
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਜਾਇਦਾਦ ਨਾਲ ਸਬੰਧਤ ਕਈ ਤਰ੍ਹਾਂ ਦੇ ਅਪਰਾਧ ਕੀਤੇ ਹਨ।
ਚੰਡੀਗੜ੍ਹ: ਪੁਲਿਸ ਨੇ ਸੈਕਟਰ 51 ਦੇ ਇਕ ਘਰ ਵਿਚ ਲੁੱਟ ਦੇ ਮਾਮਲੇ ਵਿਚ ਭਾਰਤੀ ਫੌਜ ਦੇ ਸਾਬਕਾ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਮੁਹਾਲੀ ਫੇਜ਼ 7 ਦੇ ਮਕਾਨ ਨੰਬਰ 285 ਦੇ ਹਰਵਿੰਦਰ ਸਿੰਘ ਉਰਫ਼ ਕਰਨ (27) ਵਜੋਂ ਹੋਈ ਹੈ। ਨੌਜਵਾਨ ਸਾਲ 2015 'ਚ ਫੌਜ 'ਚ ਭਰਤੀ ਹੋਇਆ ਸੀ ਅਤੇ ਜੰਮੂ-ਕਸ਼ਮੀਰ 'ਚ ਤਾਇਨਾਤ ਸੀ। ਇਸ ਤੋਂ ਬਾਅਦ ਉਸ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਓਲਾ ਕੈਬ ਵਿਚ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਨਸ਼ੇ ਨੂੰ ਪੂਰਾ ਕਰਨ ਲਈ ਟ੍ਰਾਈਸਿਟੀ (ਚੰਡੀਗੜ੍ਹ-ਪੰਚਕੂਲਾ-ਮੁਹਾਲੀ) ਵਿਚ ਚੋਰੀਆਂ ਕਰਨ ਲੱਗ ਲਿਆ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਜਾਇਦਾਦ ਨਾਲ ਸਬੰਧਤ ਕਈ ਤਰ੍ਹਾਂ ਦੇ ਅਪਰਾਧ ਕੀਤੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਟ੍ਰਾਈਸਿਟੀ ਵਿਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਇਸ ਤੋਂ ਪਹਿਲਾਂ ਸਾਲ 2020 'ਚ ਸੈਕਟਰ 31 ਦੇ ਥਾਣੇ 'ਚ ਉਸ ਖਿਲਾਫ਼ ਚੋਰੀ ਅਤੇ ਤਸਕਰੀ ਦੇ 2 ਮਾਮਲੇ ਦਰਜ ਕੀਤੇ ਗਏ ਸਨ। ਮੁਲਜ਼ਮ 10ਵੀਂ ਪਾਸ ਹੈ ਅਤੇ ਪੁਲਿਸ ਅਨੁਸਾਰ ਨਸ਼ਾ ਕਰਨ ਦਾ ਆਦੀ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ 2021 ਦੇ ਅੱਧ ਤੋਂ ਟ੍ਰਾਈਸਿਟੀ ਵਿਚ ਚੋਰੀਆਂ ਕਰ ਰਿਹਾ ਸੀ। ਪੁਲਿਸ ਨੇ ਉਸ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਹੈ।
ਮੁਲਜ਼ਮ ਦੇ ਕਬਜ਼ੇ ’ਚੋਂ ਚੋਰੀ ਦਾ ਕਾਫੀ ਸਾਮਾਨ ਬਰਾਮਦ ਹੋਇਆ ਹੈ। ਇਸ ਵਿਚ ਇਕ ਕਾਲੇ ਰੰਗ ਦਾ ਚੰਡੀਗੜ੍ਹ ਨੰਬਰ ਦਾ ਪਲਸਰ ਮੋਟਰਸਾਈਕਲ, ਹਰਿਆਣਾ ਨੰਬਰ ਦੀ ਕਾਲੇ ਰੰਗ ਦੂ ਐਕਟਿਵਾ, ਇਕ ਸਲੇਟੀ ਰੰਗ ਦੀ ਚੰਡੀਗੜ੍ਹ ਨੰਬਰ ਦੀ ਐਕਟਿਵਾ, ਇਕ ਸਲੇਟੀ ਰੰਗ ਦੀ ਪੰਜਾਬ ਨੰਬਰ ਦੀ ਐਕਟਿਵਾ, ਸੋਨੀ ਕੰਪਨੀ ਦਾ ਕਾਲੇ ਰੰਗ ਦਾ 40 ਇੰਚ ਦਾ ਐਲਸੀਡੀ, 2 ਕੈਮਰੇ, 9 ਗੈਸ ਸਿਲੰਡਰ, 92 ਵੱਖ-ਵੱਖ ਦੇਸ਼ਾਂ ਦੇ ਸਿੱਕੇ ਅਤੇ ਕਾਲੇ ਰੰਗ ਦਾ ਬੈਗ ਸ਼ਾਮਲ ਹੈ।
ਹਾਲ ਹੀ ਵਿਚ ਚੰਡੀਗੜ੍ਹ ਦੇ ਸੈਕਟਰ 51 ਦੀ ਰਹਿਣ ਵਾਲੀ ਸੁਧਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 25 ਅਕਤੂਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰ ਫਿਰੋਜ਼ਪੁਰ ਗਈ ਸੀ। ਜਦੋਂ ਉਹ 29 ਅਕਤੂਬਰ ਨੂੰ ਵਾਪਸ ਪਰਤੇ ਤਾਂ ਘਰ ਵਿਚੋਂ ਕਰੀਬ 95 ਹਜ਼ਾਰ ਰੁਪਏ ਦੀ ਨਕਦੀ ਅਤੇ 80 ਤੋਂ 90 ਗ੍ਰਾਮ ਸੋਨੇ ਦੇ ਗਹਿਣੇ ਗਾਇਬ ਸਨ। ਇਸ ਸਬੰਧੀ ਸੈਕਟਰ 49 ਥਾਣੇ ਦੀ ਪੁਲਿਸ ਨੇ 29 ਅਕਤੂਬਰ ਨੂੰ ਚੋਰੀ ਅਤੇ ਭੰਨਤੋੜ ਦਾ ਕੇਸ ਦਰਜ ਕੀਤਾ ਸੀ।