
ਪੁਲਿਸ ਨੇ ਠੇਕੇਦਾਰ ਸੰਤੋਸ਼ ਨੂੰ ਕੀਤਾ ਗ੍ਰਿਫ਼ਤਾਰ
Ludhiana Rape Case: ਲੁਧਿਆਣਾ 'ਚ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਵਾਰ ਨੇ ਇਕ ਫੈਕਟਰੀ ਦੇ ਠੇਕੇਦਾਰ 'ਤੇ ਇਲਜ਼ਾਮ ਲਗਾਏ ਹਨ। ਪੇਟ ਵਿਚ ਦਰਦ ਹੋਣ ਤੋਂ ਬਾਅਦ ਵਿਦਿਆਰਥਣ ਨੇ ਅਪਣੇ ਨਾਲ ਹੋਈ ਬੇਰਹਿਮੀ ਬਾਰੇ ਅਪਣੇ ਪ੍ਰਵਾਰ ਨੂੰ ਦਸਿਆ। ਪ੍ਰਵਾਰਕ ਮੈਂਬਰਾਂ ਨੇ ਥਾਣਾ ਡਿਵੀਜ਼ਨ ਨੰਬਰ 7 ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਠੇਕੇਦਾਰ ਸੰਤੋਸ਼ ਵਾਸੀ ਨੂਰਵਾਲਾ ਰੋਡ ਵਿਰੁਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਦੇ ਪ੍ਰਵਾਰ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਦੀ ਬੇਟੀ ਘਰ ਦੇ ਨੇੜੇ ਸਥਿਤ ਸਕੂਲ 'ਚ 8ਵੀਂ ਕਲਾਸ 'ਚ ਪੜ੍ਹਦੀ ਹੈ। ਜੂਨ ਦੀਆਂ ਛੁੱਟੀਆਂ ਦੌਰਾਨ ਉਹ ਟੀ-ਸ਼ਰਟ ਬਣਾਉਣ ਵਾਲੀ ਬੀ.ਐਸ.ਓਸਵਾਲ ਫੈਕਟਰੀ ਵਿਚ ਕੰਮ ਕਰਨ ਲੱਗੀ। ਫੈਕਟਰੀ ਦੇ ਠੇਕੇਦਾਰ ਸੰਤੋਸ਼ ਕੁਮਾਰ ਨੇ ਉਸ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਦੋਸਤੀ ਕਰ ਲਈ। ਮੁਲਜ਼ਮ ਨੇ ਉਸ ਨੂੰ ਵਰਗਲਾ ਕੇ ਅਪਣੀ ਹਵਸ ਦਾ ਸ਼ਿਕਾਰ ਬਣਾਇਆ।
ਪ੍ਰਵਾਰਕ ਮੈਂਬਰਾਂ ਅਨੁਸਾਰ ਲੜਕੀ ਮੁਲਜ਼ਮਾਂ ਦੇ ਡਰ ਕਾਰਨ ਕੁੱਝ ਨਹੀਂ ਕਹਿ ਸਕੀ ਅਤੇ ਸਕੂਲ ਜਾਣ ਲੱਗੀ। ਇਸ ਮਗਰੋਂ 8 ਨਵੰਬਰ ਨੂੰ ਜਦੋਂ ਉਹ ਸਕੂਲ ਤੋਂ ਬਾਹਰ ਨਿਕਲੀ ਤਾਂ ਮੁਲਜ਼ਮ ਉਸ ਨੂੰ ਅਪਣੇ ਨਾਲ ਸਕੂਟਰ 'ਤੇ ਗੁਰੂ ਨਾਨਕ ਨਗਰ ਤਾਜਪੁਰ ਰੋਡ 'ਤੇ ਇਕ ਕਮਰੇ 'ਚ ਲੈ ਗਿਆ। ਉਥੇ ਸੰਤੋਸ਼ ਨੇ ਦਿਨ ਭਰ ਉਸ ਨਾਲ ਜਬਰ-ਜ਼ਨਾਹ ਕੀਤਾ। ਲੜਕੀ ਨੂੰ ਰਾਤ ਮੌਕੇ ਪੇਟ ਦਰਦ ਹੋਣ ਲੱਗਾ। ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਉਸ ਨੇ ਅਪਣੇ ਪ੍ਰਵਾਰ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿਤੀ, ਜਿਸ ਮਗਰੋਂ ਪ੍ਰਵਾਰ ਨੇ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।