
ਕਿਹਾ, ਮੰਡੀਆਂ 'ਚ 50 ਤੋਂ ਵੱਧ ਦਾ ਇਕੱਠ ਨਹੀਂ ਹੋਵੇਗਾ, ਖ਼ਰੀਦ ਸਮਾਂ ਜੂਨ ਦੇ ਅੱਧ ਤਕ ਜਾਵੇਗਾ
ਚੰਡੀਗੜ੍ਹ (ਜੀ.ਸੀ. ਭਾਰਦਵਾਜ): ਦੇਸ਼ ਕੇ ਬਾਕੀ ਹਿੱਸਿਆਂ 'ਚ ਕੋਰੋਨੋ ਵਾਇਰਸ ਦੀ ਬੇਤਹਾਸ਼ਾ ਕਰੋਪੀ ਦੇ ਚਲਦਿਆਂ ਪੰਜਾਬ ਵਿਚ ਇਸ ਦਾ ਪਸਾਰਾ ਰੋਕਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਲਾਕਡਾਊਨ ਤੇ ਕਰਫ਼ੀਊ ਅੱਜ 30 ਅਪ੍ਰੈਲ ਤਕ ਵਧਾਉਣ ਦਾ ਫ਼ੈਸਲਾ ਲਿਆ ਹੈ, ਉਥੇ ਕਣਕ ਖਰੀਦ ਦੀ ਟੀਮ ਦੇ ਪ੍ਰਧਾਨ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੈ ਕਿਹਾ ਕਿ ਕਿਸਾਨਾਂ ਦੀ ਸੋਨੇ-ਰੰਗੀ ਫ਼ਸਲ ਕਣਕ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਮਿਹਨਤੀ ਕਿਸਾਨਾਂ ਦੀਫ਼ਸਲ ਮੰਡੀਆਂ ਵਿਚ ਲਿਆਉਣ ਲਈ ਖਰੀਦ ਕੇਂਦਰਾਂ ਦੀ ਗਿਣਤੀ 1832 ਤੋਂ ਵਧਾ ਕੇ 4000 ਕੀਤੀ ਗਈ ਹੈ ਜਿਥੇ ਬਿਜਲੀ ਪਾਣੀ, ਕਣਕ ਦੀ ਸਫ਼ਾਈ-ਤੁਲਾਈ, ਲੇਬਰ ਅਤੇ ਹੋਰ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ ਜੋ 15 ਅਪ੍ਰੈਲ ਤਕ ਪੂਰੇ ਕਰਨ ਲਈ ਜੰਗੀ ਪੱਧਰ 'ਤੇ ਕੰਮ ਚਲ ਰਿਹਾ ਹੈ।
File photo
ਲਾਲ ਸਿੰਘ ਨੇ ਦਸਿਆ ਕਿ ਸੂਬੇ ਦੀਆਂ 4 ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਨੂੰ ਮਦਦ ਦੇਣ ਲਈ ਮੰਡੀ ਬੋਰਡ ਦਾ ਰੈਗੁਲਰ ਸਟਾਫ਼, ਸੇਵਾ-ਮੁਕਤ ਸਟਾਫ਼ ਅਤੇ ਹੋਰ ਕਰਮਚਾਰੀਆਂ ਨੂੰ ਅਗਲੇ ਦੋ-ਢਾਈ ਮਹੀਨਿਆਂ ਲਈ ਮੰਡੀਆਂ ਵਿਚ ਤੇਨਾਤ ਕੀਤਾ ਜਾ ਰਿਹਾ ਹੈ। ਸ. ਲਾਲ ਸਿੰਘ ਨੇ ਦਸਿਆ ਕਿ ਪਿਛਲੇ ਸਾਲ ਦੀ 132 ਲੱਖ ਟਨ ਦੀ ਰਿਕਾਰਡ ਖਰੀਦ ਨਾਲੋਂ ਇਸ ਵਾਰ ਹੋਰ ਵਾਧੂ ਯਾਨਿ 135 ਲੱਖ ਟਨ ਕਣਕ ਦੀ ਆਮਦ, ਇਨ੍ਹਾਂ ਮੰਡੀਆਂ ਵਿਚ ਆਉਣ ਦੀ ਆਸ ਹੈ, ਜਿਸ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਅਤੇ ਜੂਨ ਦੇ ਅੱਧ ਤੱਕ ਇਹ ਖਰੀਦ ਚੱਲੇਗੀ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਸ ਦੇ ਖ਼ਤਰੇ ਕਰ ਕੇ ਭੀੜ ਨੂੰ ਘਟਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ 50 ਤੋਂ ਵੱਧ ਕਿਸਾਨ, ਲੇਬਰ, ਆੜ੍ਹਤੀ, ਸਟਾਫ਼ ਅਤੇ ਹੋਰ ਅਮਲਾ ਇਕ ਮੰਡੀ ਵਿਚ ਇਕੱਠਾ ਨਾ ਹੋਵੇ, ਜਿਸ ਨੂੰ ਕੰਟਰੋਲ ਕਰਨ ਲਈ ਪੁਲਿਸ ਅਤੇ ਸੁਰੱਖਿਆ ਪ੍ਰਬੰਧ ਛੇਤੀ ਪੂਰੇ ਕੀਤੇ ਜਾਣਗੇ। ਮੰਡੀ ਬੋਰਡ ਦੇ ਚੇਅਰਮੈਨ ਨੇ ਦਸਿਆ ਕਿ ਆੜ੍ਹਤੀਆਂ ਰਾਹੀਂ, ਬੈਂਕਾਂ ਰਾਹੀਂ ਅਤੇ ਹੋਰ ਈ-ਸਿਸਟਮ ਰਾਹੀਂ ਨੇੜਲੀ ਮੰਡੀ ਵਿਚ ਪਿੰਡ ਦੇ ਕਿਸਾਨਾਂ ਨੂੰ ਤੈਅਸ਼ੁਦਾ ਕੇਂਦਰ ਵਿਚ ਆਉਣ ਲਈ ਨਿਯਤ ਦਿਨ ਅਤੇ ਤਰੀਕ ਨੂੰ ਸੱਦਿਆ ਜਾਵੇਗਾ।
File photo
ਸ. ਲਾਲ ਸਿੰਘ ਨੇ ਦਸਿਆ ਕਿ ਅਨਾਜ ਸਪਲਾਈ ਵਿਭਾਗ, ਖੇਤੀਬਾੜੀ ਮਹਿਕਮੇ, ਖੇਤੀ ਮਾਹਰਾਂ ਅਤੇ ਕਿਸਾਨ ਜਥੇਬੰਦੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪੁਲਿਸ ਮਹਿਕਮੇ ਦੇ ਸਹਿਯੋਗ ਨਾਲ ਇਸ ਵੱਡੇ ਪ੍ਰਾਜੈਕਟ ਨੂੰ ਸਿਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੇ ਭੰਡਾਰ ਵਾਸਤੇ ਖਰੀਦੀ ਜਾ ਰਹੀ ਇਯ ਕਣਕ ਖਰੀਦ ਦੀ ਅਦਾਇਗੀ 1925 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਯਾਨਿ ਘੱਟੋ ਘੱਟ ਸਮਰਥਨ ਮੁੱਲ ਮੁਤਾਬਕ ਕੀਤੀ ਜਾਵੇਗੀ ਜਿਸ ਲਈ 22,970 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਮਨਜ਼ੂਰ ਹੋ ਚੁੱਕੀ ਹੈ ਅਤੇ ਬਾਕੀ 3,000 ਕਰੋੜ ਤੋਂ ਵੱਧ ਦੀ ਰਕਮ ਕੇਂਦਰੀ ਅਨਾਜ ਨਿਗਮ ਯਾਨਿ ਐਫ.ਸੀ.ਆਈ. ਲਈ ਨਿਯਤ ਕੀਤੀ ਗਈ ਹੈ।