ਲਾਕਡਾਊਨ ਦੌਰਾਨ ਲੋਕਾਂ ਨੂੰ ਮੈਡੀਕਲ ਨੂੰ ਲੈ ਕੇ ਭਾਰੀ ਦਿੱਕਤਾਂ...
ਚੰਡੀਗੜ੍ਹ: ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ 'ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿੱਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ 'ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ।
ਉਹਨਾਂ ਨਾਲ ਰੋਜ਼ਾਨਾ ਸਪੋਕਸਮੈਨ ਦੇ ਡੀਐਮ ਨਿਰਮਤ ਕੌਰ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ ਜਿਸ ਵਿਚ ਉਹਨਾਂ ਨੇ ਹੁਣ ਤਕ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ। ਜਦੋਂ ਉਹਨਾਂ ਨੇ ਮੋਦੀਖਾਨੇ ਦੀ ਸ਼ੁਰੂਆਤ ਕੀਤੀ ਸੀ ਤਾਂ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਉੱਥੇ ਪਹੁੰਚਣ ਕਿਉਂ ਕਿ ਉਹਨਾਂ ਨੇ ਮੋਦੀਖਾਨੇ ਦੀ ਸ਼ੁਰੂਆਤ ਕਰਨੀ ਹੈ।
ਜਦੋਂ ਉਹ ਪੰਜ ਪਿਆਰੇ ਉੱਥੇ ਗੁਰਦੁਆਰੇ ਵਿਚ ਪਹੁੰਚੇ ਤਾਂ ਉਸ ਸਮੇਂ ਹੀ ਉਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਸਾਥ ਦਿੱਤਾ ਹੈ ਤੇ ਇਹ ਕਾਰਜ ਨੇਪਰੇ ਚੜੇਗਾ। ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤਾਂ ਸੱਚ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਇਸ ਪਹਿਲ ਨੂੰ ਹੀ ਮੁੱਖ ਰੱਖ ਕੇ ਉਹਨਾਂ ਨੇ ਇਸ ਮੋਦੀਖਾਨੇ ਦੀ ਸ਼ੁਰੂਆਤ ਕੀਤੀ ਸੀ।
ਲਾਕਡਾਊਨ ਦੌਰਾਨ ਲੋਕਾਂ ਨੂੰ ਮੈਡੀਕਲ ਨੂੰ ਲੈ ਕੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਵੱਲੋਂ ਦਵਾਈਆਂ ਸਬੰਧੀ ਸੇਵਾ ਸ਼ੁਰੂ ਕੀਤੀ ਜਾਵੇ। ਉਹਨਾਂ ਕੋਲ ਇਕ ਵਿਅਕਤੀ ਆਇਆ ਜੋ ਕਿ ਬਹੁਤ ਹੀ ਰੋ ਰਿਹਾ ਸੀ ਤੇ ਉਹਨਾਂ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦਸਿਆ ਕਿ ਉਸ ਕੋਲ ਦਵਾਈ ਲੈਣ ਲਈ ਪੈਸੇ ਨਹੀਂ ਹਨ। ਫਿਰ ਉਹਨਾਂ ਨੇ ਉਸ ਨੂੰ ਦਵਾਈ ਲੈ ਕੇ ਦਿੱਤੀ।
ਇਸ ਤੋਂ ਬਾਅਦ ਉਹਨਾਂ ਦੇ ਮਨ ਵਿਚ ਆਇਆ ਕਿ ਦਵਾਈ ਦੀ ਅਸਲ ਕੀਮਤ ਪਤਾ ਕੀਤੀ ਜਾਵੇ, ਜਦੋਂ ਅਸਲ ਕੀਮਤ ਪਤਾ ਲੱਗੀ ਤਾਂ ਉਹਨਾਂ ਨੂੰ ਝਟਕਾ ਲੱਗਿਆ ਕਿ ਇਕ ਬੰਦੇ ਦੀ ਜਾਨ ਦੀ ਕੀਮਤ ਸਿਰਫ ਸਾਢੇ 500 ਰੁਪਏ ਹੈ, ਉਸੇ ਦਵਾਈ ਨੂੰ ਮਾਰਕਿਟ ਵਿਚ 2200 ਰੁਪਏ ਤੇ ਵੇਚੀ ਜਾ ਰਹੀ ਸੀ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਅੱਜ ਲੋਕਾਂ ਨੂੰ ਲੰਗਰ ਨਾਲੋਂ ਜ਼ਿਆਦਾ ਜ਼ਰੂਰਤ ਦਵਾਈਆਂ ਦੀ ਹੈ।
ਉਹਨਾਂ ਕੋਲ ਐਥੀਕਲ, ਜੈਨੇਰਿਕ, ਹੋਮੋਓਪੈਥਿਕ, ਤੇ ਆਯੁਰਵੈਦਿਕ ਸਾਰੇ ਤਰ੍ਹਾਂ ਦੀਆਂ ਦਵਾਈਆਂ ਹਨ ਤੇ ਜਿਹੜੇ ਲੋਕ ਦਵਾਈਆਂ ਦੇ ਨਾਮ ਤੇ ਜਾਂ ਇਸ ਦੀ ਕੀਮਤ ਨੂੰ ਲੈ ਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਉਸ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਸਗੋਂ ਗਰੀਬਾਂ ਨੂੰ ਮਾਰ ਪਵੇਗੀ। ਉਹ ਜਿੰਨੀ ਕੀਮਤ ਤੇ ਦਵਾਈ ਲੈ ਕੇ ਆਉਂਦੇ ਹਨ ਉਹ ਉਸੇ ਕੀਮਤ ਤੇ ਸੰਗਤਾਂ ਨੂੰ ਦੇ ਦਿੰਦੇ ਹਨ।
ਉਹਨਾਂ ਕੋਲ ਇੰਨੀ ਸਮਰੱਥਾ ਹੈ ਕਿ ਉਹ ਮੋਦੀਖਾਨੇ ਤੇ ਕਿਸੇ ਵੀ ਸੰਗਤ ਨੂੰ ਖਾਲੀ ਹੱਥ ਨਹੀਂ ਜਾਣ ਦਿੰਦੇ। ਇਸ ਮੋਦੀਖਾਨੇ ਵਿਚ ਉਹਨਾਂ ਕੋਲ 6 ਕਰਮਚਾਰੀ ਰੱਖੇ ਗਏ ਹਨ ਜਿਹਨਾਂ ਵਿਚੋਂ 4 ਨੇ ਡੀਫਾਰਮੈਸੀ ਕੀਤੀ ਹੈ। ਉਹਨਾਂ ਕੋਲ ਡੀਐਮਸੀ ਹਸਪਤਾਲ ਤੋਂ ਪਰਚੀ ਤੇ ਲਿਖੀ ਹੋਈ ਦਵਾਈ ਜ਼ਿਆਦਾ ਆ ਰਹੀ ਹੈ ਤੇ ਇਹੀ ਦਵਾਈ ਮਰੀਜ਼ ਤਕ ਪਹੁੰਚਾਈ ਜਾਂਦੀ ਹੈ।
ਜੇ ਉਹ ਦਵਾਈ ਉਹਨਾਂ ਕੋਲ ਨਹੀਂ ਹੁੰਦੀ ਤਾਂ ਉਹ ਜੈਨੇਰਿਕ ਦਵਾਈ ਬਾਰੇ ਦਸਦੇ ਹਨ ਜੇ ਮਰੀਜ਼ ਉਹ ਦਵਾਈ ਵੀ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ 1 ਤੋਂ 2 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ ਕਿ 1 ਤੋਂ 2 ਦਿਨਾਂ ਦੇ ਅੰਦਰ ਉਹਨਾਂ ਨੂੰ ਉਹੀ ਦਵਾਈ ਮਿਲ ਜਾਵੇਗੀ। ਜੇ ਉਹ ਦਵਾਈ ਨਕਲੀ ਦਿੰਦੇ ਹੁੰਦੇ ਤਾਂ ਹੁਣ ਨੂੰ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਤੇ ਸੰਗਤਾਂ ਦੀ ਗਿਣਤੀ ਵਧਦੀ ਦੇਖ ਕੇ ਪਤਾ ਚਲਦਾ ਹੈ ਕਿ ਉਹਨਾਂ ਨੂੰ ਵੀ ਪਤਾ ਚੱਲ ਚੁੱਕਾ ਹੈ ਕਿ ਉਹ ਦਵਾਈ ਸਹੀ ਵੇਚ ਰਹੇ ਹਨ ਕਿ ਨਕਲੀ।
ਉਹਨਾਂ ਵੱਲੋਂ ਕੈਮਿਸਟਾਂ ਨੂੰ ਅਪੀਲ ਕੀਤੀ ਗਈ ਸੀ ਕਿ 3 ਕੈਮਿਸਟ ਅੱਗੇ ਆਉਣ ਤਾਂ ਉਹਨਾਂ ਕੋਲੋਂ ਦਵਾਈਆਂ ਖਰੀਦ ਕੇ ਉਹ ਮੋਦੀਖਾਨੇ ਵਿਚ ਵੇਚਣਗੇ ਤੇ ਉਹਨਾਂ ਨੂੰ 7 ਪ੍ਰਤੀਸ਼ਤ ਦਿੱਤਾ ਜਾਵੇਗਾ। ਪਰ 4 ਦਿਨ ਹੋ ਗਏ ਇਸ ਗੱਲ ਨੂੰ ਕੋਈ ਵੀ ਅੱਗੇ ਨਹੀਂ ਆਇਆ। ਧਮਕੀਆਂ ਦੇਣ ਵਾਲਿਆਂ ਨੂੰ ਉਹਨਾਂ ਕਿਹਾ ਕਿ ਉਹ ਧਮਕੀਆਂ ਵਾਲੇ ਹੁਣ ਉਹ ਆਪ ਤਾਂ ਬੰਦ ਹੋ ਸਕਦੇ ਹਨ ਪਰ ਗੁਰੂ ਨਾਨਕ ਮੋਦਖਾਨਾ ਬੰਦ ਨਹੀਂ ਹੋ ਸਕਦਾ।
ਉਹਨਾਂ ਨੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਜੇ ਉਹਨਾਂ ਨੇ ਸੇਵਾ ਨਾਲ ਜੁੜਨਾ ਹੀ ਹੈ ਤਾਂ ਉਹ ਡਾਕਟਰ ਬੇਨਤੀ ਕਰਨ ਕਿ ਉਹ ਪਰਚੀ ਤੇ ਦਵਾਈ ਦਾ ਸਾਲਟ ਜ਼ਰੂਰ ਲਿਖ ਦੇਣ। ਜਦੋਂ ਡਾਕਟਰ ਲੋਕਾਂ ਨਾਲ ਖੜ ਜਾਣਗੇ ਤਾਂ ਇਹ ਲੁੱਟ ਖਸੁੱਟ ਕਾਫੀ ਹੱਦ ਤਕ ਰੁੱਕ ਸਕਦੀ ਹੈ ਨਾਲ ਹੀ ਡਾਕਟਰ ਤੇ ਕੈਮਿਸਟ ਵਾਲੇ ਨੂੰ ਇਹ ਬੋਲੋ ਕਿ ਦਵਾਈ ਦਾ ਜੈਨੇਰਿਕ ਵੀ ਦਿਖਾਓ ਤੇ ਐਥੇਕਲ ਵੀ ਦਿਖਾਓ।
ਉਹਨਾਂ ਦਾ ਰੌਲਾ, ਲੜਾਈ ਸਿਰਫ ਠੱਗੀ ਨਾਲ ਹੈ ਕਿਸੇ ਵਿਅਕਤੀ ਨਾਲ ਨਹੀਂ ਤੇ ਉਹਨਾਂ ਨੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹ ਆਪਸ ਵਿਚ ਲੜਨਾ ਬੰਦ ਕਰਨ ਤੇ ਇਸ ਲੜਾਈ ਵਿਚ ਉਹਨਾਂ ਦਾ ਸਾਥ ਦੇਣ ਤਾਂ ਜੋ ਗਰੀਬ ਨੂੰ ਉੱਪਰ ਚੁੱਕਿਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।