
ਆਮ ਆਦਮੀ ਪਾਰਟੀ (ਆਪ) ਵਿਧਾਇਕ ਐਚਐਸ ਫੂਲਕਾ ਵਲੋਂ ਕਰੀਬ ਪੌਣੇ ਦੋ ਮਹੀਨੇ ਪਹਿਲਾਂ ਵਿਧਾਇਕ ਅਹੁਦੇ ਤੋਂ ਦਿਤੇ ਅਸਤੀਫ਼ੇ 'ਤੇ ਮੰਗਲਵਾਰ 11 ਦਸੰਬਰ.........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਵਿਧਾਇਕ ਐਚਐਸ ਫੂਲਕਾ ਵਲੋਂ ਕਰੀਬ ਪੌਣੇ ਦੋ ਮਹੀਨੇ ਪਹਿਲਾਂ ਵਿਧਾਇਕ ਅਹੁਦੇ ਤੋਂ ਦਿਤੇ ਅਸਤੀਫ਼ੇ 'ਤੇ ਮੰਗਲਵਾਰ 11 ਦਸੰਬਰ ਨੂੰ ਕੋਈ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਫੂਲਕਾ ਨੂੰ ਉਸ ਦਿਨ ਸਵੇਰੇ 10 ਵਜੇ ਮੁਲਕਾਤ ਲਈ ਸਮਾਂ ਦਿਤਾ ਹੈ। ਫੂਲਕਾ ਨੇ ਖ਼ੁਦ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਹ ਮਿੱਥੀ ਤਰੀਕ ਨੂੰ ਸਵੇਰੇ 9:45 ਵਜੇ ਸਪੀਕਰ ਕੋਲ ਪਹੁੰਚ ਜਾਣਗੇ ਅਤੇ ਅਪਣੇ ਅਸਤੀਫ਼ੇ ਬਾਰੇ ਵਿਚਾਰ ਕਰਨਗੇ।
ਫੂਲਕਾ ਨੇ ਕਿਹਾ ਕਿ ਉਹ ਲੋੜ ਪੈਣ 'ਤੇ ਕਿਸੇ ਵੀ ਅਧਿਕਾਰਤ ਫ਼ਾਰਮੈਟ 'ਚ ਅਸਤੀਫ਼ਾ ਮੁੜ ਸੌਂਪਣ ਲਈ ਵੀ ਬਜ਼ਿੱਦ ਹਨ। ਫੂਲਕਾ ਨੇ ਅਕਤੂਬਰ ਮਹੀਨੇ ਹੀ ਵਿਧਾਇਕ ਦੇ ਅਹੁਦੇ ਤੋਂ ਅਪਣਾ ਅਸਤੀਫ਼ਾ ਦੇ ਦਿਤਾ ਸੀ। ਫੂਲਕਾ ਦਾ ਦਾਅਵਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਸਟਿਸ ਰਣਜੀਤ ਸਿੰਘ ਰੀਪੋਰਟ 'ਤੇ ਸੁਣਵਾਈ ਦਾ ਕੇਸ ਲੱਗਾ ਹੋਇਆ ਸੀ। ਪਰ ਪੰਜਾਬ ਸਰਕਾਰ ਨੇ ਇਸ ਬਾਰੇ ਗੰਭੀਰਤਾ ਨਹੀਂ ਵਿਖਾਈ। ਇਨ੍ਹਾਂ ਹੀ ਆਪ ਪਾਰਟੀ ਵਲੋਂ ਜਾਰੀ ਬਿਆਨ ਰਾਹੀਂ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਵਲੋਂ ਵੀ ਅਸਿੱਧੇ ਰੂਪ 'ਚ ਫੂਲਕਾ ਦੇ ਅਸਤੀਫ਼ੇ ਨੂੰ ਸਹੀ ਕਰਾਰ ਦਿਤਾ ਜਾ ਚੁਕਾ ਹੈ।
ਚੀਮਾ ਵਲੋਂ ਪ੍ਰੈਸ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ 'ਆਪ' ਦੇ ਸੀਨੀਅਰ ਅਤੇ ਬੇਹੱਦ ਸਤਿਕਾਰਯੋਗ ਵਿਧਾਇਕ ਐਚ.ਐਸ. ਫੂਲਕਾ ਨੇ ਅਪਣੇ ਵਚਨ ਨਿਭਾਉਂਦਿਆਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਜ਼ਿੰਦਾ ਜ਼ਮੀਰ ਦਾ ਸਬੂਤ ਦਿਤਾ ਹੈ। ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੀ 'ਗੁਰੂ' ਨੂੰ ਸਮਰਪਿਤ ਹੋ ਕੇ ਅਸਤੀਫ਼ੇ ਦੇਣ ਦੀ ਹਿੰਮਤ ਵਿਖਾਉਣ ਅਤੇ ਜ਼ਿੰਦਾ ਜ਼ਮੀਰ ਦਾ ਸਬੂਤ ਦੇਣ।