
ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਵਾਰ ਨੇ ਅਕਾਲੀ ਦਲ ਦਾ ਜਿੰਨਾ ਨੂਕਸਾਨ ਕੀਤਾ....
ਕੁਰਾਲੀ, ਮਾਜਰੀ, 11 ਦਸੰਬਰ (ਕੁਲਵੰਤ ਸਿੰਘ ਧੀਮਾਨ) : ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਵਾਰ ਨੇ ਅਕਾਲੀ ਦਲ ਦਾ ਜਿੰਨਾ ਨੂਕਸਾਨ ਕੀਤਾ, ਉਹ ਲੋਕਾਂ ਨੇ ਕਦੇ ਸੁਪਨੇ ਵਿਚ ਵੀ ਨਹੀ ਸੋਚਿਆ ਸੀ। ਬਾਦਲਾਂ ਦੇ ਕਾਰਨਾਮਿਆਂ ਕਾਰਨ ਸਾਨੂੰ ਅਕਾਲੀ ਪਾਰਟੀ ਦੇ ਆਗੂ ਅਖਵਾਉਣ ਵਿਚ ਵੀ ਸ਼ਰਮ ਮਹਿਸੂਸ ਹੋਣ ਲੱਗ ਪਈ ਸੀ। ਉਹ ਇਥੇ ਜਥੇ ਉਜਾਗਰ ਸਿੰਘ ਬਡਾਲੀ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਦਾ ਕੰਮ ਪੰਜਾਬ ਦੇ ਗ਼ਰੀਬ ਲੋਕਾਂ ਦੀ ਸੇਵਾ ਕਰਨਾ ਹੈ। 1920 ਵਿਚ ਬਣੇ ਸੰਵਿਧਾਨ ਦਾ ਅਕਾਲੀ ਆਗੂ ਸਤਿਕਾਰ ਕਰਦੇ ਆ ਰਹੇ ਹਨ।
ਸਾਡੇ ਵਡੇਰਿਆਂ ਨੇ ਕੁਰਬਾਨੀਆਂ ਦੇ ਕੇ ਅਕਾਲੀ ਦਲ ਬਣਾਇਆ ਸੀ ਪਰ ਬਾਦਲ ਨੇ ਪੁੱਤਰ ਮੋਹ ਵਿਚ ਫਸ ਕੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਬਣਾ ਦਿਤਾ ਜਿਸ ਕਾਰਨ ਅਕਾਲੀ ਦਲ ਨੂੰ ਵੱਡੀ ਢਾਹ ਲੱਗੀ। ਉਨ੍ਹਾਂ ਕਿਹਾ ਕਿ ਹੁਣ ਅਕਾਲ ਤਖ਼ਤ ਸਾਹਿਬ 'ਤੇ ਭਾਂਡੇ ਮਾਂਜਣ ਤੇ ਜੁੱਤੀਆਂ ਸਾਫ਼ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ। ਇਹ ਲੋਕ ਸਿੱਖਾਂ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ। ਉਜਾਗਰ ਸਿੰਘ ਬਡਾਲੀ ਨੇ ਬ੍ਰਹਮਪੁਰਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਉਹ 16 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣਗੇ।
ਇਸ ਮੌਕੇ ਜਰਨੈਲ ਸਿੰਘ ਔਲਖ, ਅਮਰੀਕ ਸਿੰਘ ਮਲਕਪੁਰ, ਸਾਹਿਬ ਸਿੰਘ ਬਡਾਲੀ, ਗੁਰਮੀਤ ਸਿੰਘ ਸ਼ਾਂਟੂ, ਮੇਜਰ ਸਿੰਘ ਸੰਗਤਪੁਰਾ ਵੀ ਮੌਜੂਦ ਸਨ।