ਪੰਜਾਬ ਨੂੰ ਅਪਣੇ ਲਈ 'ਲੱਕੀ' ਮੰਨਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਇੱਥੋਂ ਸਾਲ 2019 ਦੀ ਅਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ.............
ਬਠਿੰਡਾ : ਪੰਜਾਬ ਨੂੰ ਅਪਣੇ ਲਈ 'ਲੱਕੀ' ਮੰਨਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਇੱਥੋਂ ਸਾਲ 2019 ਦੀ ਅਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਮਲੋਟ ਵਿਖੇ ਹੋ ਰਹੀ ਕਿਸਾਨ ਕਲਿਆਣ ਰੈਲੀ ਵਿਚ ਸ਼੍ਰੀ ਮੋਦੀ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਪੁੱਜ ਰਹੇ ਹਨ। ਹਾਲਾਂਕਿ ਪਹਿਲਾਂ ਰਾਜਸਥਾਨ ਦੀ ਮੁੱਖ ਮੰਤਰੀ ਸ਼੍ਰੀਮਤੀ ਵਸੰਦੂਰਾ ਰਾਜੇ ਦੇ ਵੀ ਇੱਥੇ ਪੁੱਜਣ ਦੀ ਚਰਚਾ ਸੀ। ਜਦਂੋ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਵਿਜੇ ਸਾਂਪਲਾ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ
ਸ਼ਵੇਤ ਮਲਿਕ ਵੀ ਉਨ੍ਹਾਂ ਨਾਲ ਸਟੇਜ ਸਾਂਝੀ ਕਰਨਗੇ। ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਵੀ ਨਰਿੰਦਰ ਮੋਦੀ ਨੇ ਇੱਕ ਸਾਲ ਪਹਿਲਾਂ ਪੰਜਾਬ ਤੋਂ ਹੀ ਕੀਤਾ ਸੀ। ਗੋਆ ਵਿਚ ਭਾਜਪਾ ਦੀ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਸ਼੍ਰੀ ਮੋਦੀ ਨੇ 23 ਜੂਨ 2013 ਨੂੰ ਪਠਾਨਕੋਟ ਜਿਲ੍ਹੇ ਦੇ ਮਾਧੋਪੁਰ ਵਿਖੇ ਸੰਕਲਪ ਰੈਲੀ ਕੀਤੀ ਸੀ। ਭਾਜਪਾ ਦੇ ਉਚ ਸੂਤਰਾਂ ਮੁਤਾਬਕ ਮਲੋਟ ਵਿਖੇ ਰੱਖੀ ਕਿਸਾਨ ਕਲਿਆਣ ਰੈਲੀ ਵੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਹੀ ਹੈ। ਇਸ ਤੋਂ ਬਾਅਦ ਲਗਾਤਾਰ ਚੋਣ ਰੈਲੀਆਂ ਸ਼ੁਰੂ ਹੋ ਜਾਣਗੀਆਂ। ਦਸਣਾ ਬਣਦਾ ਹੈ ਕਿ ਇਸ ਰੈਲੀ ਲਈ ਅਕਾਲੀ-ਭਾਜਪਾ
ਗਠਜੋੜ ਵਲੋਂ ਮਾਲਵਾ ਵਿਚ ਵਿਸ਼ੇਸ਼ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਇਸ ਖੇਤਰ ਨਾਲ ਲਗਦੇ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਵੀ ਰੈਲੀ ਵਿਚ ਲਿਆਇਆ ਜਾ ਰਿਹਾ। ਉਂਜ ਇਹ ਕਲਿਆਣ ਰੈਲੀ ਬਾਦਲ ਪ੍ਰਵਾਰ ਲਈ ਵੀ ਸਿਆਸੀ ਤੌਰ 'ਤੇ ਕਾਫ਼ੀ ਮਹੱਤਵਪੂਰਨ ਹੈ ਜਿਸ ਕਾਰਨ ਇਸ ਪ੍ਰਵਾਰ ਵਲੋਂ ਰੈਲੀ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ। ਬੀਤੇ ਕਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅੱਜ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠਿਆ ਵਲੋਂ ਇਸ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਿਆਸੀ ਮਾਹਰਾਂ ਮੁਤਾਬਕ ਰੈਲੀ ਰਾਹੀ ਅਕਾਲੀ ਦਲ ਕੇਂਦਰ
ਵਲੋਂ ਫ਼ਸਲਾਂ ਦੇ ਭਾਅ 'ਚ ਕੀਤੇ ਵਾਧੇ ਦੇ ਸਹਾਰੇ ਕਿਸਾਨਾਂ ਵਿਚ ਅਪਣੀ ਭੱਲ ਬਣਾਉਣ ਦੇ ਯਤਨਾਂ ਵਿਚ ਹੈ। ਇਸਤੋਂ ਇਲਾਵਾ ਇਹ ਪਤਾ ਚਲਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੀ ਜਗ੍ਹਾਂ ਦੀ ਚੋਣ ਵਿਚ ਵੀ ਅਕਾਲੀ ਦਲ ਵਲੋਂ ਵੱਡੀ ਭੂਮਿਕਾ ਨਿਭਾਈ ਗਈ ਹੈ। ਸਿਆਸੀ ਮਾਹਰਾਂ ਦਾ ਮੰਨਣਾ ਕਿ ਮਲੋਟ ਖੇਤਰ ਫ਼ਿਰੋਜਪੁਰ ਲੋਕ ਸਭਾ ਹਲਕੇ ਵਿਚ ਪੈਂਦਾ ਹੋਣ ਕਾਰਨ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਲਈ ਵੀ ਇਸ ਹਲਕੇ ਤੋਂ ਚੌਣ ਲੜਣ ਦੀ ਸੰਭਾਵਨਾ ਪੈਦਾ ਕਰ ਸਕਦਾ ਹੈ। ਇਸ ਖੇਤਰ ਤੋਂ ਲਗਾਤਾਰ ਤਿੰਨ ਵਾਰ ਜਿੱਤੇ ਐਮ.ਪੀ ਸ਼ੇਰ ਸਿੰਘ ਘੁਬਾਇਆ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਤੋਂ ਬਾਗੀ ਹੋ ਕੇ ਚੱਲ ਰਹੇ ਹਨ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਲਾਮਿਸਾਲ ਪ੍ਰਬੰਧ
ਬਠਿੰਡਾ: ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਲਾਮਿਸਾਲ ਪ੍ਰਬੰਧ ਕੀਤੇ ਹਨ। ਅੱਠ ਜ਼ਿਲ੍ਹਿਆਂ ਦੇ ਕਰੀਬ ਪੰਜ ਹਜ਼ਾਰ ਪੁਲਿਸ ਮੁਲਾਜਮਾਂ ਤੋਂ ਇਲਾਵਾ ਆਈ.ਆਰ.ਬੀ, ਰਿਜਰਵ ਬਟਾਲੀਅਨਾਂ ਵੀ ਇੱਥੇ ਤੈਨਾਤ ਕੀਤਾ ਹੋਇਆ ਹੈ। ਐਸ.ਐਸ.ਪੀਜ਼ ਰੈਂਕ ਦੇ ਦਸ ਅਧਿਕਾਰੀਆਂ ਸਹਿਤ ਬਠਿੰਡਾ ਤੇ ਫ਼ਿਰੋਜਪੁਰ ਰੇਂਜ ਦੇ ਆਈ.ਜੀ ਤੋਂ ਇਲਾਵਾ
ਪਟਿਆਲਾ ਤੋਂ ਆਈ.ਆਰ.ਬੀ ਦੇ ਆਈ.ਜੀ ਅਮਰ ਸਿੰਘ ਚਾਹਲ ਵੀ ਇੱਥੇ ਪੁੱਜੇ ਹੋਏ ਹਨ। ਇਸੇ ਤਰ੍ਹਾਂ ਏ.ਡੀ.ਜੀ.ਪੀ ਅਰਪਿਤ ਸ਼ੁਕਲਾ ਪਿਛਲੇ ਦੋ ਦਿਨਾਂ ਤੋਂ ਰੈਲੀ ਵਾਲੀ ਥਾਂ ਡਟੇ ਹੋਏ ਹਨ। ਜਦੋਂ ਕਿ ਅੱਜ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਤੇ ਖ਼ੁਫ਼ੀਆ ਵਿੰਗ ਦੇ ਮੁਖੀ ਦਿਨਕਰ ਗੁਪਤਾ ਵੀ ਰੈਲੀ ਵਾਲੀ ਥਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਗਏ ਹਨ।
ਮੋਦੀ ਰੈਲੀ ਵਾਲੀ ਥਾਂ ਠਹਿਰਨਗੇ ਸਿਰਫ਼ 50 ਮਿੰਟ
ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਵਿਸ਼ੇਸ ਜਹਾਜ਼ ਰਾਹੀ ਬਠਿੰਡਾ ਦੇ ਭੀਸੀਆਣਾ ਸਥਿਤ ਏਅਰਫ਼ੋਰਸ ਦੇ ਏਅਰਪੋਰਟ ਉਪਰ ਪੁੱਜਣਗੇ। ਜਿੱਥੋਂ ਉਹ ਚੌਪਰ ਰਾਹੀ ਮਲੋਟ ਦੇ ਨਜਦੀਕ ਛਾਪਿਆਵਾਲੀ ਕਾਲਜ ਵਿਚ ਜਾਣਗੇ। ਛਾਪਿਆਵਾਲੀ ਵਿਖੇ ਹੀ ਅਕਾਲੀ-ਭਾਜਪਾ ਗਠਜੋੜ ਦੇ ਆਗੂ ਊਨ੍ਹਾਂ ਦਾ ਸਵਾਗਤ ਕਰਨਗੇ। ਇਸਤੋਂ ਬਾਅਦ ਉਹ ਰੈਲੀ ਵਾਲੀ ਥਾਂ ਅਨਾਜ਼ ਮੰਡੀ ਵਿਖੇ ਸੜਕ ਰਾਸਤੇ ਜਾਣਗੇ। ਸੂਤਰਾਂ ਮੁਤਾਬਕ ਸਾਢੇ 12 ਵਜੇਂ ਉਹ ਰੈਲੀ ਵਿਚ ਪੁੱਜਣਗੇ ਤੇ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ 1:20 'ਤੇ ਵਾਪਸ ਛਾਪਿਆਵਾਲੀ ਤੋਂ ਚੌਪਰ ਰਾਹੀ ਏਅਰਫ਼ੋਰਸ ਦੇ ਅੱਡੇ 'ਤੇ ਜਾਣਗੇ।
ਅਕਾਲੀ ਦਲ ਦੇ ਬਾਗੀ ਸੰਸਦ ਸੇਰ ਸਿੰਘ ਘੁਬਾਇਆ ਵਲੋਂ ਵੀ ਰੈਲੀ ਵਿਚ ਸ਼ਾਮਲ ਹੋਣ ਦਾ ਐਲਾਨ
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜਪੁਰ ਹਲਕੇ ਤੋਂ ਬਾਗੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਭਲਕੇ ਮਲੋਟ ਵਿਖੇ ਹੋ ਰਹੀ ਸਿਆਸੀ ਰੈਲੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਵਲੋਂ ਪੁੱਛੇ ਜਾਣ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਾਲੇ ਵੀ ਅਕਾਲੀ ਦਲ ਦਾ ਹੀ ਲੋਕ ਸਭਾ ਮੈਂਬਰ ਹੈ। ਸ਼੍ਰੀ ਘੁਬਾਇਆ ਨੇ ਪੁਸ਼ਟੀ ਕੀਤੀ ਕਿ ਅਕਾਲੀ ਦਲ ਵਲੋਂ ਬੇਸੱਕ ਉਸਨੂੰ ਬੁਲਾਇਆ ਨਹੀਂ ਗਿਆ ਪ੍ਰੰਤੂ ਉਹ ਹਲਕੇ ਤੋਂ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਣ ਦੇ ਚਲਦੇ ਜਰੂਰ ਇਸ ਰੈਲੀ ਵਿਚ ਸ਼ਾਮਲ ਹੋਣਗੇ। ਇਹ ਪੁੱਛੇ ਜਾਣ 'ਤੇ ਕਿ ਉਹ ਇਸ ਰੈਲੀ ਨੂੰ ਸੰਬੋਧਨ ਵੀ ਕਰਨਗੇ ਤਾਂ ਐਮ.ਪੀ ਘੁਬਾਇਆ ਨੇ ਕਿਹਾ ਕਿ ਜੇਕਰ ਸਮਾਂ ਦਿੱਤਾ ਗਿਆ ਤਾਂ ਉਹ ਜਰੂਰ ਬੋਲਣਗੇ।