
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਅਤੇ ਇਸ ਦੇ ਕਿਸਾਨੀ ਨੂੰ ....
ਰਾਜਪੁਰਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਅਤੇ ਇਸ ਦੇ ਕਿਸਾਨੀ ਨੂੰ ਬਚਾਉਣ ਲਈ ਭਾਜਪਾ ਦੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇ ਅਤੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ।
ਸ੍ਰੀ ਜਾਖੜ ਅੱਜ ਇਥੇ ਪੰਜਾਬ ਯੂਥ ਕਾਂਗਰਸ ਵਲੋਂ ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ 'ਭਾਰਤ ਬਚਾਓ ਜਨ ਅੰਦੋਲਨ' ਤਹਿਤ ਕੱਢੇ ਇਕ ਵਿਸ਼ਾਲ 'ਟਰੈਕਟਰ ਮਾਰਚ' ਨੂੰ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਰਾਜਪੁਰਾ ਦੇ ਗਗਨ ਚੌਂਕ ਵਿਖੇ ਕੀਤੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਸ੍ਰੀ ਸੁਨੀਲ ਜਾਖੜ ਨੇ ਖ਼ੁਦ ਟਰੈਕਟਰ ਚਲਾ ਕੇ ਕਰੀਬ 20 ਕਿਲੋਮੀਟਰ ਲੰਮੇ ਚੱਲੇ ਇਸ ਵਿਸ਼ਾਲ ਟਰੈਕਟਰ ਮਾਰਚ ਦੀ ਅਗਵਾਈ ਕੀਤੀ। ਇਸ ਦੌਰਾਨ ਨੌਜਵਾਨਾਂ ਅਤੇ ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮਾਰਚ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿਤੀਆਂ ਹਨ। ਯੂਥ ਕਾਂਗਰਸ ਦੀ ਇਸ ਟਰੈਕਟਰ ਯਾਤਰਾ ਤੋਂ ਕਾਂਗਰਸ ਲੀਡਰਸ਼ਿਪ ਬਾਗ਼ੋਬਾਗ਼ ਨਜ਼ਰ ਆਈ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਦੇਖ-ਰੇਖ ਅਤੇ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਅਗਵਾਈ ਹੇਠ ਕੱਢੇ ਇਸ ਮਾਰਚ ਦੀ ਰਾਜਪੁਰਾ ਦੇ ਗਗਨ ਚੌਂਕ ਵਿਖੇ ਸਮਾਪਤੀ ਮਗਰੋਂ ਕਰਵਾਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮੌਕੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਬੀ.ਜੇ.ਪੀ. ਦੀ ਚਲਾਕੀ ਤੋਂ ਸੱਭ ਭਲੀਂ ਭਾਂਤ ਜਾਣੂ ਹਨ ਪਰ ਪੰਜਾਬ ਦੇ ਲੋਕਾਂ ਨੂੰ ਬਾਦਲਕਿਆਂ ਤੋਂ ਉਮੀਦ ਸੀ ਕਿ ਉਹ ਤਾਂ ਉਨ੍ਹਾਂ ਦੀ ਗੱਲ ਕਰਨਗੇ ਪਰ ਉਹ ਵੀ ਇਕ ਵਜ਼ੀਰੀ ਲਈ ਮੂੰਹ 'ਚ ਘੁੰਗਣੀਆਂ ਪਾ ਗਏ।
ਸ੍ਰੀ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਧਨ, ਨੋਟਬੰਦੀ, ਜੀ.ਐਸ.ਟੀ. ਕੀ ਹਰ ਗੱਲ 'ਤੇ ਲੋਕਾਂ ਨੂੰ ਬੇਵਕੂਫ਼ ਬਣਾਇਆ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਪੂਰੀ ਬੇਸਬਰੀ ਨਾਲ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਗਠਨ ਦੀ ਉਡੀਕ ਕਰ ਰਿਹਾ ਹੈ।
ਇੰਡੀਅਨ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਗ਼ੈਰਰਾਜਨੀਤਕ ਪਿਛੋਕੜ ਵਾਲੇ ਮਿਹਨਤਕਸ਼ ਆਗੂਆਂ ਨੂੰ ਅੱਗੇ ਲਿਆਂਦਾ ਹੈ, ਇਸ ਲਈ ਉਨ੍ਹਾਂ ਦੀ ਅਗਵਾਈ 'ਚ ਦੇਸ਼ ਦਾ ਭਵਿੱਖ ਸੁਰੱਖਿਅਤ ਰਹੇਗਾ।