
...ਹਰ ਸਿੱਖ ਚਾਹੁੰਦਾ ਹੈ ਖ਼ਾਲਿਸਤਾਨ'
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਖ਼ਾਲਿਸਤਾਨ ਦੇ ਮੁੱਦੇ ਤੇ ਤਾਜ਼ਾ ਬਿਆਨ ਹੁਣ ਪਰਤਵਾਂ ਪ੍ਰਭਾਵ ਵੀ ਵਿਖਾਉਣ ਲੱਗ ਪਿਆ ਹੈ। ਹਾਲਾਂਕਿ ਵਿਦੇਸ਼ਾਂ ਚ ਬੈਠੀਆਂ ਕੁਝ ਤਾਕਤਾਂ ਰੈਫਰੈਂਡਮ 20-20 (ਖ਼ਾਲਿਸਤਾਨ ਦੇ ਸਿਧਾਂਤ ਅਤੇ ਮੰਗ ਸਬੰਧੀ ਸਿੱਖਾਂ ਦੀ ਗ਼ੈਰ ਸਰਕਾਰੀ ਰਾਏਸ਼ੁਮਾਰੀ) ਦੀਆਂ ਤਿਆਰੀਆਂ ਹਿੱਤ ਸਿੰਘ ਸਾਹਿਬ ਦੇ ਇਸ ਬਿਆਨ ਨੂੰ ਟੋਲ ਫ਼ਰੀ ਨੰਬਰਾਂ ਰਾਹੀਂ ਅਪਣੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ਾਂ ਵਿਚ ਜੁੱਟ ਗਈਆਂ ਹਨ।
Giani Harpreet Singh
ਇਹ ਰੈਫਰੈਂਡਮ ਆਉਂਦੇ ਨਵੰਬਰ ਮਹੀਨੇ 'ਚ ਉਲੀਕਿਆ ਗਿਆ ਹੈ। ਪਰ ਜਥੇਦਾਰ ਸਾਹਿਬ ਦੇ ਇਸ ਬਿਆਨ ਨੇ ਇਸ ਰਿਫਰੈਂਡਮ ਦੀ ਸ਼ਾਇਦ ਕਿਤੇ ਨਾ ਕਿਤੇ ਫੂਕ ਕੱਢਣੀ ਵੀ ਸ਼ੁਰੂ ਕਰ ਦਿਤੀ ਹੈ। ਕਿਉਂਕਿ '...ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ' ਇਸ ਬਿਆਨ ਨੇ ਇਕ ਸੁਭਾਵਕ ਰਾਇਸ਼ੁਮਾਰੀ ਵੀ ਸ਼ੁਰੂ ਕਰ ਦਿਤੀ ਹੈ। ਜਥੇਦਾਰ ਦੇ ਬਿਆਨ ਨੂੰ ਹਾਲੇ ਚਾਰ ਕੁ ਦਿਨ ਹੀ ਹੋਏ ਹਨ ਕਿ ਸਿੱਖ ਪੱਖੀ ਮੰਨਿਆ ਜਾਂਦਾ ਰੁੱਖ ਪ੍ਰਮੁੱਖ ਮੀਡੀਆ ਅਤੇ ਪ੍ਰਮੁੱਖ ਸਿੱਖ ਆਗੂ ਤੇ ਬੁੱਧੀਜੀਵੀ ਇਸ ਉੱਤੇ ਖੁੱਲ੍ਹ ਕੇ ਪ੍ਰਤੀਕਿਰਿਆ ਦੇ ਰਹੇ ਹਨ।
Giani Harpreet Singh
ਹਾਲਾਂਕਿ ਹਮੇਸ਼ਾਂ ਵਾਂਗ ਗਰਮ ਖਿਆਲੀਆਂ ਨੇ ਤਾ ਖਾਲਿਸਤਾਨ ਬਾਰੇ ਸਿੰਘ ਸਾਹਿਬ ਦੇ ਇਸ ਬਿਆਨ ਦੀ ਪ੍ਰੋੜਤਾ ਹੀ ਕੀਤੀ ਹੈ। ਪਰ ਸਿੱਖਾਂ ਦਾ ਇੱਕ ਵੱਡਾ ਵਰਗ ਇਸ ਨੂੰ ਸਪੱਸ਼ਟ ਤੌਰ ਉੱਤੇ ਗ਼ੈਰ ਪ੍ਰਸੰਗਿਕ ਐਲਾਨ ਰਿਹਾ ਹੈ। ਨਰੋਈ ਸੋਚ ਦੇ ਸਿੱਖ ਮਾਹਿਰਾਂ ਅਤੇ ਸੋਸ਼ਲ ਮੀਡੀਆ ਉੱਤੇ ਆਮ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਮੁਤਾਬਕ ਖਾਲਿਸਤਾਨ ਦੇ ਮੁੱਦੇ ਉੱਤੇ ਸਿੱਖ ਕੌਮ ਖ਼ਾਸਕਰ ਪੰਜਾਬ, ਦਿੱਲੀ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ 'ਚ ਰਹਿੰਦੇ ਸਿੱਖ ਭਾਈਚਾਰੇ ਨੇ ਜੋ ਦਿਲ ਕੰਬਾਊ ਸੰਤਾਪ ਅਪਣੇ ਪਿੰਡੇ ਤੇ ਜਿਊਂਦੇ ਜੀਅ ਹੰਢਾਇਆ ਹੈ ਕੋਈ ਵੀ ਉਸ ਦਾ ਦੁਹਰਾਓ ਹਰਗਿਜ਼ ਨਹੀਂ ਚਾਹੁੰਦਾ।
Giani Harpreet Singh
ਅਜਿਹੇ ਵਿਚ “ਰੈਫਰੈਂਡਮ 20-20' ਦੇ ਨਵੰਬਰ ਮਹੀਨੇ ਤੋਂ ਪਹਿਲਾਂ ਹੀ ਸ਼ਾਇਦ ਜਥੇਦਾਰ ਸਾਹਿਬ ਦੇ ਇਸ ਬਿਆਨ ਨਾਲ ਸਿੱਖ ਕੌਮ ਖਾਲਿਸਤਾਨ ਬਾਰੇ ਅਪਣੀ ਸਪੱਸ਼ਟ ਅਤੇ ਇਕ ਪਾਸੜ 'ਰਾਏ' ਸੂਝ ਬੂਝ ਨਾਲ ਇਤਿਹਾਸ ਦੇ ਦਸਤਾਵੇਜ਼ਾਂ 'ਚ 'ਸ਼ੁਮਾਰ' ਕਰ ਦੇਵੇ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਜਥੇਦਾਰ ਦਾ ਇਹ ਬਿਆਨ ਗਲੇ ਦੀ ਹੱਡੀ ਬਣ ਚੁੱਕਾ ਹੈ। ਪਰ ਰਾਜਨੀਤਕ ਤੇ ਧਾਰਮਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਖਾਲਿਸਤਾਨ ਨੂੰ ਗ਼ੈਰ ਪ੍ਰਸੰਗਿਕ ਨਿਰਧਾਰਤ ਕਰਨ 'ਚ ਇਹ ਬਿਆਨ ਕਾਮਯਾਬ ਹੋ ਜਾਂਦਾ ਹੈ
Giani Harpreet Singh
ਤਾਂ ਇਹ ਭਾਰਤੀ ਸਟੇਟ ਦੇ ਨਾਲ ਨਾਲ ਬਾਦਲ ਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਈ ਵੀ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਕਿਉਂਕਿ ਖ਼ਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ 20-20 ਦਾ ਜੋ ਕੌਮਾਂਤਰੀ ਸਿਆਸੀ ਹਊਆ ਪੰਜਾਬ ਦੀ ਸਿਆਸਤ ਖ਼ਾਸਕਰ ਸਿੱਖਾਂ ਦੇ ਨੁਮਾਇੰਦੇ ਅਖਵਾਉਣ ਵਾਲੇ ਮੌਜੂਦਾ ਸਿਆਸਤਦਾਨਾਂ ਦੇ ਸਿਰ ਉੱਤੇ ਮੰਡਰਾ ਰਿਹਾ ਹੈ ਉਹ ਨਿਰਸੰਦੇਹ ਬੇਅਸਰ ਹੋ ਜਾਵੇਗਾ।
Giani Harpreet Singh
ਕੁੱਲ ਮਿਲਾ ਕੇ ਜਥੇਦਾਰ ਸਾਹਿਬ ਦੇ ਇਸ ਬੇਮੌਸਮੀ ਖਾਲਿਸਤਾਨ ਪੱਖੀ ਬਿਆਨ ਨੇ 'ਖਾਲਿਸਤਾਨ ਦੇ ਸਿਧਾਂਤ' ਦੀ ਹੋਂਦ ਲਈ ਤਾਂ ਵੱਡਾ ਸਵਾਲ ਖੜ੍ਹਾ ਕਰ ਹੀ ਦਿਤਾ ਹੈ ਪਰ ਨਾਲ ਹੀ ਸਮੁੱਚੀ ਕੌਮ ਨੂੰ ਦੁਬਿਧਾ 'ਚ ਪਾਉਂਦੇ ਪਾਉਂਦੇ ਸੂਬੇ ਦੀਆਂ ਕਈ ਵੱਡੀਆਂ ਸਿੱਖ ਧਿਰਾਂ ਖ਼ਾਸ ਕਰ ਸਿੱਖ ਸਿਆਸਤਦਾਨਾਂ ਨੂੰ ਬੈਠੇ ਬਿਠਾਏ ਕਈ ਪੇਚੀਦਾ ਪੱਖਾਂ ਤੋਂ ਰਾਹਤ ਦਾ ਸਬੱਬ ਵੀ ਬਣਾ ਦਿੱਤਾ ਹੈ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।