
ਪੁਲਿਸ ਨੇ ਕੁਝ ਹੋਰ ਲੋਕ ਵੀ ਇਸ ਮਾਮਲੇ 'ਚ ਕੀਤੇ ਤਲਬ
ਮਾਨਸਾ - ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਮਰਹੂਮ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਆਪਣਾ ਮੋਬਾਈਲ ਫ਼ੋਨ ਅਤੇ ਕੁਝ ਦਸਤਾਵੇਜ਼ ਪੁਲੀਸ ਨੂੰ ਸੌਂਪ ਦਿੱਤੇ ਹਨ।
ਭਾਵੇਂ ਪੁਲਿਸ ਨੇ ਅਜੇਪਾਲ ਸਿੰਘ ਦੀ ਫ਼ੇਰੀ ਨੂੰ ਗੁਪਤ ਰੱਖਿਆ ਸੀ, ਪਰ ਸੂਤਰਾਂ ਅਨੁਸਾਰ ਉਸ ਨੇ ਆਪਣਾ ਮੋਬਾਈਲ ਫ਼ੋਨ ਅਤੇ ਕੁਝ ਦਸਤਾਵੇਜ਼ ਪੁਲਿਸ ਨੂੰ ਦਿੱਤੇ ਹਨ। ਪੁਲਿਸ ਨੇ ਉਸ ਤੋਂ ਇਹ ਮੰਗੇ ਸਨ। ਦੱਸਿਆ ਗਿਆ ਹੈ ਕਿ ਪੁਲਿਸ ਨੇ ਉਸ ਨੂੰ ਹਫ਼ਤੇ ਵਿੱਚ ਦੂਜੀ ਵਾਰ ਬੁਲਾਇਆ ਸੀ।
ਬੁੱਧਵਾਰ ਨੂੰ ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਸੀ.ਆਈ.ਏ ਪੁਲਿਸ ਸਟੇਸ਼ਨ ਮਾਨਸਾ ਵਿਖੇ ਪੁੱਛਗਿੱਛ ਕੀਤੀ ਸੀ।
ਪਤਾ ਲੱਗਾ ਹੈ ਕਿ ਮਨਕੀਰਤ ਤੋਂ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਨਾਲ ਉਸ ਦੀ ‘ਨੇੜਤਾ’ ਬਾਰੇ ਪੁੱਛਗਿੱਛ ਕੀਤੀ ਗਈ ਸੀ, ਜਿਸ ਦੀ ਪਿਛਲੇ ਸਾਲ ਅਗਸਤ ਵਿੱਚ ਮੁਹਾਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਇੱਕ ਸੀਨੀਅਰ ਕਾਂਗਰਸੀ ਆਗੂ ਦੇ ਕਰੀਬੀ ਬਾਵਾ ਸੰਧੂ ਨੂੰ ਵੀ ਮਾਨਸਾ ਪੁਲਿਸ ਨੇ ਇਸ ਮਾਮਲੇ ਵਿੱਚ ਤਲਬ ਕੀਤਾ ਹੈ। ਇਸ ਤੋਂ ਇਲਾਵਾ ਮੁਕਤਸਰ ਜ਼ਿਲ੍ਹੇ ਦੇ ਦੋ ਹੋਰ ਵਸਨੀਕਾਂ ਨੂੰ ਵੀ ਬੁਲਾਇਆ ਗਿਆ ਹੈ।
ਪੁਲਿਸ ਨੇ ਗਾਇਕਾਂ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਨਿਸ਼ਾਨ ਸਿੰਘ, ਜੋ ਕਥਿਤ ਤੌਰ 'ਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਪੁੱਤਰ ਹੈ, ਉਸ ਦਾ ਨਾਂਅ ਵੀ ਜਾਂਚ ਵਿੱਚ ਸ਼ਾਮਲ ਕੀਤਾ ਹੈ।