
ਪੰਜਾਬੀ ਨੌਜਵਾਨਾਂ ਨੂੰ ਅਰਮੀਨੀਆ ਵਿਚ ਸੁਨਹਿਰੇ ਭਵਿੱਖ ਦੇ ਸਪਨੇ ਵਿਖਾ ਕੇ ਲੱਖਾਂ ਰੁਪਏ ਠੱਗਣ ਵਾਲੇ ਟਰੈਵਲ ਏਜੰਟਾਂ ਦੇ ਸਬੰਧ ਰਸ਼ੀਅਨ ਮਾਫ਼ੀਆ ਨਾਲ...
ਕਪੂਰਥਲਾ : ਪੰਜਾਬੀ ਨੌਜਵਾਨਾਂ ਨੂੰ ਅਰਮੀਨੀਆ ਵਿਚ ਸੁਨਹਿਰੇ ਭਵਿੱਖ ਦੇ ਸਪਨੇ ਵਿਖਾ ਕੇ ਲੱਖਾਂ ਰੁਪਏ ਠੱਗਣ ਵਾਲੇ ਟਰੈਵਲ ਏਜੰਟਾਂ ਦੇ ਸਬੰਧ ਰਸ਼ੀਅਨ ਮਾਫ਼ੀਆ ਨਾਲ ਹਨ। ਅਰਮੀਨੀਆ ਵਿਚ ਫਸੇ ਨੌਜਵਾਨਾਂ ਦੀ ਜਾਨ ਉਤੇ ਖ਼ਤਰਾ ਬਣਿਆ ਰਹਿੰਦਾ ਹੈ। ਇਸ ਸਮੇਂ ਵੀ ਅਰਮੀਨੀਆ ਵਿਚ ਲਗਭੱਗ 50 ਹਜ਼ਾਰ ਨੌਜਵਾਨ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਨੂੰ ਬਾਅਦ ਵਿਚ ਅਰਮੀਨੀਆ ਤੋਂ ਜਾਨ ਜੋਖ਼ਮ ਵਿਚ ਪਾ ਕੇ ਸਮੰਦਰ ਪਾਰ ਇਟਲੀ, ਫ਼ਰਾਂਸ ਵਰਗੇ ਦੇਸ਼ਾਂ ਦੀਆਂ ਸਰਹੱਦਾਂ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਿਆ ਜਾਂਦਾ ਹੈ।
ਇਸ ਗੱਲ ਦਾ ਖ਼ੁਲਾਸਾ ਸ਼ਨਿਚਰਵਾਰ ਨੂੰ ਅਰਮੀਨੀਆ ਤੋਂ ਪਰਤੇ ਭੁਲੱਥ ਹਲਕੇ ਦੇ ਕਸਬਾ ਨਡਾਲਾ ਦੇ ਨੌਜਵਾਨ ਹਰਮਨਜੀਤ ਸਿੰਘ ਅਤੇ ਪਿੰਡ ਇਬਰਾਹਿਮਵਾਲ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਨੇ ਕੀਤਾ। ਇਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਯੋਧਾ ਨਗਰੀ ਦੇ ਰਹਿਣ ਵਾਲਾ ਇਕ ਹੋਰ ਨੌਜਵਾਨ ਵੀ ਵਾਪਸ ਪਰਤਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਲੋਕ ਚਾਰ ਨਵੰਬਰ ਨੂੰ ਅਰਮੀਨੀਆ ਦੇ ਲਈ ਗਏ ਸਨ। ਏਜੰਟ ਨੇ 700-750 ਡਾਲਰ ਤਨਖ਼ਾਹ ਦੇ ਸਬਜ਼ਬਾਗ ਉਨ੍ਹਾਂ ਨੂੰ ਵਿਖਾਏ।
ਉੱਥੇ ਪਹੁੰਚ ਕੇ ਉਨ੍ਹਾਂ ਨੂੰ ਸਿਰਫ਼ 300 ਡਾਲਰ ਤਨਖ਼ਾਹ ਦਿਤਾ ਗਿਆ, ਜਿਸ ਵਿਚੋਂ 100 ਡਾਲਰ ਕਮਰੇ ਦਾ ਕਿਰਾਇਆ ਅਤੇ 100 ਡਾਲਰ ਖਾਣ ਵਿਚ ਖਰਚ ਹੋ ਜਾਂਦੇ ਸਨ। ਏਜੰਟ ਨੇ ਉਨ੍ਹਾਂ ਨੂੰ ਰਹਿਣ ਅਤੇ ਖਾਣ ਦੀ ਵਿਵਸਥਾ ਕੰਪਨੀ ਵਲੋਂ ਦੱਸੀ ਸੀ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਟ ਹਰਪ੍ਰੀਤ ਅਰਮੀਨੀਆ ਵਿਚ ਹੈ, ਜਿਸ ਦੇ ਭਰਾ ਦੇ ਰਸ਼ੀਅਨ ਮਾਫ਼ੀਆ ਨਾਲ ਸਬੰਧ ਹਨ। ਇਸ ਕਾਰਨ ਉਹ ਉਨ੍ਹਾਂ ਨੂੰ ਉਥੇ ਹਰ ਸਮਾਂ ਡਰਾਉਂਦੇ ਰਹਿੰਦੇ ਸਨ ਕਿ ਜੇਕਰ ਘਰ ਜਾਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਮਾਰ ਦਿਤਾ ਜਾਵੇਗਾ।
ਉਨ੍ਹਾਂ ਨੇ ਉੱਥੇ ਡੇਢ ਤੋਂ ਦੋ ਮਹੀਨੇ ਬੜੀ ਮੁਸ਼ਕਿਲ ਨਾਲ ਬੀਤਾਏ। ਕਈ ਵਾਰ ਭੁੱਖੇ ਵੀ ਰਹਿਣਾ ਪੈਂਦਾ ਸੀ। ਇਕ ਨੌਜਵਾਨ ਨੂੰ ਲਗਭੱਗ ਇਕ ਮਹੀਨੇ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਸ ਨੂੰ ਉਥੋਂ ਉਸ ਦੇ ਸਾਥੀਆਂ ਨੇ ਕੱਢਿਆ ਅਤੇ ਉਸ ਦਾ ਪਾਸਪੋਰਟ ਲੈ ਕੇ ਦਿਤਾ। ਫਰਜ਼ੀ ਟਰੈਵਲ ਏਜੰਟਾਂ ਦਾ ਗਰੋਹ ਅਰਮੀਨੀਆ ਵਿਚ ਵੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਗਰੋਹ ਦੇ ਸੱਤ ਲੋਕ ਅਰਮੀਨੀਆ ਵਿਚ ਹੀ ਰਹਿੰਦੇ ਹਨ। ਢਿਲਵਾ ਅਤੇ ਬੇਗੋਵਾਲ ਪੁਲਿਸ ਹੁਣ ਤੱਕ ਤਿੰਨ ਏਜੰਟਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਅਰਮੀਨੀਆ ਤੋਂ ਪਰਤੇ ਇਨ੍ਹਾਂ ਨੌਜਵਾਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਨ੍ਹਾਂ ਏਜੰਟਾਂ ਉਤੇ ਸ਼ਿਕੰਜਾ ਕੱਸਿਆ ਜਾਵੇਗਾ। ਪਤੀ-ਪਤਨੀ ਸਹਿਤ ਦੋ ਹੋਰ ਨੌਜਵਾਨ ਇਨ੍ਹਾਂ ਏਜੰਟਾਂ ਦੇ ਕਾਰਨ ਅਰਮੀਨੀਆ ਵਿਚ ਫਸ ਗਏ ਸਨ। ਉੱਥੋਂ ਵੀਡੀਓ ਬਣਾ ਕੇ ਇਨ੍ਹਾਂ ਨੇ ਮਦਦ ਦੀ ਗੁਹਾਰ ਲਗਾਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਦੇਸ਼ ਲਿਆਂਦਾ ਗਿਆ ਹੈ।