
ਵਿਆਹ ਵਿਚ ਢਾਡੀ ਕਵੀਸ਼ਰੀ ਜਥੇ ਨੇ ਵਾਰਾਂ ਗਾਈਆਂ ਤੇ ਸਿੰਘਾਂ ਨੇ ਗਤਕੇ ਦੇ ਦਿਖਾਏ ਜੌਹਰ
ਅਹਿਮਦਗੜ੍ਹ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ): ਵਿਆਹਾਂ ਵਿਚ ਫ਼ਜ਼ੂਲ ਰਸਮਾਂ ਨੂੰ ਦਰੋਂ ਕਿਨਾਰੇ ਕਰਦੇ ਹੋਏ ਅੰਮ੍ਰਿਤਧਾਰੀ ਸਿੱਖ ਜੋੜੇ ਨੇ ਸਮਾਜ ਵਿਚ ਇਕ ਨਵੀਂ ਪਿਰਤ ਪਾਉਂਦੇ ਹੋਏ ਅਪਣਾ ਵਿਆਹ ਗੁਰ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾ ਕੇ ਨਵੀਂ ਮਿਸਾਲ ਕਾਇਮ ਕੀਤੀ ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
Marriage
ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡ ਕਟਾਰੀ ਵਾਸੀ ਸ. ਦਰਬਾਰਾ ਸਿੰਘ ਵਲੋਂ ਅਪਣੀ ਧੀ ਸਿਮਰਜੋਤ ਕੌਰ ਦਾ ਰਿਸ਼ਤਾ ਅੰਮ੍ਰਿਤਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਲੋਟ ਨਾਲ ਕਰ ਕੇ ਉਨ੍ਹਾਂ ਦਾ ਸ਼ੁਭ ਵਿਆਹ ਸਥਾਨਕ ਗੁਰਦਵਾਰਾ ਸਿੰਘ ਸਭਾ ਵਿਖੇ ਬੜੇ ਸਾਦੇ ਢੰਗ ਨਾਲ ਕੀਤਾ ਗਿਆ ਜਿਥੇ ਦੋਹਾਂ ਪਰਵਾਰਾਂ ਨੇ ਸਿੱਖ ਗੁਰ ਮਰਿਆਦਾ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਗੁਰੂ ਗ੍ਰੰਥ ਸਹਿਬ ਦੀ ਹਾਜ਼ਰੀ ਵਿਚ ਲੜਕੀ ਦੇ ਬਿਨਾਂ ਹਾਰ ਸ਼ਿੰਗਾਰ ਕੀਤੇ ਸਿਰ 'ਤੇ ਦੁਮਾਲਾ ਸਜਾ ਕੇ ਸਿੱਖੀ ਬਾਣਾ ਵਿਚ ਅਤੇ ਲੜਕੇ ਨੇ ਵੀ ਕੋਈ ਸਿਹਰਾ ਕਲਗ਼ੀ ਲਾਏ ਬਿਨਾਂ ਪੂਰਨ ਸਿੱਖੀ ਸਰੂਪ ਵਿਚ ਗੁਰਮਤਿ ਅਨੁਸਾਰ ਅਨੰਦ ਕਾਰਜ ਕਰਵਾਏ ਗਏ।
Marriage
ਬਿਨਾਂ ਦਾਜ ਦਹੇਜ ਅਤੇ ਫ਼ਜ਼ੂਲ ਖ਼ਰਚੀ ਦੇ ਸਾਦੇ ਢੰਗ ਨਾਲ ਹੋਏ ਇਸ ਵਿਆਹ ਵਿਚ ਨਾ ਹੀ ਕਿਸੇ ਵੀ ਪ੍ਰਕਾਰ ਦੀ ਕੋਈ ਵਾਧੂ ਮਿਲਣੀ ਕਰਵਾਈ ਗਈ ਨਾ ਹੀ ਸ਼ਗਨ ਪਵਾਏ। ਅਨੰਦ ਕਾਰਜ ਤੇ ਕੀਰਤਨ ਉਪਰੰਤ ਢਾਡੀ ਕਵੀਸ਼ਰੀ ਜਥੇ ਨੇ ਵਿਆਹ ਰੂਪ ਵਿਚ ਆਈ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਤੇ ਸਿੰਘਾਂ ਨੇ ਗਤਕੇ ਦੇ ਜੌਹਰ ਵੀ ਦਿਖਾਏ।
Marriage
ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਗੁਰਦਵਾਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ ਤੇ ਡਾ. ਰੁਪਿੰਦਰ ਸਿੰਘ ਬ੍ਰਹਮਪੁਰੀ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਦੋਹਾਂ ਪਰਵਾਰਾਂ ਦਾ ਧਨਵਾਦ ਕੀਤਾ। ਸ. ਕੁਲਦੀਪ ਸਿੰਘ ਖ਼ਾਲਸਾ ਨੇ ਸੁਭਾਗੀ ਜੋੜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੋਹਾਂ ਪਰਵਾਰਾਂ ਨੇ ਗੁਰੂਆਂ ਵਲੋਂ ਦਿਤੀਆਂ ਸਿਖਿਆਵਾਂ 'ਤੇ ਚਲ ਕੇ ਗੁਰ ਮਰਿਆਦਾ ਅਨੁਸਾਰ ਵਿਆਹ ਰਚਾ ਕੇ ਸਿੱਖੀ ਸਿਧਾਂਤ 'ਤੇ ਪੂਰਨ ਅਮਲ ਕੀਤਾ ਹੈ ਜੋ ਕਿ ਸੱਭ ਲਈ ਪ੍ਰੇਰਨਾ ਸਰੋਤ ਹੈ।
Anand Karaj