾਅ ਦਾ ਕਟਰੈਕਟ ਹੋਵੇਗਾ, ਕੀਮਤ ਵੀ ਪਹਿਲਾ ਤੈਅ ਹੋਵੇਗੀ। ਕਣਕ ਦਾ ਜੇਕਰ 1900 ਰੁਪਏ ਭਾਅ ਤੈਅ ਹੋਵੇਗਾ ਤਾਂ ਉਹ ਇਸ ਤੋਂ ਘੱਟ ਨਹੀਂ ਖਰੀਦ ਸਕੇਗਾ।

Som PrakashSom Prakash

ਸਵਾਲ : ਤੈਅ ਐਮ.ਐਸ.ਪੀ. ਤਾਂ ਅੱਜ ਵੀ ਨਹੀਂ ਮਿਲ ਰਹੀ। ਜੇਕਰ ਪੰਜਾਬ ਅਤੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. ਕਿਸਾਨਾਂ ਨੂੰ ਨਹੀਂ ਮਿਲ ਰਹੀ?
ਜਵਾਬ :
ਕਣਕ ਤੇ ਝੋਨੇ 'ਤੇ ਤਾਂ ਮਿਲ ਰਹੀ ਹੈ।
ਸਵਾਲ : ਪਰ ਕਿਸਾਨ ਦੀ ਤਾਂ ਇਕ ਛੋਟੀ ਜਿਹੀ ਮੰਗ ਸੀ ਕਿ ਐਮ.ਐਸ.ਪੀ. ਸਬੰਧੀ ਕਾਨੂੰਨ ਬਣਾ ਦਿਤਾ ਜਾਵੇ ਕਿ ਐਮ.ਐਸ.ਪੀ. ਤੋਂ ਥੱਲੇ ਕੋਈ ਜਿਣਸ ਦੀ ਖ਼ਰੀਦ ਨਹੀਂ ਕਰ ਸਕੇਗਾ। ਜੇਕਰ ਇਹ ਗੱਲ ਅਮੈਡਮੈਂਟ ਕਰ ਕੇ ਕਾਨੂੰਨ 'ਚ ਪਾ ਦਿਤੀ ਜਾਂਦੀ ਤਾਂ...?
ਜਵਾਬ :
ਇਹ ਗੱਲ ਕਾਨੂੰਨ 'ਚ ਹੈ ਹੀ ਨਹੀਂ, ਅਮੈਡਮੈਂਟ ਤਾਂ ਕੀਤੀ ਜਾ ਸਕਦੀ ਸੀ ਜੇਕਰ ਇਹ ਪਹਿਲਾਂ ਕਿਸੇ ਕਾਨੂੰਨ 'ਚ ਹੁੰਦੀ।
ਸਵਾਲ : ਵੇਖੋ, ਕਿਸਾਨ ਸਾਡਾ ਅੰਨਦਾਤਾ ਹੈ, ਜੇਕਰ ਉਹ ਸਾਡੀ ਥਾਲੀ 'ਚ ਨਹੀਂ ਪਾਵੇਗਾ ਤਾਂ ਅਸੀਂ ਕਿੱਥੋਂ ਖਾਵਾਂਗੇ, ਇਸ ਲਈ ਕਿਸਾਨ ਦੀ ਗੱਲ ਤਾਂ ਸੁਣਨੀ ਹੀ ਪਵੇਗੀ?
ਜਵਾਬ :
ਵੇਖੋ, ਕਿਸਾਨ ਨਾਲ ਸਰਕਾਰ ਦੀ ਕੁਮੈਟਮੈਂਟ ਹੈ, ਸਰਕਾਰ ਨੇ ਪਾਰਲੀਮੈਂਟ 'ਚ ਕਹਿ ਦਿਤੈ, ਪ੍ਰਧਾਨ ਮੰਤਰੀ ਨੇ ਵੀ ਕਹਿ ਦਿਤੈ ਕਿ ਐਮ.ਐਸ.ਪੀ. ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਸਵਾਲ : ਜਿਹੜੀ ਸਰਕਾਰ ਤੇ ਕਿਸਾਨਾਂ ਵਿਚਾਲੇ ਵਿਸ਼ਵਾਸ ਦੀ ਘਾਟ ਹੈ, ਜਿਵੇਂ ਪੰਜਾਬੀ ਭਾਸ਼ਾ ਹੋਵੇ ਜਾਂ ਹੋਰ...
ਜਵਾਬ
: ਵੇਖੋ, ਜਿਹੜਾ ਜੰਮੂ ਕਸ਼ਮੀਰ 'ਚੋਂ ਪੰਜਾਬੀ ਨੂੰ ਬਾਹਰ ਕਰਨ ਦੀ ਗੱਲ ਕੀਤੀ ਜਾਂਦੀ ਹੈ, ਮੈਂ ਵੀ ਪੰਜਾਬੀ ਬੋਲਦਾ ਹਾਂ, ਸਾਰੇ ਪੰਜਾਬੀ ਬੋਲਦੇ ਹਨ, ਇਹ ਕਿਸੇ ਸਿੱਖ ਦੀ ਭਾਸ਼ਾ ਨਹੀਂ ਹੈ, ਇਹ ਸਰਦਾਰ ਦੀ ਭਾਸ਼ਾ ਨਹੀਂ ਹੈ, ਇਹ ਪੰਜਾਬੀਆਂ ਦੀ ਭਾਸ਼ਾ ਹੈ, ਸਭ ਤੋਂ ਵਧੀਆ ਪੰਜਾਬੀ ਪਾਕਿਸਤਾਨ 'ਚ ਬੋਲੀ ਜਾਂਦੀ ਹੈ। ਇਕ ਦਿਨ ਟੀਵੀ 'ਤੇ ਕੋਈ ਬੋਲ ਰਿਹਾ ਸੀ ਕਿ ਸਰਦਾਰਾਂ ਨਾਲ ਧੱਕਾ ਹੋ ਰਿਹੈ, ਜੰਮੂ ਕਸ਼ਮੀਰ 'ਚੋਂ ਪੰਜਾਬੀ ਬਾਹਰ ਕਰ ਦਿਤੀ ਹੈ। ਅਜਿਹੀਆਂ ਗੱਲਾਂ ਕਰਨਾ ਠੀਕ ਨਹੀਂ ਹੈ। ਮੈਂ 1971 'ਚ ਐਮ.ਏ. ਕੀਤੀ, ਉਸ ਵੇਲੇ ਵੀ ਪੰਜਾਬੀ ਦੀ ਬੜੀ ਗੱਲ ਕੀਤੀ ਜਾਂਦੀ ਸੀ। ਮੈਂ ਫ਼ੈਸਲਾ ਕੀਤਾ ਕਿ ਮੈਂ ਅਪਣੇ ਦਸਤਖ਼ਤ ਪੰਜਾਬੀ 'ਚ ਕਰਨੇ ਹਨ, ਮੈਂ ਡੀ.ਸੀ. ਵੀ ਰਿਹਾਂ, ਮੈਂ ਅਪਣੇ ਦਸਤਖ਼ਤ ਪੰਜਾਬੀ 'ਚ ਹੀ ਕਰਦਾ ਰਿਹਾ ਹਾਂ। ਮੈਂ ਅੱਜ ਵੀ ਅਪਣੇ ਦਸਤਖ਼ਤ ਪੰਜਾਬੀ 'ਚ ਕਰਦਾ ਹਾਂ, ਕਿਉਂਕਿ ਮੈਨੂੰ ਪੰਜਾਬੀ ਨਾਲ ਪਿਆਰ ਹੈ। ਜੰਮੂ ਕਸ਼ਮੀਰ 'ਚ ਪੰਜਾਬੀ ਲਈ ਅਸੀਂ ਲੜਾਈ ਲੜੀ ਹੈ, ਅੱਜ ਸਾਰੇ ਕਹਿੰਦੇ ਹਨ ਕਿ ਉਥੇ ਪੰਜਾਬੀ ਸਰਕਾਰੀ ਭਾਸ਼ਾ ਹੋਣੀ ਚਾਹੀਦੀ ਹੈ, ਪਰ ਸਵਾਲ ਪੈਦਾ ਹੁੰਦੈ ਕਿ ਪੰਜਾਬੀ ਭਾਸ਼ਾ ਪੰਜਾਬ ਤੋਂ ਬਿਨਾਂ ਕਿਤੇ ਹੋਰ ਸਰਕਾਰੀ ਭਾਸ਼ਾ ਹੈ? ਤੁਸੀਂ ਹਿਮਾਚਲ 'ਚ ਨਹੀਂ ਬਣਾ ਸਕੇ, ਹਰਿਆਣਾ 'ਚ ਨਹੀਂ ਬਣਾ ਸਕੇ, ਦਿੱਲੀ 'ਚ ਇੰਨੇ ਲੋਕ ਪੰਜਾਬੀ ਬੋਲਦੇ ਹਨ ਪਰ ਉਥੇ ਪੰਜਾਬੀ ਸਰਕਾਰੀ ਭਾਸ਼ਾ ਨਹੀਂ ਹੈ। ਅਸੀਂ ਤਾਂ ਸਗੋਂ ਪੰਜਾਬੀ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਸੈਕਸ਼ਨ-4 'ਚ ਇਹ ਗੱਲ ਸਪੈਸ਼ਲ ਜੋੜੀ ਗਈ ਹੈ ਕਿ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਜੇਕਰ ਸਰਕਾਰੀ ਭਾਸ਼ਾ ਹੋ ਜਾਂਦੀ ਤਾਂ ਵੀ ਠੀਕ ਸੀ ਪਰ ਅਸੀਂ ਫਿਰ ਵੀ ਪੰਜਾਬੀ ਲਈ ਕੁੱਝ ਨਾ ਕੁੱਝ ਕਰ ਸਕੇ ਹਾਂ। ਅਸੀਂ ਪੰਜਾਬੀ ਅਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਰਹਾਂਗੇ।

Som PrakashSom Prakash

ਸਵਾਲ : ਤੁਹਾਡੇ ਨਾਲ ਹੋਣ ਦੌਰਾਨ ਅਕਾਲੀ ਦਲ ਨੇ ਪੰਜਾਬ ਅਤੇ ਪੰਜਾਬੀ ਦੀ ਗੱਲ ਨਹੀਂ ਚੁਕੀ। ਅੱਜ ਅਕਾਲੀ ਦਲ ਵਾਲੇ ਕਹਿੰਦੇ ਹਨ ਕਿ ਸਾਨੂੰ ਗਠਜੋੜ ਦੌਰਾਨ ਬਣਦਾ ਸਤਿਕਾਰ ਨਹੀਂ ਦਿਤਾ ਗਿਆ। ਕੀ ਇਹ ਗੱਲਾਂ ਅੰਦਰ ਬੈਠ ਕੇ ਨਹੀਂ ਸੀ ਹੁੰਦੀਆਂ?
ਜਵਾਬ :
ਕਾਹਦਾ ਸਤਿਕਾਰ?
ਸਵਾਲ : ਜਿਵੇਂ ਭਾਸ਼ਾ ਆਦਿ ਬਾਰੇ, ਉਨ੍ਹਾਂ ਨੂੰ ਇਸ ਸਬੰਧੀ ਪਾਰਲੀਮੈਂਟ 'ਚ ਵੀ ਬੋਲਣਾ ਪਿਆ, ਜਦੋਂ ਅੰਦਰ ਬੈਠ ਕੇ ਇਹ ਫ਼ੈਸਲੇ ਹੁੰਦੇ ਹਨ, ਕੀ ਅਕਾਲੀ ਦਲ ਨੂੰ ਉਸ ਵੇਲੇ ਨਹੀਂ ਪੁਛਿਆ ਗਿਆ। ਅਕਾਲੀ ਦਲ ਜੋ ਕਿ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਹੈ, ਕੀ ਉਨ੍ਹਾਂ ਨੂੰ ਕਿਸਾਨਾਂ ਜਾਂ ਭਾਸ਼ਾ ਦੇ ਮੁੱਦੇ 'ਤੇ ਪੁਛਿਆ ਨਹੀਂ ਗਿਆ?
ਜਵਾਬ :
ਵੇਖੋ, ਕੈਬਨਿਟ ਮੰਤਰੀ ਕੋਲ ਹਰ ਬਿੱਲ ਦਾ ਏਜੰਡਾ ਭੇਜਿਆ ਜਾਂਦਾ ਹੈ। ਇਹ ਇਨ੍ਹਾਂ ਨੂੰ ਭੇਜਿਆ ਜਾਂਦਾ ਰਿਹਾ ਹੈ ਅਤੇ ਐਕਟ ਬਣਨ ਸਮੇਂ ਇਹ ਬਕਾਇਦਾ ਸਹਿਮਤੀ ਵੀ ਦਿੰਦੇ ਰਹੇ ਹਨ। ਆਰਡੀਨੈਂਸ ਜਾਰੀ ਹੋਣ ਜਾਂ ਬਿੱਲ ਪਾਸ ਹੋਣ ਵੇਲੇ ਉਹ ਸਹਿਮਤੀ ਦਿੰਦੇ ਰਹੇ ਹਨ। ਇਸ ਸਬੰਧੀ ਉਹ ਵਾਰ ਵਾਰ ਟੀਵੀ 'ਤੇ ਵੀ ਕਹਿ ਚੁੱਕੇ ਹਨ। ਉਦੋਂ ਕਹਿੰਦੇ ਸੀ, ਇਹ ਬਹੁਤ ਵਧੀਆ ਬਿੱਲ ਹੈ, ਕਿਸਾਨਾਂ ਲਈ ਫ਼ਾਇੰਦੇਮੰਦ ਹੈ। ਸੁਖਬੀਰ ਬਾਦਲ ਜੋ ਅਮਰੀਕਾ ਦਾ ਪੜ੍ਹਿਆ ਹੋਇਆ ਹੈ, ਉਹ ਕਿਵੇਂ ਕਹਿ ਸਕਦੈ ਕਿ ਉਸ ਨੂੰ ਪਤਾ ਨਹੀਂ ਲੱਗਿਆ ਤੇ ਬਾਅਦ 'ਚ ਪਤਾ ਚੱਲਿਆ ਹੈ ਕਿ ਇਹ ਗ਼ਲਤ ਹੈ।
ਸਵਾਲ : ਤੁਹਾਡੇ ਪ੍ਰਕਾਸ਼ ਸਿੰਘ ਬਾਦਲ ਨਾਲ ਲੰਮੇ ਨਿੱਜੀ ਸਬੰਧ ਰਹੇ ਹਨ। ਕੀ ਤੁਹਾਡਾ ਅੱਜਕੱਲ੍ਹ ਉਨ੍ਹਾਂ ਨਾਲ ਕੋਈ ਸੰਪਰਕ ਹੁੰਦਾ ਹੈ ਕਿ ਉਹ ਅੱਜ ਇਸ ਕਾਨੂੰਨ ਦੇ ਨਾਲ ਖੜ੍ਹੇ ਹਨ ਜਾਂ ਖਿਲਾਫ਼ ਹਨ?
ਜਵਾਬ :
ਮੈਨੂੰ ਲੱਗਦੈ, ਉਨ੍ਹਾਂ ਨੇ ਕਾਨੂੰਨ ਦੀ ਕਦੇ ਵੀ ਵਿਰੋਧਤਾ ਨਹੀਂ ਕੀਤੀ। ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਕਿਸਾਨ ਇਸ ਤੋਂ ਖ਼ੁਸ਼ ਨਹੀਂ ਹੈ।
ਸਵਾਲ : ਅੱਜ ਦੇ ਅਧੁਨਿਕ ਯੁੱਗ 'ਚ ਛੋਟੇ ਬੱਚਿਆਂ ਨੂੰ ਵੀ ਉਨ੍ਹਾਂ ਦੀ ਪਸੰਦ ਤੇ ਨਾ ਪਸੰਦ ਪੁਛਣੀ ਪੈਂਦੀ ਹੈ। ਮੇਰਾ 13 ਸਾਲ ਦਾ ਬੱਚਾ ਹੈ ਜਿਸ ਦੀ ਪਸੰਦ ਤੇ ਨਾਪਸੰਦ ਸਬੰਧੀ ਉਸ ਨੂੰ ਸਮਝਾਉਣਾ ਪੈਂਦਾ ਹੈ। ਪਰ ਇਹ ਤਾਂ ਕਿਸਾਨ ਹੈ, ਤੁਸੀਂ ਇਸ ਨੂੰ ਨਾਲ ਲਏ ਬਿਨਾਂ ਇਹ ਫ਼ੈਸਲਾ ਕਿਸ ਤਰ੍ਹਾਂ ਕਰ ਲਿਆ?
ਜਵਾਬ : ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ, ਪਰ ਇਹ ਗੱਲ ਸਾਡੇ ਚੋਣ ਮਨੋਰਥ ਪੱਤਰ 'ਚ ਵੀ ਦਰਜ ਸੀ, ਇਹ ਕਾਂਗਰਸ ਦੇ ਚੋਣ ਮੈਨੀਫ਼ੈਸਟੋ 'ਚ ਵੀ ਸੀ। ਸ. ਮਨਮੋਹਨ ਸਿੰਘ ਵੀ ਇਸ ਦੀ ਵਕਾਲਤ ਕਰਦੇ ਰਹੇ ਹਨ। ਖੇਤੀ ਮਾਹਿਰ ਸਰਦਾਰਾ ਸਿੰਘ ਜੋਹਲ ਵੀ ਇਸ ਦੇ ਹੱਕ 'ਚ ਬੋਲ ਚੁੱਕੇ ਹਨ। ਸੋ ਸਾਨੂੰ ਤਾਂ ਇਹ ਲੱਗਦਾ ਸੀ ਕਿ ਸਾਰੇ ਲੋਕੀ ਇਸਦਾ ਸਵਾਗਤ ਕਰਨਗੇ, ਸਾਰੀਆਂ ਪਾਰਟੀਆਂ ਇਸ ਨੂੰ ਵੈਲਕਮ ਕਰਨਗੀਆਂ, ਪਰ ਪ੍ਰਸਥਿਤੀਆਂ ਹੀ ਇਸ ਤਰ੍ਹਾਂ ਦੀਆਂ ਬਣ ਗਈਆਂ ਹਨ।
ਸਵਾਲ : ਪਰ ਜਿਸ ਉਬਾਲ 'ਚ ਅਸੀਂ ਜਾ ਰਹੇ ਹਾਂ, ਉਹ ਕਿਸੇ ਲਈ ਵੀ ਚੰਗਾ ਨਹੀਂ ਹੈ। ਪੰਜਾਬ ਦੇਸ਼ ਦੀ ਧੜਕਣ ਹੈ, ਜੇਕਰ ਹਾਲਾਤ ਵਿਗੜਦੇ ਹਨ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੋਵੇਗਾ?
ਜਵਾਬ :
ਵੇਖੋ, ਜੋ ਵੀ ਹੋ ਰਿਹੈ, ਇਸ 'ਚ ਸਰਕਾਰ ਦੀ ਜ਼ਿੰਮੇਵਾਰੀ ਹੈ, ਯੂਨੀਅਨਾਂ ਦਾ ਵੀ ਫ਼ਰਜ਼ ਬਣਦੈ ਕਿ ਅਸੀਂ ਮਾਹੌਲ ਨੂੰ ਠੀਕ ਰੱਖੀਏ। ਇਸ ਸਮੱਸਿਆ ਦਾ ਹੱਲ ਕੱਢੀਏ, ਹੱਲ ਤਾਂ ਮੇਜ਼ 'ਤੇ ਹੀ ਬੈਠ ਕੇ ਹੋਣੈ, ਜਿੰਨੀ ਛੇਤੀ ਗੱਲਬਾਤ ਸ਼ੁਰੂ ਹੋਵੇਗੀ, ਉਨਾ ਹੀ ਚੰਗਾ ਹੈ। ਕਿਸਾਨ ਅਪਣਾ ਪੱਖ ਰੱਖਣਗੇ, ਸਰਕਾਰ ਅਪਣਾ ਪੱਖ ਰੱਖੇਗੀ, ਕਿਸਾਨਾਂ ਦੇ ਹਿਤ 'ਚ ਕਿਹੜੀ ਗੱਲ ਹੈ, ਉਹ ਦੱਸੀ ਜਾਵੇਗੀ, ਕਿਸਾਨ ਦੇ ਕਿਹੜੀ ਉਲਟ ਗੱਲ ਹੈ, ਉਹ ਸਰਕਾਰ ਨੂੰ ਦੱਸੀ ਜਾਵੇਗੀ।
ਸਵਾਲ : ਪਰ ਕਿਸਾਨ ਦਿੱਲੀ ਜਾਣ ਨੂੰ ਤਿਆਰ ਨਹੀਂ ਹਨ...?
ਜਵਾਬ :
ਨਹੀਂ, ਅਜਿਹਾ ਨਹੀਂ ਹੈ, ਕਿਸਾਨਾਂ ਨੇ ਸਿਰਫ਼ ਇਹੀ ਕਿਹਾ ਹੈ ਕਿ ਉਹ ਖੇਤੀਬਾੜੀ ਦੇ ਸਕੱਤਰ ਨਾਲ ਗੱਲ ਨਹੀਂ ਕਰਨਗੇ। ਉਹ ਵੱਡੇ ਪੱਧਰ 'ਤੇ ਗੱਲ ਕਰਨੀ ਚਾਹੁੰਦੇ ਹਨ। ਕਿਸਾਨਾਂ ਨੇ ਗੱਲਬਾਤ ਤੋਂ ਮਨ੍ਹਾਂ ਨਹੀਂ ਕੀਤਾ। ਅਸੀਂ ਵੀ ਦਿੱਲੀ ਵਾਲਿਆਂ ਨੂੰ ਕਹਿੰਦੇ ਹਾਂ ਗੱਲ ਕਰਨ। ਮੇਰਾ ਖਿਆਲ ਹੈ, ਗੱਲਬਾਤ ਛੇਤੀ ਹੀ ਹੋ ਜਾਵੇਗੀ। ਜਿਵੇਂ ਰੇਲਾਂ ਬਗੈਰਾ ਬੰਦ ਹੋਈਆਂ ਪਈਆਂ ਹਨ, ਇਹ ਚੰਗੀ ਗੱਲ ਨਹੀਂ ਹੈ, ਇਸ 'ਚ ਜਿੱਤ ਹਾਰ ਕਿਸੇ ਦੀ ਵੀ ਨਹੀਂ, ਸਿਰਫ਼ ਪੰਜਾਬ ਤੇ ਦੇਸ਼ ਦਾ ਹੀ ਨੁਕਸਾਨ ਹੈ। ਮੈਂ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ। ਮੇਰਾ ਫ਼ਰਜ ਬਣਦੈ ਕਿ ਮੈਂ ਕਿਸਾਨ ਯੂਨੀਅਨਾਂ ਕੋਲ ਵੀ ਜਾਵਾਂ ਅਤੇ ਸਰਕਾਰ ਨਾਲ ਵੀ ਗੱਲ ਕਰ ਕੇ ਗੱਲਬਾਤ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਾਂ।

Som PrakashSom Prakash

ਸਵਾਲ : ਸਰ ਸਿਆਸਤ 'ਤੇ ਆਖ਼ਰੀ ਸਵਾਲ ਪੁਛਦੇ ਹਾਂ, ਹੁਣ ਭਾਜਪਾ ਭਾਈਵਾਲਾਂ ਤੋਂ ਅਲੱਗ ਹੋ ਗਈ ਹੈ, ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਵੀ ਸਿਰਫ਼ ਅਕਾਲੀ ਦਲ ਨਾਲ ਸੀ, ਕੀ ਅਸੀਂ ਕਹਿ ਸਕਦੇ ਹਾਂ ਕਿ ਭਾਜਪਾ ਖੁਦ ਨੂੰ ਪੰਜਾਬ 'ਚ ਤਾਕਤਵਰ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਨਾਲ ਲੈ ਕੇ ਆਵੇਗੀ?
ਜਵਾਬ :
ਵੇਖੋ ਤਾਕਤਵਰ ਤਾਂ ਭਾਜਪਾ ਨੇ ਹੋਣਾ ਹੈ, ਇਹ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੈ। ੍ਵ10 ਕਰੋੜ ਇਸ ਦੇ ਮੈਂਬਰ ਹਨ, ਇਹ ਬੜੀ ਤਕੜੀ ਪਾਰਟੀ ਹੈ, ਜੇਕਰ ਨਵਜੋਤ ਸਿੰਘ ਸਿੱਧੂ ਆ ਜਾਂਦੇ ਹਨ ਤਾਂ ਹੋਰ ਗੱਲ ਹੈ, ਲੇਕਿਨ ਪਾਰਟੀ ਅਪਣੇ ਆਪ 'ਚ ਸਮਰੱਥ ਹੈ। ਬਾਕੀ ਨਵਜੋਤ ਸਿੰਘ ਸਿੱਧੂ ਨੇ ਕਿਧਰ ਜਾਣੈ? ਇਹ ਦਾ ਫ਼ੈਸਲਾ ਤਾਂ ਉਨ੍ਹਾਂ ਨੇ ਖੁਦ ਕਰਨਾ ਹੈ।
ਸਵਾਲ : ਪਿਛਲੇ ਦਿਨਾਂ ਦੌਰਾਨ ਕਿਸੇ ਭਾਜਪਾ ਆਗੂ ਵਲੋਂ ਕਿਹਾ ਗਿਆ ਹੈ ਕਿ ਘਰ ਵਾਪਸ ਆ ਜਾਓ?
ਜਵਾਬ :
ਘਰ ਪਤਾ ਨਹੀਂ ਕਿਹੜਾ ਹੈ, ਕਿਸੇ ਪਾਰਟੀ 'ਚ ਵੀ ਜਾਂਦੇ ਹਨ, ਉਨ੍ਹਾਂ ਦੀ ਘਰ ਵਾਪਸੀ ਹੋ ਜਾਂਦੀ ਹੈ। ਜਦੋਂ ਕਾਂਗਰਸ 'ਚ ਜਾਂਦੇ ਹਨ ਤਾਂ ਘਰ ਵਾਪਸੀ, ਜਦੋਂ ਭਾਜਪਾ 'ਚ ਜਾਂਦੇ ਹਨ ਤਾਂ ਘਰ ਵਾਪਸੀ, ਕਈਆਂ ਦੇ ਘਰ ਕਿੰਨੇ ਹੁੰਦੇ ਹਨ ਕਿ ਉਹ ਹਰ ਪਾਸੇ ਵਾਪਸੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਗੱਲ ਉਹ ਨਹੀਂ ਹੈ, ਗੱਲ ਇਹ ਹੈ ਕਿ ਉਨ੍ਹਾਂ ਨੇ ਅਪਣਾ ਫ਼ੈਸਲਾ ਲੈਣਾ ਹੈ, ਮੈਂ ਕੋਈ ਆਸ਼ਵੰਦ ਨਹੀਂ ਹਾਂ, ਨਾ ਹੀ ਕੋਈ ਟਿੱਪਣੀ ਕਰਨੀ ਹੈ।
ਸਵਾਲ : ਅਕਾਲੀ ਦਲ ਨਾਲ ਤੁਹਾਡੇ ਰਿਸ਼ਤੇ ਖ਼ਰਾਬ ਹੋ ਚੁੱਕੇ ਹਨ। ਜੇਕਰ ਆਉਂਦੇ ਦਿਨਾਂ ਦੌਰਾਨ ਖੇਤੀ ਬਿੱਲ ਨੂੰ ਲੈ ਕੇ ਸਭ ਕੁੱਝ ਠੀਕ ਠਾਕ ਹੋ ਜਾਂਦੈ, ਕੀ ਤੁਹਾਨੂੰ ਲੱਗਦੈ ਅਜੇ ਵੀ ਅਕਾਲੀ ਦਲ ਨਾਲ ਭਾਈਵਾਲੀ ਵਾਪਸ ਆ ਸਕਦੀ ਹੈ?
ਜਵਾਬ :
ਵੇਖੋ, ਅੱਜ ਦੀ ਤਰੀਕ 'ਚ ਤਾਂ ਅਸੀਂ ਵੱਖਰੇ ਵੱਖਰੇ ਹਾਂ। 2022 'ਚ ਚੋਣਾਂ ਹੋਣੀਆਂ ਹਨ, ਉਸ ਵੇਲੇ ਪ੍ਰਸਥਿਤੀਆਂ ਕੀ ਬਣਦੀਆਂ ਹਨ, ਸਭ ਇਸ 'ਤੇ ਹੀ ਨਿਰਭਰ ਕਰੇਗਾ।
ਸਵਾਲ : ਸਿਆਸਤ 'ਚ ਹਰ ਚੀਜ਼ ਮੁਮਕਿਨ ਹੈ...?
ਜਵਾਬ :
ਨਹੀਂ, ਨਹੀਂ, ਸਿਆਸਤ 'ਚ ਹਰ ਚੀਜ਼ ਮੁਮਕਿਨ ਹੈ। ਕੌਣ ਕਿਹਦੇ ਨਾਲ ਹੁੰਦੈ, ਅਕਾਲੀ ਦਲ ਕਿੰਨੇ ਟੁਕੜੇ ਹੋਣੇ ਹਨ, ਢੀਂਡਸਾ ਸਾਹਿਬ ਕਿਧਰ ਟੁਰੇ ਫਿਰਦੇ ਹਨ, ਸੁਖਬੀਰ ਬਾਦਲ ਵੱਖਰੇ ਹਨ, ਕੌਣ ਤਕੜਾ, ਕੌਣ ਕਮਜ਼ੋਰ ਹੈ, ਵਿਚ ਚੋਣਾਂ ਵੀ ਆ ਗਈਆਂ ਹਨ, ਉਹਦਾ ਵੀ ਚੱਕਰ ਚੱਲਦੈ, ਸੋ ਇਹ ਸਮੇਂ 'ਤੇ ਨਿਰਭਰ ਹੈ, ਅਜੇ ਕੁੱਝ ਨਹੀਂ ਕਹਿ ਸਕਦੇ, ਅਸੀਂ ਜੋਤਸ਼ੀ ਤਾਂ ਹੈ ਨਹੀਂ ਕਿ ਪਹਿਲਾਂ ਹੀ ਪਤਾ ਲਗਾ ਲਈਏ। ਹਲਾਤ ਕੀ ਬਣਦੇ ਨੇ, ਕਿਹਦੇ ਨਾਲ ਸਾਡੀ ਸਾਂਝ ਬਣਦੀ ਹੈ, ਉਹਦੇ ਨਾਲ ਗੱਲਬਾਤ ਹੋਵੇਗੀ।
ਸਵਾਲ : ਕਈ ਵਾਰ ਇੰਝ ਲੱਗਦੈ ਕਿ ਸਿਆਸਤਦਾਨ ਇਨਸਾਨ ਘੱਟ ਲੰਗੂਰ ਵਧੇਰੇ ਹਨ, ਕਦੇ ਇਸ ਪਾਰਟੀ 'ਚ, ਕਦੇ ਉਸ ਪਾਰਟੀ 'ਚ ਜਾ ਰਹੇ ਹੁੰਦੇ ਨੇ...?
ਜਵਾਬ :
ਜਿਹੜੇ ਜਾਂਦੇ ਨੇ, ਉਨ੍ਹਾਂ ਨੂੰ ਤਾਂ ਕਹਿ ਸਕਦੇ ਹੋ...।
ਸਵਾਲ : ਜਿੱਥੇ ਇਹੋ ਜਿਹੇ ਰਿਸ਼ਤੇ ਬਣਦੇ ਨੇ, ਸਾਂਝਾ ਬਣਦੀਆਂ ਹਨ, ਕੀ ਉਹਦੇ ਨਾਲ ਸੱਚਮੁਚ ਦੇਸ਼ ਦਾ ਸੁਧਾਰ ਹੋ ਸਕਦੈ?
ਜਵਾਬ :
ਲੋਕੀ ਉਸ ਨੂੰ ਪਸੰਦ ਨਹੀਂ ਕਰਦੇ, ਜਿਹੜਾ ਛਾਲਾਂ ਮਾਰ ਕੇ ਕਦੇ ਇਧਰ ਅਤੇ ਕਦੇ ਉਧਰ ਭੱਜ ਜਾਂਦਾ ਹੈ। ਲੋਕਾਂ ਨੂੰ ਪਤਾ ਹੀ ਹੁੰਦੈ, ਇਹ ਚਾਰ ਪਾਰਟੀਆਂ ਛੱਡ ਚੁੱਕੈ ਜਾਂ ਵਧੇਰੇ। ਪਾਰਟੀਆਂ 'ਚ ਮੱਤਭੇਦ ਵੀ ਹੁੰਦੇ ਹਨ ਜਿਨ੍ਹਾਂ ਨੂੰ ਪਾਰਟੀ ਅੰਦਰ ਰਹਿ ਕੇ ਹੀ ਹੱਲ ਕਰਨਾ ਚਾਹੀਦਾ ਹੈ।

Som PrakashSom Prakash

ਸਵਾਲ : ਤੁਹਾਡਾ ਤਜਰਬਾ ਕੀ ਕਹਿੰਦੈ? ਤੁਸੀਂ ਇੰਨੇ ਸਾਲ ਸਿਆਸਤ 'ਚ ਕੱਢੇ ਹਨ, ਤੁਹਾਡਾ ਤਜਰਬਾ ਕੀ ਕਹਿੰਦੈ ਕਿ ਜੇਕਰ ਤੁਹਾਡੇ ਕੋਲ ਅਪਣੀ ਮਰਜ਼ੀ ਹੁੰਦੀ, ਤੁਸੀਂ ਅਪਣੀ ਪਾਰਟੀ ਬਣਾਉਂਦੇ, ਕੀ ਤੁਸੀਂ ਅਜਿਹੇ ਲੋਕਾਂ ਨੂੰ ਨਾਲ ਜੋੜਦੇ ਜਾਂ ਨਹੀਂ?
ਜਵਾਬ :
ਵੇਖੋ, ਆਦਰਸ਼ ਦੀਆਂ ਗੱਲਾਂ ਤਾਂ ਹਰ ਕੋਈ ਕਰਦਾ ਹੈ, ਜੇਕਰ ਸੱਚ ਅਤੇ ਇਮਾਨਦਾਰੀ ਨਾਲ ਗੱਲ ਕਰੀਏ ਤਾਂ ਇਮਾਨਦਾਰੀ ਬੜੀ ਦੂਰ ਦੀ ਗੱਲ ਹੈ, ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ, ਅੱਜ ਬੜੇ ਘੱਟ ਇਮਾਨਦਾਰ ਲੋਕ ਮਿਲਦੇ ਨੇ, ਅੱਜ ਲੋੜ ਹੈ ਅਸੀਂ ਵਿਕਾਸ ਦੀ ਰਾਜਨੀਤੀ ਕਰੀਏ, ਇਮਾਨਦਾਰੀ ਦੇ ਨੇੜੇ ਨੇੜੇ ਰਹੀਏ, ਫਿਰ ਤਾਂ ਗੱਲ ਬਣਦੀ ਹੈ, ਨਹੀਂ ਤਾਂ ਐਵੇਂ ਗੱਪਾਂ ਮਾਰ ਕੇ ਜੋ ਮਰਜ਼ੀ ਕਹੀ ਜਾਈਏ, ਕਿ ਅਸੀਂ ਇਹ ਕਰ ਦਿਤਾ, ਉਹ ਕਰ ਦਿਤਾ, ਜਦਕਿ ਲੋਕ ਤਾਂ ਸਭ ਵੇਖ ਰਹੇ  ਹੁੰਦੇ ਹਨ। ਮੈਂ ਖੁਦ ਨੂੰ ਕਹਾਂਗਾ ਕਿ ਮੈਂ ਬਹੁਤ ਸਹੀ ਹਾਂ, ਮੈਂ ਬਹੁਤ ਇਮਾਨਦਾਰ ਹਾਂ, ਪਰ ਇਮਾਨਦਾਰ ਤਾਂ ਮੈਂ ਤਾਂ ਹੋਵਾਂਗਾ ਜੇਕਰ ਮੈਨੂੰ ਲੋਕੀ ਵੀ ਇਮਾਨਦਾਰ ਕਹਿਣ। ਜੇਕਰ ਲੋਕੀਂ ਕਹਿਣ ਕਿ ਮੈਂ ਵਿਕਾਸ ਕੀਤੈ, ਉਹ ਅਸਲੀ ਵਿਕਾਸ ਹੋਵੇਗਾ। ਮੈਂ ਤਾਂ ਹਰ ਚੋਣ ਵੇਲੇ ਕਹਿੰਦਾ ਹਾਂ ਕਿ ਮੈਂ ਤਾਂ ਲੋਕਾਂ ਦੀ ਸੇਵਾ ਕੀਤੀ ਹੈ, ਜੇਕਰ ਤੁਹਾਨੂੰ ਪਸੰਦ ਹੈ ਤਾਂ ਵੋਟ ਪਾ ਦਿਓ, ਜੇਕਰ ਤੁਹਾਨੂੰ ਲੱਗਦੈ ਕਿ ਮੈਂ ਬੇਈਮਾਨ ਹਾਂ, ਕੁਰੱਪਟ ਹਾਂ, ਵੋਟ ਨਾ ਪਾਇਉ। ਇਹ ਸਭ ਮੈਂ ਬੋਲ ਕੇ ਕਹਿੰਦਾ ਰਿਹਾ ਹਾਂ।
ਸਵਾਲ : ਸਾਡੇ ਨਾ ਜੁੜਨ ਲਈ ਬਹੁਤ ਬਹੁਤ ਧੰਨਵਾਦ, ਉਮੀਦ ਕਰਦੇ ਹਾਂ, ਜਿਸ ਦੌਰ 'ਚੋਂ ਅੱਜ ਪੰਜਾਬ ਨਿਕਲ ਰਿਹਾ ਹੈ, ਉਸਦਾ ਕੋਈ ਅਜਿਹਾ ਹੱਲ ਨਿਕਲੇ, ਜਿਸ ਤੋਂ ਕਿਸਾਨ ਵੀ ਸੰਤੁਸ਼ਟ ਹੋਣ ਅਤੇ ਬਾਕੀ ਧਿਰਾਂ ਵੀ ਸਹਿਮਤ ਹੋਣ।
ਜਵਾਬ :
ਹਾਂ ਜੀ, ਇਹ ਬਹੁਤ ਜ਼ਰੂਰੀ ਹੈ, ਅਸੀਂ ਇਸ ਲਈ ਅਰਦਾਸ ਵੀ ਕਰੀਏ ਅਤੇ ਕੋਸ਼ਿਸ਼ ਵੀ ਕਰੀਏ, ਧੰਨਵਾਦ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement