
16 ਸਾਲਾ ਨਬਾਲਗ ਨਾਲ 2 ਪੁਲਿਸ ਕਰਮੀਆਂ ਵਲੋਂ ਸ਼ਰਮਨਾਕ ਕਾਰਾ
ਹੁਸ਼ਿਆਰਪੁਰ: ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਨਾ ਕਿ ਲੋਕਾਂ ਲਈ ਖਤਰਾ। ਹੁਸ਼ਿਆਰਪੁਰ ਦੇ 2 ਪੁਲਿਸ ਮੁਲਾਜ਼ਮਾਂ ਨੇ ਖਾਕੀ ਵਰਦੀ ਨੂੰ ਸ਼ਰਮਸਾਰ ਕਰ ਦਿਤਾ ਹੈ। ਦਰਅਸਲ, ਇੱਥੇ 2 ਪੁਲਿਸ ਦੇ ਜਵਾਨਾਂ ਨੇ 16 ਸਾਲ ਦੀ ਨਾਬਾਲਗ ਬੱਚੀ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਮਾਮਲਾ ਟਾਂਡਾ ਉੜਮੁੜ ਅਧੀਨ ਪੈਂਦੇ ਰੇਲਵੇ ਸਟੇਸ਼ਨ ਚੋਲਾਂਗ ਦਾ ਹੈ, ਜਿੱਥੇ ਪੰਜਾਬ ਹੋਮਗਾਰਡ ਦੇ ਦੋ ਜਵਾਨਾਂ ਨੇ 16 ਸਾਲਾਂ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ।
Accused
ਮਿਲੀ ਜਾਣਕਾਰੀ ਮੁਤਾਬਕ, ਮੌਕੇ ’ਤੇ ਪਹੁੰਚੀ ਟਾਂਡਾ ਪੁਲਿਸ ਤੇ ਜਲੰਧਰ ਤੋਂ ਆਈ ਜੀਆਰਪੀ ਪੁਲਿਸ ਨੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਘਟਨਾ ਵੀਰਵਾਰ ਸਵੇਰੇ ਲਗਭੱਗ 7 ਵਜੇ ਵਾਪਰੀ। ਦੋਵੇਂ ਪੁਲਿਸ ਜਵਾਨ ਰੇਲਵੇ ਵਿੱਚ ਡਿਊਟੀ 'ਤੇ ਤਾਇਨਾਤ ਸਨ। ਪੀੜਤੀ ਲੜਕੀ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਅਪਣੇ ਚਾਚੇ ਦੇ ਘਰ ਅਪਣੀ ਬਿਮਾਰ ਦਾਦੀ ਦਾ ਹਾਲ-ਚਾਲ ਪੁੱਛਣ ਆਈ ਸੀ।
ਰਾਤ ਦਾਦੀ ਕੋਲ ਰੁਕਣ ਤੋਂ ਬਾਅਦ ਅੱਜ ਸਵੇਰੇ ਰੇਲ ਰਾਹੀਂ ਉਸ ਨੇ ਮੁਕੇਰੀਆਂ ਨੇੜੇ ਅਪਣੇ ਪਿੰਡ ਜਾਣਾ ਸੀ ਤੇ ਸਵੇਰੇ ਛੇ ਵਜੇ ਵਾਪਸ ਘਰ ਜਾਣ ਲਈ ਰੇਲਵੇ ਸਟੇਸ਼ਨ ’ਤੇ ਚਾਚੇ ਨਾਲ ਪਹੁੰਚੀ ਸੀ। ਉਸ ਦੇ ਚਾਚੇ ਦੇ ਸਿਰ ’ਚ ਦਰਦ ਹੋਣ ’ਤੇ ਉਹ ਬੈਂਚ ’ਤੇ ਲੇਟ ਗਿਆ। ਇਸ ’ਤੇ ਕੁੜੀ ਉਸ ਦਾ ਸਿਰ ਦਬਾਉਣ ਲੱਗੀ। ਇਸ ਦੌਰਾਨ ਹੀ ਹੋਮਗਾਰਡ ਦੇ ਤਿੰਨ ਜਵਾਨ ਉੱਥੇ ਪਹੁੰਚੇ ਤੇ ਦੋਵਾਂ ਤੋਂ ਪੁੱਛਗਿੱਛ ਕਰਨ ਲੱਗੇ।
Rape Case
ਦੋਸ਼ ਹੈ ਕਿ ਇਕ ਜਵਾਨ ਉੱਥੋਂ ਚਲਾ ਗਿਆ ਜਦਕਿ ਧਰਮਪਾਲ ਤੇ ਦਿਲਬਾਗ ਸਿੰਘ ਨੇ ਕੁੜੀ ਦੇ ਚਾਚੇ ਨੂੰ ਧਮਕਾ ਕੇ ਮੌਕੇ ਤੋਂ ਭਜਾ ਦਿਤਾ। ਫਿਰ ਉਹ ਨਾਬਾਲਿਗ ਲੜਕੀ ਨੂੰ ਚੌਕੀ 'ਚ ਲੈ ਗਏ। ਦਰਵਾਜ਼ਾ ਤੇ ਖਿੜਕੀਆਂ ਬੰਦ ਕਰ ਕੇ ਚੌਕੀ ਅੰਦਰ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਕੁੜੀ ਦੇ ਚਾਚੇ ਨੂੰ ਜਵਾਨਾਂ ਦੀਆਂ ਨੀਯਤਾਂ ’ਤੇ ਸ਼ੱਕ ਸੀ, ਇਸ ਲਈ ਉਹ ਘਰ ਨਹੀਂ ਗਿਆ ਤੇ ਰੇਲਵੇ ਸਟੇਸ਼ਨ ਦੇ ਕੋਲ ਘੁੰਮਦਾ ਰਿਹਾ। ਕੁੜੀ ਨੇ ਚੌਕੀ ਦੇ ਬਾਹਰ ਆ ਕੇ ਚਾਚੇ ਨੂੰ ਦੋਵਾਂ ਦੀ ਕਰਤੂਤ ਬਾਰੇ ਦੱਸਿਆ ਜਿਸ ਤੋਂ ਬਾਅਦ ਉਸ ਨੇ ਰੌਲਾ ਪਾ ਦਿਤਾ।
ਲੋਕਾਂ ਨੂੰ ਜਦੋਂ ਪੂਰੀ ਗੱਲ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਕ ਜਵਾਨ ਦੀ ਕੁੱਟਮਾਰ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਦੋਵਾਂ ਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਸਥਾਨਕ ਲੋਕਾਂ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ। ਦੋਵਾਂ ਨੇ ਮੀਡੀਆ ਸਾਹਮਣੇ ਅਪਣਾ ਗੁਨਾਹ ਕਬੂਲ ਲਿਆ ਹੈ। ਡੀਐਸਪੀ ਜੀਆਰਪੀ, ਜਲੰਧਰ ਸੁਰਿੰਦਰ ਕੁਮਾਰ ਮੁਤਾਬਕ ਦੋਵਾਂ ਮੁਲਜ਼ਮਾਂ ਵਿਰੁਧ ਸਮੂਹਿਕ ਬਲਾਤਕਾਰ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੁੜੀ ਦਾ ਸਿਵਲ ਹਸਪਤਾਲ, ਜਲੰਧਰ ’ਚ ਮੈਡੀਕਲ ਕਰਵਾਇਆ ਜਾ ਰਿਹਾ ਹੈ।