
ਬਟਾਲਾ ਦੇ ਵਿਕਾਸ ਲਈ 25 ਕਰੋੜ ਦੀ ਰਾਸ਼ੀ ਮਨਜ਼ੂਰ
ਗੁਰਦਾਸਪੁਰ : ਜਿਉਂ ਜਿਉਂ ਪੰਜਾਬ ਦੀਆਂ ਅਸੰਬਲੀ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੀ ਅਪਣੇ ਕਮਰਕੱਸੇ ਕੱਸਣੇ ਸ਼ੁਰੂ ਕਰ ਦਿਤੇ ਹਨ। ਜਿੱਥੇ ਵਿਰੋਧੀ ਧਿਰਾਂ ਨੇ ਲੋਕਾਂ ਨੂੰ ਲੁਭਾਉਣ ਲਈ ਆਪੋ-ਅਪਣੇ ਢੰਗ-ਤਰੀਕਿਆਂ ਨਾਲ ਹੰਬਲੇ ਮਾਰ ਰਹੀਆਂ ਨੇ, ਉਥੇ ਸਰਕਾਰ ਨੇ ਵੀ ਅਪਣੀਆਂ ਸਰਗਰਮੀਆਂ ਵਧਾ ਦਿਤੀਆਂ ਹਨ।
Photo
ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਕੀਤੇ ਅਤੇ ਆਉਂਦੇ ਸਮੇਂ 'ਚ ਕਰਨ ਵਾਲੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਲੋਕਾਂ ਤਕ ਪਹੁੰਚਾਉਣ ਦੀਆਂ ਤਿਆਰੀਆਂ ਖਿੱਚ ਲਈਆਂ ਨੇ। ਸਰਕਾਰੀ ਸੂਤਰਾਂ ਮੁਤਾਬਕ ਲੋਕਾਂ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿਚੋਂ ਕਈ ਵਾਅਦੇ ਸਰਕਾਰ ਨੇ ਪੂਰੇ ਕਰ ਦਿਤੇ ਹਨ ਜਦਕਿ ਰਹਿੰਦੇ ਵਾਅਦਿਆਂ ਨੂੰ ਵੀ ਆਉਂਦੇ ਦਿਨਾਂ ਵਿਚ ਪੂਰਾ ਕਰ ਦਿਤਾ ਜਾਵੇਗਾ। ਇਸ ਸਬੰਧੀ ਆਉਂਦੀ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੇ ਐਲਾਨ ਕੀਤੇ ਜਾਣ ਦੇ ਅਸਾਰ ਹਨ।
Photo
ਇਸ ਸਬੰਧੀ ਪ੍ਰਗਟਾਵਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਅਪਣੇ ਸੰਬੋਧਨ 'ਚ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਣਿਆ ਤਿੰਨ ਸਾਲ ਦਾ ਅਰਸਾ ਪੂਰਾ ਹੋਣ ਵਾਲਾ ਹੈ। ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨੇ ਕਈ ਵਾਅਦੇ ਕੀਤੇ ਗਏ ਸਨ। ਇਨ੍ਹਾਂ ਵਾਅਦਿਆਂ ਸਬੰਧੀ ਆਉਂਦੀ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਡੇ ਐਲਾਨ ਕਰਨ ਜਾ ਰਹੇ ਹਨ।
Photo
ਹਲਕਾ ਬਟਾਲਾ ਦੇ ਵਿਕਾਸ ਦੇ ਵੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਬਟਾਲਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਾਸ਼ੀ ਮਨਜ਼ੂਰ ਕਰ ਚੁੱਕੀ ਹੈ। ਇਸ ਸਮੇਂ ਬਟਾਲਾ ਵਿਖੇ ਕਈ ਵਿਕਾਸ ਕਾਰਜ ਚੱਲ ਰਹੇ ਹਨ।
Photo
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਫਿਰ ਬਟਾਲਾ ਦੇ ਵਿਕਾਸ ਲਈ 25 ਕਰੋੜ ਦੀ ਰਾਸ਼ੀ ਮਨਜ਼ੂਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਟਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੇ ਆਉਂਦੇ ਸਮੇਂ ਵਿਚ ਸਫ਼ਲਤਾਪੂਰਵਕ ਨੇਪਰੇ ਚਾੜਿਆ ਜਾਵੇਗਾ।