
ਅਦਾਲਤ ’ਚ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਪੁਲਿਸ ਵਲੋਂ ਪੇਸ਼ ਕੀਤਾ ਜਾਣਾ ਸੀ ਪ੍ਰੰਤੂ
ਐਸ. ਏ. ਐਸ. ਨਗਰ : ਜਗਤਾਰ ਸਿੰਘ ਹਵਾਰਾ ਵਿਰੁਧ ਥਾਣਾ ਸਦਰ ਖਰੜ ਅਤੇ ਥਾਣਾ ਸੋਹਾਣਾ ’ਚ ਦਰਜ ਵਿਸਫ਼ੋਟਕ ਸਮੱਗਰੀ ਮਿਲਣ ਅਤੇ ਸਾਜ਼ਸ਼ ਰਚਣ ਦੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਕੇ. ਕੇ. ਸਿੰਗਲਾ ਦੀ ਅਦਾਲਤ ’ਚ ਹੋਈ। ਅਦਾਲਤ ’ਚ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਪੁਲਿਸ ਵਲੋਂ ਪੇਸ਼ ਕੀਤਾ ਜਾਣਾ ਸੀ ਪ੍ਰੰਤੂ ਐਡੀਸ਼ਨਲ ਸੁਪਰਡੈਂਟ (ਏ. ਐਸ. ਪੀ.) ਕੇਂਦਰੀ ਜੇਲ ਮੰਡੋਲੀ ਦਿੱਲੀ ਵਲੋਂ ਅਦਾਲਤ ’ਚ ਦਾਇਰ ਜਵਾਬ ਵਿਚ ਕਿਹਾ ਕਿ ਜਗਤਾਰ ਸਿੰਘ ਹਵਾਰਾ ਉੱਚ ਜੋਖ਼ਮ ਵਾਲਾ ਕੈਦੀ ਹੈ ਅਤੇ ਉਸ ਨੂੰ ਫ਼ਿਜ਼ੀਕਲ ਤੌਰ ’ਤੇ ਪੇਸ਼ ਕਰਨਾ ਸੰਭਵ ਨਹੀਂ।
ਇਹ ਵੀ ਪੜ੍ਹੋ: ਔਰਤ ਦੇ ਹੱਕ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਵਧੀਆ ਕਦਮ
ਇਸ ਤੋਂ ਇਲਾਵਾ 15 ਅਗੱਸਤ ਕਾਰਨ ਪੁਲਿਸ ਫ਼ੋਰਸ ਦੀ ਕਮੀ ਵੀ ਹੈ। ਇਸ ਕਾਰਨ ਜਗਤਾਰ ਸਿੰਘ ਹਵਾਰਾ ਨੂੰ ਵੀ. ਸੀ. ਰਾਹੀਂ ਪੇਸ਼ ਕੀਤਾ ਜਾਵੇ। ਅਦਾਲਤ ਵਲੋਂ ਇਸ ਮਾਮਲੇ ਦੀ ਸੁਣਵਾਈ ਬਾਅਦ ਦੁਪਹਿਰ ਕਰਦਿਆਂ ਜਗਤਾਰ ਸਿੰਘ ਹਵਾਰਾ ਦੀ ਵੀ. ਸੀ. ਆਈ. ਪੇਸ਼ੀ ਨੂੰ ਮਨਜ਼ੂਰ ਕਰਦਿਆਂ ਉਕਤ ਦੋਹਾਂ ਮਾਮਲਿਆਂ ਦੀ ਅਗਲੀ ਸੁਣਵਾਈ 28 ਅਗੱਸਤ ਤਕ ਮੁਲਤਵੀ ਕਰ ਦਿਤੀ ਹੈ।
ਇਹ ਵੀ ਪੜ੍ਹੋ: ਯੂ.ਕੇ. ਦੇ ਸੰਸਦ ਮੈਂਬਰ ਢੇਸੀ ਨੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਮੀਤ ਹੇਅਰ ਨਾਲ ਕੀਤੀ ਮੁਲਾਕਾਤ
ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਥਾਣੇ ਵਿਚ ਸਾਲ 2005 ’ਚ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਵਿਰੁਧ 3/4/5 ਐਕਸਪਲੋਸਿਵ ਸਬਸਟਾਇਸਸਐਕਟ 1908ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਕਿ ਜਗਤਾਰ ਸਿੰਘ ਹਵਾਰਾ ਨੂੰ ਨਾ ਤਾਂ ਉਸ ਸਮੇਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਰਾਮਦਗੀ ਹੋਈ ਸੀ। ਇਸੇ ਤਰ੍ਹਾਂ ਸਾਲ 1998 ’ਚ ਹਵਾਰਾ ਵਿਰੁਧ ਥਾਣਾ ਸੋਹਾਣਾ ਵਿਖੇ ਧਾਰਾ-124ਏ, 153ਏ, 225, 511, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ’ਚ ਵੀ ਜਗਤਾਰ ਸਿੰਘ ਹਵਾਰਾ ਦੀ ਉਸ ਸਮੇਂ ਨਾ ਤਾਂ ਗ੍ਰਿਫ਼ਤਾਰੀ ਪਾਈ ਗਈ ਸੀ ਅਤੇ ਨਾ ਹੀ ਉਸ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਰਾਮਦਗੀ ਹੋਈ ਸੀ। ਇਸ ਸਬੰਧੀ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਦਾਲਤ ’ਚ ਕਾਫ਼ੀ ਸਮੇਂ ਤੋਂ ਲਟਕ ਰਹੇ ਉਕਤ ਦੋਹਾਂ ਮਾਮਲਿਆਂ ਦੀ ਸੁਣਵਾਈ ਹਾਈ ਕੋਰਟ ਦੇ ਹੁਕਮਾਂ ਤੋਂ ਸ਼ੁਰੂ ਹੋ ਸਕੀ ਹੈ ਪ੍ਰੰਤੂ ਉਕਤ ਮਾਮਲਿਆਂ ਹਾਲੇ ਤਕ ਬਹਿਸ ਮੁਕੰਮਲ ਹੋਣ ਤੋਂ ਬਾਅਦ ਵੀ ਦੋਸ਼ ਤੈਅ ਨਹੀਂ ਹੋ ਸਕੇ।
ਉਨ੍ਹਾਂ ਦਸਿਆ ਕਿ ਹੁਣ ਦੋਹਾਂ ਮਾਮਲਿਆਂ ਦੀ ਸੁਣਵਾਈ ਉਕਤ ਅਦਾਲਤ ’ਚ ਇਕੋ ਦਿਨ ਹੋਇਆ ਕਰੇਗੀ। ਦੂਜੇ ਪਾਸੇ ਬੰਦੀ ਸਿੰਘਾ ਦੀ ਰਿਹਾਈ ਸਬੰਧੀ ਮੋਰਚੇ ਦੇ ਕਾਰਕੁਨਾਂ ਨੇ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਕੀਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹਵਾਰਾ ਨੂੰ ਰੋਪੜ ਜਾਂ ਪਟਿਆਲਾ ਵਿਚੋਂ ਕਿਸੇ ਵੀ ਜੇਲ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਐਫ਼ਆਈਆਰ ਮੁਹਾਲੀ ਅਤੇ ਚੰਡੀਗੜ੍ਹ ’ਚ ਦਰਜ ਹਨ, ਕਿਉਂਕਿ ਉਕਤ ਖੇਤਰ ਵਿਚ ਆਉਂਦੀਆਂ ਜੇਲਾਂ ਵਿਚ ਹੀ ਜਗਤਾਰ ਸਿੰਘ ਹਵਾਰਾ ਨੂੰ ਰਖਿਆ ਜਾਣਾ ਚਾਹੀਦਾ ਹੈ।