
ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੱਦੇ ....
ਪਟਿਆਲਾ, 11 ਦਸੰਬਰ (ਧਰਮਿੰਦਰ ਪਾਲ ਸਿੰਘ, ਅਸ਼ੋਕ ਬਾਂਸਲ) : ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੱਦੇ 'ਤੇ ਹਜ਼ਾਰਾਂ ਪੈਨਸ਼ਨਰਾਂ ਨੇ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿਤਾ ਅਤੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਵਲ ਰੋਸ ਮਾਰਚ ਕਰ ਕੇ ਮੰਗ ਪੱਤਰ ਦਿਤਾ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਦਸਿਆ ਕਿ ਸੂਬਾ ਪਧਰੀ ਧਰਨੇ ਵਿਚ ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਬਿਜਲੀ ਪੈਨਸ਼ਨਰਜ਼ ਦੀਆਂ ਮੰਗਾਂ ਜਿਵੇਂ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨਾ,
ਬਿਜਲੀ ਕਨਸੈਸ਼ਨ ਦੇਣਾ, ਕੈਸ਼ ਲੈਸ ਟਰੀਟਮੈਂਟ ਸਕੀਮ ਮੁੜ ਲਾਗੂ ਕਰਨਾ ਆਦਿ ਨਾ ਮੰਨਣ ਦੀ ਭਰਪੂਰ ਨਿਖੇਧੀ ਕੀਤੀ ਗਈ। ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਭੱਠਲ ਨੇ ਦਸਿਆ ਕਿ ਬਿਜਲੀ ਰਿਆਇਤ ਸਬੰਧੀ ਕਾਰਪੋਰੇਸ਼ਨ / ਪੰਜਾਬ ਸਰਕਾਰ ਪੱਧਰ 'ਤੇ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਯੂ.ਪੀ., ਛੱਤੀਸਗੜ੍ਹ, ਉਤਰਾਖੰਡ ਅਤੇ ਦਿੱਲੀ ਪਾਵਰਕਾਰਪੋਰੇਸ਼ਨਾਂ ਵਲੋਂ ਉਨ੍ਹਾਂ ਦੇ ਬਿਜਲੀ ਰਿਟਾਇਰੀਆਂ ਨੂੰ ਇਹ ਰਿਆਇਤ ਮਿਲ ਰਹੀ ਹੈ ਪਰ ਸਾਡੀ ਮੰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਰੋਸ ਧਰਨੇ ਮਗਰੋਂ ਪੈਨਸ਼ਨਰਾਂ ਨੇ ਮੋਤੀ ਮਹਿਲ ਵਲ ਮਾਰਚ ਕੀਤਾ। ਉਨ੍ਹਾਂ ਨੂੰ ਫੁਆਰਾ ਚੌਂਕ ਕੋਲ ਹੀ ਰੋਕ ਦਿਤਾ ਗਿਆ ਤੇ ਉਨ੍ਹਾਂ ਉਥੇ ਹੀ ਮੁਜ਼ਾਹਰਾ ਸ਼ੁਰੂ ਕਰ ਦਿਤਾ। ਬਿਜਲੀ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਂਡਵ ਨੇ ਧਰਨੇ ਵਿਚ ਪਹੁੰਚ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਪ੍ਰਾਪਤ ਕੀਤਾ। ਅਖ਼ੀਰ ਉਨ੍ਹਾਂ ਦੇ ਭਰੋਸੇ 'ਤੇ ਮੁਜ਼ਾਹਰਾ ਸਮਾਪਤ ਕੀਤਾ ਗਿਆ ਹੈ।