
ਮੁਸਲਿਮ ਭਾਈਚਾਰੇ ਨੇ ਕਾਇਮ ਕੀਤੀ ਵੱਡੀ ਮਿਸਾਲ
ਅੰਮ੍ਰਿਤਸਰ: ਮੌਜੂਦਾ ਸਮੇਂ ਜਿੱਥੇ ਸਿਆਸਤਦਾਨਾਂ ਵੱਲੋਂ ਧਰਮਾਂ ਦੇ ਨਾਂਅ 'ਤੇ ਵੰਡੀਆਂ ਪਾਉਣ ਦਾ ਖੇਡ ਖੇਡਿਆ ਜਾ ਰਿਹੈ, ਉਥੇ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰਦਿਆਂ ਸਰਬ ਸਾਂਝੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿਚ ਅਪਣਾ ਛੋਟਾ ਜਿਹਾ ਹਿੱਸਾ ਪਾਉਣ ਲਈ 33 ਟਨ ਕਣਕ ਦੀ ਸੇਵਾ ਕੀਤੀ ਗਈ।
Shri Harmandir Sahib
ਇਸ ਮੌਕੇ ਮਲੇਰਕੋਟਲਾ ਤੋਂ ਆਏ 14 ਲੋਕਾਂ ਦੇ ਇਸ ਵਫ਼ਦ ਦੀ ਅਗਵਾਈ ਵਾਲੇ ਡਾ. ਨਸੀਰ ਅਖ਼ਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਿੱਖ-ਮੁਸਲਿਮ ਸਾਂਝ ਬਹੁਤ ਪੁਰਾਣੀ ਸਾਂਝ ਐ। ਇਸ ਦੌਰਾਨ ਉਨ੍ਹਾਂ ਨੇ ਸਿੱਖ-ਮੁਸਲਿਮ ਸਾਂਝ ਨੂੰ ਦਰਸਾਉਂਦੇ ਇਤਿਹਾਸ 'ਤੇ ਵੀ ਚਾਨਣਾ ਪਾਇਆ।
Shri Harmandir Sahib
ਡਾ. ਨਸੀਰ ਅਖ਼ਤਰ ਨੇ ਦਸਿਆ ਕਿ ਜਿਵੇਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਤਿਹਾਸ ਵਿਚ ਮਿਥਿਹਾਸ ਮਿਲਾ ਕੇ ਸਿੱਖਾਂ ਅਤੇ ਮੁਸਲਮਾਨਾਂ ਵਿਚ ਫਿਕ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਨੂੰ ਦੂਰ ਕਰਨ ਲਈ ਇਹ ਖਾਸ ਉਪਰਾਲਾ ਕੀਤਾ ਗਿਆ ਹੈ। ਇਸ ਨਾਲ ਸੰਗਤਾਂ ਵਿਚ ਇਕ ਬਹੁਤ ਹੀ ਵਧੀਆ ਸੁਨੇਹਾ ਜਾਵੇਗਾ ਜੋ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ। ਕੋਈ ਹਿੰਦੂ ਨਹੀਂ ਹੈ ਤੇ ਕੋਈ ਮੁਸਲਮਾਨ ਨਹੀਂ ਹੈ, ਸਾਰੇ ਪ੍ਰਮਾਤਮਾ ਦੇ ਬਣਾਏ ਹੋਏ ਬੰਦੇ ਹਨ।
Shri Harmandir Sahib
ਇਸ ਦੇ ਨਾਲ ਹੀ ਗੁਰਦੁਆਰਾ ਲੰਗਰ ਹਾਲ ਦੇ ਪ੍ਰਬੰਧਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਸਲਿਮ ਭਾਈਚਾਰੇ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਗੁਰੂ ਸਾਹਿਬ ਦੇ ਵੇਲੇ ਦੇ ਇਤਿਹਾਸ ਨੂੰ ਯਾਦ ਕੀਤਾ, ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਮੁਸਲਿਮ ਫ਼ਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ। ਉਨ੍ਹਾਂ ਕਿਹਾ ਕਿ ਇਹ ਕਣਕ ਨਹੀਂ ਬਲਕਿ ਸਮੁੱਚੇ ਵਿਸ਼ਵ ਲਈ ਭਾਈਚਾਰਕ ਏਕਤਾ ਦਾ ਇਕ ਵੱਡਾ ਪੈਗ਼ਾਮ ਹੈ।
Shri Harmandir Sahib
ਗੁਰਦੁਆਰਾ ਲੰਗਰ ਹਾਲ ਪ੍ਰਬੰਧਕ ਨੇ ਕਿਹਾ ਕਿ ਇਹਨਾਂ ਮੁਸਲਮਾਨਾਂ ਨੇ ਸਾਡੇ ਪੁਰਾਣੇ ਭਾਈਚਾਰੇ ਇਤਿਹਾਸ ਨੂੰ ਦੁਹਰਾਇਆ ਹੈ ਉਸ ਸਮੇਂ ਵੀ ਸਿੱਖਾਂ ਅਤੇ ਮੁਸਲਮਾਨਾਂ ਵਿਚ ਆਪਸੀ ਪਿਆਰ ਸੀ। ਸੰਗਤਾਂ ਵਿਚ ਆਪਸੀ ਪਿਆਰ ਵੰਡਣ ਦਾ ਨੇਕ ਕੰਮ ਹਮੇਸ਼ਾ ਹੀ ਜਾਰੀ ਰਹੇ ਤਾਂ ਜੋ ਦੁਨੀਆ ਤੋਂ ਨਫ਼ਰਤ ਖਤਮ ਹੋ ਸਕੇ।
Sri Darbar Sahib
ਦੱਸ ਦਈਏ ਕਿ ਇਸ ਮੌਕੇ ਮਲੇਰਕੋਟਲਾ ਤੋਂ ਕਣਕ ਲੈ ਕੇ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਅਤੇ ਸਿਰੋਪਾਓ ਭੇਟ ਕੀਤੇ ਗਏ। ਇਸ ਤੋਂ ਇਲਾਵਾ ਸਾਰਿਆਂ ਨੇ ਲੰਗਰ ਵਿਚ ਬੈਠ ਕੇ ਲੰਗਰ ਵੀ ਛਕਿਆ। ਮੁਸਲਿਮ ਭਾਈਚਾਰੇ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸਾਰੇ ਪਾਸੇ ਤਾਰੀਫ਼ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।