
ਹੋਰ ਜ਼ਿਲ੍ਹਿਆਂ ਤੋਂ ਮੰਗਵਾਈ ਪੁਲਿਸ ਫ਼ੋਰਸ
ਪਠਾਨਕੋਟ (ਤਜਿੰਦਰ ਸਿੰਘ) : ਸੁਰੱਖਿਆ ਏਜੰਸੀਆਂ 'ਚ ਲਗਾਤਾਰ ਮਿਲ ਰਹੀ ਇਨਪੁੱਟ ਦੇ ਬਾਅਦ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਇਸ ਕਾਰਨ ਪੁਲਿਸ ਵਲੋਂ ਲਗਾਤਾਰ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ 'ਚ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ ਜਿਸ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਭਾਰੀ ਪੁਲਿਸ ਫ਼ੋਰਸ ਮੰਗਵਾਈ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਵਿਭਾਗਾਂ ਨੂੰ ਐਮਰਜੈਂਸੀ ਦੌਰਾਨ ਤਿਆਰ ਰਹਿਣ ਦੇ ਆਦੇਸ਼ ਵੀ ਜਾਰੀ ਕਰ ਦਿਤੇ ਗਏ ਹਨ। ਇਸ ਕਾਰਨ ਸਿਵਲ ਹਸਪਤਾਲ ਪਠਾਨਕੋਟ ਦੇ ਐਮਰਜੈਂਸੀ ਵਾਰਡ ਨੂੰ ਵੀ ਖ਼ਾਲੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਿਵਲ ਹਸਪਤਾਲ ਪਠਾਨਕੋਟ ਦੇ ਕਾਰਜਕਾਰੀ ਐਸ.ਐਮ.ਓ. ਡਾਕਟਰ ਸੁਨੀਲ ਕੁਮਾਰ ਨੇ ਦਿਤੀ। ਸੁਰੱਖਿਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਅੱਜ ਸੁਰੱਖਿਆ ਬਲਾਂ ਵਲੋਂ ਪਠਾਨਕੋਟ ਅਤੇ ਹਿਮਾਚਲ ਪ੍ਰਦੇਸ਼ 'ਚ ਸਥਿਤ ਨੂਰਪੁਰ ਦੇ ਜੰਗਲਾਂ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਤੇ ਪਠਾਨਕੋਟ ਦੇ 33 ਐਸ.ਪੀਜ਼ ਅਤੇ ਬਟਾਲਾ ਦੇ 22 ਅੇਸ.ਪੀਜ਼ ਇਸ ਆਪ੍ਰੇਸ਼ਨ 'ਚ ਤੈਨਾਤ ਰਹਿਣਗੇ। ਉਥੇ ਹੀ 92 ਡੀਅੇਸ.ਪੀ ਗੁਰਦਾਸਪੁਰ ਤੋਂ, ਪਠਾਨਕੋਟ ਤੋਂ 11, ਬਟਾਲਾ ਤੋਂ 50 ਡੀਐਸਪੀਜ਼ ਹੋਣਗੇ। ਗੁਰਦਾਸਪੁਰ ਤੇ ਪਠਾਨਕੋਟ ਤੋਂ 125 ਅਤੇ ਬਟਾਲਾ ਤੋਂ 108 ਇੰਸਪੈਕਟਰ ਹੋਣਗੇ। ਗੁਰਦਾਸਪੁਰ ਤੇ ਪਠਾਨਕੋਟ ਤੋਂ 110 ਅਤੇ ਬਟਾਲਾ ਤੋਂ 87 ਸਬ ਇੰਸਪੈਕਟਰ। ਜਦਕਿ ਕੁੱਲ ਅਫ਼ਸਰਾਂ ਦੀ ਗਿਣਤੀ ਜੋ ਕਿ ਗੁਰਦਾਸਪੁਰ ਤੋਂ 360, ਪਠਾਨਕੋਟ ਤੋਂ 379 ਅਤੇ ਬਟਾਲਾ ਤੋਂ 267 ਹੋਵੇਗੀ।
ਉਧਰ, ਪਾਕਿਸਤਾਨੀ ਡਰੋਨ ਦੇ ਮਾਮਲੇ ਤੋਂ ਬਾਅਦ ਗ੍ਰਿਫ਼ਤਾਰ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (ਕੇਜ਼ੈਡਐਫ਼) ਦੇ ਅਤਿਵਾਦੀਆਂ ਨੇ ਪੁੱਛਗਿਛ 'ਚ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਕੇਜ਼ੈਡਐਫ਼ ਨੇ ਪੰਜਾਬ ਦੇ ਕਈ ਸਿਆਸੀ ਤੇ ਧਾਰਮਕ ਆਗੂਆਂ ਦੀ ਹਿੱਟਲਿਸਟ ਬਣਾਈ ਹੈ। ਅਤਿਵਾਦੀਆਂ ਦੀ ਹਿੱਟਲਿਸਟ 'ਚ ਮੁੱਖ ਤੌਰ 'ਤੇ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਸਮੇਤ ਨਿਰੰਕਾਰੀ ਭਾਈਚਾਰੇ ਨਾਲ ਜੁੜੀਆਂ ਸ਼ਖ਼ਸੀਅਤਾਂ ਤੇ ਕਈ ਡੇਰਿਆਂ ਦੇ ਲੋਕਾਂ ਦੇ ਨਾਂ ਸ਼ਾਮਲ ਹਨ। ਸਾਰਿਆਂ ਦੀ ਸੁਰੱਖਿਆ ਵਧਾ ਦਿਤੀ ਗਈ ਹੈ।