
ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਪਣੀਆਂ ਗ਼ਲਤੀਆਂ ਨੂੰ ਸਮੁੱਚੇ ਅਕਾਲੀ ਦਲ ਸਿਰ ਮੜ੍ਹ.......
ਬਰਨਾਲਾ : ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਪਣੀਆਂ ਗ਼ਲਤੀਆਂ ਨੂੰ ਸਮੁੱਚੇ ਅਕਾਲੀ ਦਲ ਸਿਰ ਮੜ੍ਹ ਦਿਤਾ ਹੈ। ਬਾਦਲ ਪਰਵਾਰ ਅਪਣੀਆਂ ਗ਼ਲਤੀਆਂ ਨੂੰ ਆਪ ਹੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਬਖ਼ਸ਼ਾਉਂਦਾ ਤਾਂ ਸ਼ਾਇਦ ਬਖ਼ਸ਼ਣਹਾਰ ਉਸ ਨੂੰ ਬਖ਼ਸ਼ ਦਿੰਦਾ। ਉਨ੍ਹਾਂ ਕਿਹਾ ਕਿ ਜੇ ਬਾਦਲ ਪਰਵਾਰ ਨੇ ਮੁਆਫ਼ੀ ਮੰਗਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਉਥੇ ਜਾਂਦਾ। ਅੱਜ ਤਕ ਕਦੇ ਵੀ ਨਹੀਂ ਹੋਇਆ ਕਿ ਅਕਾਲ ਤਖ਼ਤ ਸਾਹਿਬ 'ਤੇ ਕੋਈ ਮੁਆਫ਼ੀ ਮੰਗਣ ਆਇਆ ਹੋਵੇ ਤੇ ਪੂਰਾ ਲਾਮ ਲਸ਼ਕਰ ਨਾਲ ਲੈ ਕੇ ਆਇਆ ਹੋਵੇ।
ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਬੇਅਦਬੀ ਅਤੇ ਗੋਲੀ ਕਾਂਡ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ, ਉਹ ਤਾਂ ਅਕਾਲੀ ਸਰਕਾਰ ਵਲੋਂ 10 ਸਾਲਾਂ ਦੇ ਰਾਜ ਦੌਰਾਨ ਹੋਈ ਗ਼ਲਤੀ ਨੂੰ ਬਖ਼ਸ਼ਾ ਰਿਹਾ ਹੈ ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਬਾਦਲ ਪਰਵਾਰ ਅਸਲੀ ਅਰਥਾਂ ਵਿਚ ਅਪਣੀ ਗ਼ਲਤੀ ਮੰਨ ਹੀ ਨਹੀਂ ਰਿਹਾ। ਉਨ੍ਹਾਂ ਇਹ ਵੀ ਕਿਹਾ, 'ਮੇਰੀ ਅਕਾਲੀ ਦਲ 'ਚ ਵਾਪਸੀ ਨਹੀਂ ਹੋਵੇਗੀ, 16 ਦਸੰਬਰ ਨੂੰ ਖੰਡੇ ਨਾਲ ਖੰਡਾ ਖੜਕਾ ਕੇ ਨਵਾਂ ਐਲਾਨ ਕੀਤਾ ਜਾ ਸਕਦਾ ਹੈ।'