
ਬਰੋਦਾ ਜ਼ਿਮਨੀ ਚੋਣ : ਕਾਂਗਰਸ ਉਮੀਦਵਾਰ ਇੰਦੂਰਾਜ ਨੇ ਯੋਗੇਸ਼ਵਰ ਦੱਤ ਨੂੰ ਹਰਾਇਆ
ਬਰੋਦਾ, 10 ਨਵੰਬਰ : ਹਰਿਆਣਾ ਦੀ ਬਰੋਦਾ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਾਰ ਇੰਦੂਰਾਜ ਨਰਵਾਲ ਨੇ ਮੰਗਲਵਾਰ ਨੂੰ ਜਿੱਤ ਹਾਸਲ ਕੀਤੀ। ਉਨ੍ਹਾਂ ਅਪਣੇ ਕਰੀਬੀ ਮੁਕਾਬਲੇਬਾਜ਼ ਅਤੇ ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਵਿਰੋਧੀ ਕਾਂਗਰਸ ਨੇ ਬਰੋਦਾ ਸੀਟ ਨੂੰ ਬਰਕਰਾਰ ਰਖਿਆ। ਇਹ ਦੂਜੀ ਵਾਰ ਹੈ ਜਦੋਂ ਓਲੰਪੀਅਨ ਪਹਿਲਵਾਨ ਦੱਤ ਨੂੰ ਇਸ ਸੀਟ 'ਤੇ ਹਾਰ ਦਾ
ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਉਮੀਦਵਾਰ ਕ੍ਰਿਸ਼ਨਾ ਹੁੱਡਾ ਨੇ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਦੱਤ ਨੂੰ ਲਗਭਗ 4800 ਵੋਟਾਂ ਨਾਲ ਹਰਾਇਆ ਸੀ। ਹੁੱਡਾ ਦੇ ਦਿਹਾਂਤ ਕਾਰਨ ਬਰੋਦਾ ਵਿਧਾਨ ਸੀਟ ਅਪ੍ਰੈਲ ਤੋਂ ਖ਼ਾਲੀ ਹੋ ਗਈ ਸੀ। ਹੁੱਡਾ ਨੇ ਤਿੰਨ ਵਾਰ 2009, 2014 ਅਤੇ 2019 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦਰਜ ਕੀਤੀ ਸੀ। ਹਰਿਆਣਾ ਕਾਂਗਰਸ ਮੁਖੀ ਕੁਮਾਰੀ ਸੈਲਜਾ ਨੇ ਕਿਹਾ ਕਿ ਬਰੋਦਾ ਦੇ ਲੋਕਾਂ ਨੇ 'ਕਿਸਾਨ ਵਿਰੋਧੀ' ਅਤੇ 'ਮਜ਼ਦੂਰ ਵਿਰੋਧੀ ਤਾਕਤਾਂ' ਨੂੰ ਕਰਾਰਾ ਜਵਾਬ ਦਿਤਾ ਹੈ। ਸੈਲਜਾ ਨੇ ਟਵੀਟ ਕੀਤਾ,''ਇੰਦੂਰਾਜ ਨਰਵਾਲ ਦੀ ਜਿੱਤ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਿੱਤ ਹੈ। ਮੈਂ ਬਰੋਦਾ ਦੇ ਵਾਸੀਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਕਾਂਗਰਸ ਉਨ੍ਹਾਂ ਦੀ ਉਮੀਦਾਂ 'ਤੇ ਖਰ੍ਹੀ ਉਤਰੇਗੀ।'' (ਪੀਟੀਆਈ)