
ਜਗਤ ਗੁਰੂ ਬਾਬਾ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਿੱਖ ਕੌਮ ਹੀ ਨਹੀਂ ਬਲਕਿ ਪੰਜਾਬ, ਭਾਰਤ ਤੇ ਵਿਸ਼ਵ ਵਿਚ ਜਿਥੇ ਵੀ ਨਾਨਕ ਨਾਮ ਲੇਵਾ ਲੋਕ ਵਸਦੇ ਹਨ
ਜਗਤ ਗੁਰੂ ਬਾਬਾ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਿੱਖ ਕੌਮ ਹੀ ਨਹੀਂ ਬਲਕਿ ਪੰਜਾਬ, ਭਾਰਤ ਤੇ ਵਿਸ਼ਵ ਵਿਚ ਜਿਥੇ ਵੀ ਨਾਨਕ ਨਾਮ ਲੇਵਾ ਲੋਕ ਵਸਦੇ ਹਨ, ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੇ ਹਨ ਤੇ ਮਨਾਉਣਾ ਬਣਦਾ ਵੀ ਹੈ ਕਿਉਂਕਿ ਬਾਬਾ ਨਾਨਕ ਜੀ ਨੇ ਅਪਣੀਆਂ ਯਾਤਰਾਵਾਂ (ਉਦਾਸੀਆਂ) ਰਾਹੀਂ ਵਿਸ਼ਵ ਦੇ ਕਈ ਦੇਸ਼ਾਂ ਵਿਚ ਜਾ ਕੇ ਲੋਕਾਈ ਨੂੰ ਕਰਮਕਾਂਡਾਂ ਤੋਂ ਰੋਕਿਆ ਤੇ ਸਿੱਧੇ ਰਾਹ ਪਾਇਆ।
Sultanpur Lodhi
ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਤਿੰਨ ਸੂਤਰੀ 'ਨਾਮ ਜਪੋ, ਕਿਰਤ ਕਰੋ, ਵੰਡ ਛਕੋ' ਸਿਧਾਂਤ ਦਿਤਾ, ਜੋ ਕਿ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਭਾਵੇਂ ਕਿ ਪਹਿਲਾਂ ਵੀ ਸਿੱਖ ਕੌਮ ਗੁਰੂ ਸਾਹਿਬਾਨ ਤੇ ਭਗਤਾਂ ਦੀਆਂ ਸ਼ਤਾਬਦੀਆਂ ਤੇ ਅਰਧ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਮਨਾਉਂਦੀ ਰਹੀ ਹੈ ਪਰ ਇਸ ਵਾਰ ਇੰਜ ਜਾਪਦਾ ਹੈ ਕਿ ਅਸੀ ਵੰਨ ਸਵੰਨੇ ਲੰਗਰਾਂ, ਪੰਡਾਲਾਂ ਤੇ ਦੀਵਾਨਾਂ ਜਿਹੜੇ ਕਿ ਧਾਰਮਕ ਘੱਟ ਪਰ ਰਾਜਸੀ ਜ਼ਿਆਦਾ ਲੱਗੇ, ਇਨ੍ਹਾਂ ਵਿਚ ਹੀ ਉਲਝ ਕੇ ਰਹਿ ਗਏ। ਪੰਜਵੀਂ ਸ਼ਤਾਬਦੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਸਰਕਾਰ ਵਲੋਂ ਪ੍ਰਾਪਤ ਹੋਏ ਸਨ।
SGPC
ਭਾਵੇਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਜਿਹੇ ਸਮਾਗਮਾਂ ਦੀ ਰਹਿਨੁਮਾਈ ਕਰਦੀ ਹੈ ਪਰ ਜੇਕਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਸਹਿਯੋਗ ਦੇ ਰਹੀ ਹੈ ਤਾਂ ਇਹ ਸੋਨੇ ਤੇ ਸੁਹਾਗੇ ਵਾਲਾ ਕਾਰਜ ਬਣ ਜਾਂਦਾ ਹੈ। ਇਸ ਲਈ ਬਾਬਾ ਜੀ ਦੇ ਸਤਿਕਾਰ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਪਣਾ ਵਿਸ਼ੇਸ਼ ਸਮਾਗਮ ਬੁਲਾਏ ਤੇ ਪੰਜਾਬ ਸਰਕਾਰ ਵੀ ਅਸੈਂਬਲੀ ਦਾ ਸਪੈਸ਼ਲ ਇਜਲਾਸ ਬੁਲਾ ਕੇ ਗੁਰੂ ਸਾਹਿਬ ਨੂੰ ਸਮਰਪਿਤ ਕੌਮ ਨੂੰ ਕੋਈ ਅਜੂਬਾ ਦੇਣ ਲਈ ਮਤੇ ਪਾਸ ਕਰੇ। ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ ਦਾ ਨਾਂ ਨਾਨਕੀ ਚੱਕ, ਨਾਨਕਚੱਕ ਜਾਂ ਨਾਨਕਪੁਰ ਰਖਿਆ ਜਾਵੇ ਤੇ ਇਸ ਨਗਰ ਨੂੰ ਪਵਿੱਤਰ ਨਗਰੀ ਦਾ ਦਰਜਾ ਦਿਤਾ ਜਾਵੇ।
ਮੋਹਨ ਸਿੰਘ, ਛੇਹਰਟਾ, ਅੰਮ੍ਰਿਤਸਰ। ਸੰਪਰਕ : 98772-53377