
ਛੇ ਮਹੀਨੇ ਪਹਿਲਾਂ ਦਸੰਬਰ 'ਚ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ
ਚੰਡੀਗੜ੍ਹ, 10 ਜੂਨ (ਜੀ.ਸੀ. ਭਾਰਦਵਾਜ) : ਛੇ ਮਹੀਨੇ ਪਹਿਲਾਂ ਦਸੰਬਰ 'ਚ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੰਗਠਨਾਤਮਕ ਢਾਂਚਾ ਰੱਦ ਕੀਤੇ ਜਾਣ ਉਪਰੰਤ ਹੁਣ ਸਰਹੱਦੀ ਸੂਬੇ ਦੀ ਸੱਤਾਧਾਰੀ ਪਾਰਟੀ 'ਚ ਨਵੀਂ ਰੂਹ ਭਰਨ ਅਤੇ ਡੇਢ ਸਾਲ ਮਗਰੋਂ ਫ਼ਰਵਰੀ 2022 'ਚ ਅਸੈਂਬਲੀ ਚੋਣਾਂ ਮੁੜ ਜਿੱਤਣ ਦੀ ਧਾਰਨਾ ਨੂੰ ਸਿਰੇ ਚਾੜ੍ਹਨ ਲਈ ਸੰਗਠਨ ਨੂੰ ਨਵੇਂ ਸਿਰਿਉਂ ਨਿਯੁਕਤ ਕਰਨ ਦੀ ਤਿਆਰੀ ਚੱਲ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੀਆਂ ਦੋ ਬੈਠਕਾਂ ਹੋ ਚੁਕੀਆਂ ਹਨ ਤੇ ਤੀਜੀ, ਹੁਣ 20 ਜਾਂ 21 ਜੂਨ ਨੂੰ ਆਸ਼ਾ ਕੁਮਾਰੀ ਦੇ ਇਥੇ ਪਹੁੰਚਣ 'ਤੇ ਫਿਰ ਇਕ ਵਾਰ ਹੋਵੇਗੀ ਜਿਸ ਵਿਚ ਲਿਸਟ ਕੀਤੇ ਅਹੁਦੇਦਾਰਾਂ ਅਤੇ ਉਨ੍ਹਾਂ ਵਲੋਂ ਨਿਭਾਏ ਜਾਣ ਵਾਲੇ ਕਿਰਦਾਰ 'ਤੇ ਚਰਚਾ ਹੋਵੇਗੀ।
ਸੁਨੀਲ ਜਾਖੜ ਅੱਜ ਦਿੱਲੀ ਪਹੁੰਚੇ ਹੋਏ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਦਸਿਆ ਕਿ ਇਸ ਮਹੀਨੇ ਦੇ ਅਖ਼ੀਰ ਤਕ ਜਾਂ ਜੁਲਾਈ ਦੇ ਪਹਿਲੇ ਹਫ਼ਤੇ, ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਇਨ੍ਹਾਂ ਨਵੀਆਂ ਨਿਯੁਕਤੀਆਂ ਨੂੰ ਅੰਤਮ ਛੋਹਾਂ ਦੇਣ ਲਈ ਬੈਠਕ ਹੋਵੇਗੀ। ਉੁਨ੍ਹਾਂ ਦਸਿਆ ਕਿ ਪਾਰਟੀ ਦੇ ਅਕਸ ਨੂੰ ਅਪਣੇ ਹੀ ਕੁੱਝ ਨੇਤਾਵਾਂ ਵਲੋਂ ਲਗਾਈ ਢਾਹ ਕਾਰਨ ਜੋ ਮਾਹੌਲ ਪੰਜਾਬ 'ਚ ਚੱਲ ਰਿਹਾ ਹੈ ਅਤੇ ਇਸ ਦਾ ਮਾੜਾ ਅਸਰ 2022 ਦੀਆਂ ਚੋਣਾਂ 'ਤੇ ਨਾ ਪਵੇ, ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੀ ਵਾਰੀ 50 ਦੇ ਕਰੀਬ ਉਪ ਪ੍ਰਧਾਨ, 130 ਤੋਂ ਵਧ ਜਨਰਲ ਸਕੱਤਰ ਤੇ ਸਕੱਤਰ, 50 ਮੈਂਬਰ ਕਾਰਜਕਾਰਨੀ ਦੇ ਅਤੇ 40 ਤੋਂ ਵੱਧ ਪੱਕੇ ਤੌਰ 'ਤੇ ਇਨਵਾਈਟੀ ਮੈਂਬਰ ਰੱਖੇ ਸਨ। ਇਨ੍ਹਾਂ 250 ਅਹੁਦੇਦਾਰਾਂ ਦੀ ਫ਼ੌਜ 'ਤੇ ਐਤਕੀਂ ਕੱਟ ਮਾਰ ਕੇ ਕੇਵਲ ਅੱਧੇ ਕੁ ਹੀ ਨਿਯੁਕਤ ਕੀਤੇ ਜਾਣਗੇ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਕਾਮਯਾਬੀ ਵਾਸਤੇ ਅੱਗੇ ਹੋ ਕੇ ਅਹਿਮ ਭੂਮਿਕਾ ਨਿਭਾਉਣਗੇ।
ਸੁਨੀਲ ਜਾਖੜ ਨੇ ਸਪਸ਼ਟ ਕਿਹਾ ਕਿ ਪਾਰਟੀ 'ਚ ਅਨੁਸ਼ਾਸਨ ਕਾਇਮ ਰੱਖਣ ਵਾਸਤੇ ਹਰ ਸੰਭਵ ਕੋਸ਼ਿਸ਼ ਅਤੇ ਸਖ਼ਤ ਕਦਮ ਚੁੱਕੇ ਜਾਣਗੇ ਅਤੇ ਇਸ ਨੁਕਤੇ 'ਤੇ ਮੁੱਖ ਮੰਤਰੀ ਅਤੇ ਸੋਨੀਆ ਗਾਂਧੀ ਨਾਲ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ ਅਤੇ ਹੁਣ ਫਿਰ ਗੱਲਬਾਤ ਹੋਵੇਗੀ। ਇਕ-ਦੋ ਵਿਧਾਇਕਾਂ ਅਤੇ ਹੋਰ ਪਾਰਟੀ ਨੇਤਾਵਾਂ ਦੇ ਸ਼ਰਾਬ ਮਾਫ਼ੀਏ 'ਚ ਫਸੇ ਹੋਣ, ਰੇਤ-ਬਜਰੀ ਤੇ ਟੈਕਸ ਚੋਰੀ ਨਾਲ ਸਬੰਧਤ ਮਾਮਲਿਆਂ 'ਚ ਦਾਗੀ ਹੋਣ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੋ ਮੰਤਰੀਆਂ, ਸੁਖ ਸਰਕਾਰੀਆ - ਵਿਜੈਇੰਦਰ ਸਿੰਗਲਾ ਸਮੇਤ ਤਿੰਨ ਮੈਂਬਰਾਂ ਵੀ.ਕੇ. ਗਰਗ, ਕ੍ਰਿਸ਼ਨ ਕੁਮਾਰ ਤੇ ਡੀ.ਐਸ. ਕੱਲ੍ਹਾਹ ਵਾਲੀ ਵਿਸ਼ੇਸ਼ ਪੜਤਾਲੀਆ ਟੀਮ ਵਲੋਂ ਦੋ ਮਹੀਨੇ 'ਚ ਰਿਪੋਰਟ ਦੇਣ ਉਪਰੰਤ ਹੀ ਕੋਈ ਸਖ਼ਤ ਐਕਸ਼ਨ ਲਿਆ ਜਾਣਾ ਹੈ।