
ਸਰਕਾਰੀ ਸੂਚੀ 'ਚੋਂ 150 ਨਾਂ ਕੱਟ ਕੇ 'ਬਾਦਲ ਜੱਥਾ' ਭੇਜਿਆ ਗਿਆ
ਭਾਰੀ ਦੁਸ਼ਵਾਰੀਆਂ ਤੇ ਰੁਕਾਵਟਾਂ ਦੇ ਬਾਵਜੂਦ ਪੰਜਾਬ ਸਰਕਾਰ ਕਾਫ਼ੀ ਸਫ਼ਲ ਰਹੀ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਕਰਤਾਰਪੁਰ ਲਾਂਘੇ ਦਾ ਖੁਲ੍ਹਣਾ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਭ ਤੋਂ ਸ਼ਾਨਦਾਰ ਪੱਖ ਹੈ ਤੇ ਦੂਜੇ ਸਾਰੇ ਸਮਾਗਮ ਉਸ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ। ਇਸ ਵੱਡੇ ਸਮਾਗਮ ਦਾ ਪ੍ਰਬੰਧ ਕਰਨ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਦੋਹਾਂ ਸਰਕਾਰਾਂ ਵਲੋਂ ਦਿਲੋ ਜਾਨ ਨਾਲ ਯਤਨ ਕੀਤੇ ਗਏ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਬੜੀਆਂ ਔਕੜਾਂ ਦੇ ਬਾਵਜੂਦ ਸ਼ਾਨਦਾਰ ਕੰਮ ਕਰ ਵਿਖਾਇਆ।
Charanjit Singh Channi
ਇਮੀਗਰੇਸ਼ਨ ਸੈਂਟਰ ਦੇ ਬਾਹਰ ਚਰਨਜੀਤ ਸਿੰਘ ਚੰਨੀ ਸਾਰੇ ਯਾਤਰੀਆਂ ਦੇ ਸਵਾਗਤ ਲਈ ਆਪ ਖੜੇ ਸਨ ਤੇ ਉਸ ਸਮੇਂ ਇਹ ਨਹੀਂ ਵੇਖਿਆ ਜਾ ਰਿਹਾ ਸੀ ਕਿ ਕੌਣ ਕਿਹੜੀ ਸਿਆਸੀ ਸਟੇਜ ਤੋਂ ਆਇਆ ਸੀ। ਹਰ ਕੋਈ ਬਰਾਬਰ ਦੇ ਸਵਾਗਤ ਤੇ ਸਤਿਕਾਰ ਦਾ ਪਾਤਰ ਸੀ ਅਤੇ ਇਹੀ ਸੋਚ ਪੰਜਾਬ ਸਰਕਾਰ ਦੇ ਸਾਰੇ ਯਤਨਾਂ ਵਿਚ ਪ੍ਰਮੁੱਖ ਰਹੀ ਹੈ
ਜਿਸ ਕਰ ਕੇ ਵਾਰ-ਵਾਰ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਨਿਮਰਤਾ ਸਹਿਤ ਇਕ ਸਾਂਝਾ ਸਮਾਗਮ ਕਰਨ ਦੀ ਬੇਨਤੀ ਲੈ ਕੇ ਗਏ ਪਰ ਸਿਆਸਤ ਪਰਦੇ ਪਿਛੇ ਅਜਿਹੀ ਖੇਡ ਖੇਡ ਕਰ ਰਹੀ ਸੀ ਕਿ ਆਖ਼ਰੀ ਮੌਕੇ ਤਕ ਪੰਜਾਬ ਸਰਕਾਰ ਦੇ ਪ੍ਰਬੰਧਕਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਪ੍ਰਧਾਨ ਮੰਤਰੀ ਨਾਲ ਇਕ ਹੋਰ ਜੱਥਾ ਵੀ ਆ ਰਿਹਾ ਹੈ।
Giani Harpreet Singh
ਸਟੇਜ ਉਤੇ ਸ਼ਾਇਦ ਪੰਜਾਬ ਸਰਕਾਰ ਨੂੰ ਨੀਵਾਂ ਵਿਖਾਉਣ ਲਈ ਇਕ ਹੋਰ ਜਥਾ ਬਿਠਾਉਣ ਦੀ ਤਿਆਰੀ ਕੀਤੀ ਗਈ ਸੀ ਪਰ ਅਖ਼ੀਰ ਤੇ ਪਹਿਲਾ ਕਦਮ ਅਕਾਲ
ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜੱਥੇ ਦੀ ਅਗਵਾਈ ਸੌਂਪ ਕੇ ਚੁਕਿਆ ਗਿਆ ਤੇ ਪੰਜਾਬ ਸਰਕਾਰ ਵਲੋਂ ਭੇਜੇ 550 ਨਾਵਾਂ ਵਿਚੋਂ 150 ਨਾਂ ਕੱਟ ਕੇ ਸੁਖਬੀਰ ਬਾਦਲ ਦੇ ਗੁਪਤ ਜੱਥੇ ਨੂੰ ਆਖ਼ਰੀ ਪਲਾਂ ਵਿਚ ਮੋਦੀ ਨਾਲ ਡੇਰਾ ਬਾਬਾ ਨਾਨਕ ਭੇਜ ਦਿਤਾ। ਪੰਜਾਬ ਸਰਕਾਰ ਇਸ ਗੁਪਤ ਅਕਾਲੀ-ਬੀਜੇਪੀ ਯੋਜਨਾ ਤੋਂ ਪੂਰੀ ਤਰ੍ਹਾਂ ਬੇਖ਼ਬਰ ਸੀ। ਪਰ ਇਸ ਦਾਅਪੇਚ ਵਿਚ ਖੱਜਲ ਫਿਰ ਤੋਂ ਆਮ ਲੋਕ ਹੋਏ।
Imran khan
ਉਸ ਜੱਥੇ ਵਿਚ ਉਹ ਸਾਰੇ ਲੋਕ ਸਨ ਜੋ ਖਾਸਮ ਖ਼ਾਸ ਦੀ ਪ੍ਰੀਭਾਸ਼ਾ ਵਿਚ ਨਹੀਂ ਆਉਂਦੇ। ਇਕ ਪਲ ਗੇਟ 'ਤੇ ਖੜੇ ਲੋਕਾਂ ਅੰਦਰ ਡਰ ਦਾ ਮਾਹੌਲ ਵੀ ਬਣਿਆ ਜੇ ਕੁੱਝ ਹੋਰ ਸ਼ਰਧਾਲੂ ਹੁੰਦੇ ਤਾਂ ਡਰ ਸੱਚਾ ਵੀ ਸਾਬਤ ਹੋ ਸਕਦਾ ਸੀ। ਇਮਰਾਨ ਖ਼ਾਨ ਨੇ ਜਦ ਕਰਤਾਰਪੁਰ ਲਾਂਘੇ ਦੇ ਪ੍ਰਬੰਧ ਵੇਖੇ ਤਾਂ ਆਖਿਆ ਕਿ,''ਮੈਂ ਨਹੀਂ ਜਾਣਦਾ ਸੀ ਕਿ ਮੇਰੀ ਸਰਕਾਰ ਐਨੀ ਕਾਬਲ ਹੈ।'' ਕਾਬਲ ਤਾਂ ਸਾਡੇ ਪਾਸੇ ਵੀ ਹਨ ਪਰ ਇਸ ਅਕਾਲੀ-ਕਾਂਗਰਸ-ਬੀਜੇਪੀ ਖਿੱਚ ਧੂਹ ਵਿਚ ਏਧਕ ਦੀ ਕਾਬਲੀਅਤ ਨੂੰ ਨਿਖਰਨ ਦਾ ਮੌਕਾ ਨਾ ਮਿਲ ਸਕਿਆ। ਅਨੇਕਾਂ ਔਕੜਾਂ ਅਤੇ ਪੈਸੇ ਦੀ ਘਾਟ ਦੇ ਬਾਵਜੂਦ ਪੰਜਾਬ ਸਰਕਾਰ ਨੇ ਇਕ ਬਿਹਤਰੀਨ ਪ੍ਰੋਗਰਾਮ ਰਚਿਆ।