
ਪੰਜਾਬ ਸਰਕਾਰ ਦੇ ਫ਼ੈਸਲੇ ਦਾ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਸਵਾਗਤ
ਮੁਹਾਲੀ - ਰਵਾਇਤ ਨੂੰ ਤੋੜ ਕੇ, ਕੁਝ ਸਟੋਰਾਂ, ਬੈਂਕਾਂ ਅਤੇ ਬਹੁ-ਕੌਮੀ ਕੰਪਨੀਆਂ ਨੇ ਆਪਣੇ ਬੈਨਰਾਂ ਅਤੇ ਬੋਰਡਾਂ 'ਤੇ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।
ਮੋਹਾਲੀ ਦੇ ਫੇਜ਼ 7 ਅਤੇ 3ਬੀ2 ਦੀਆਂ ਕਈ ਦੁਕਾਨਾਂ ਨੇ ਮਾਰਕੀਟ ਵਿੱਚ ਆਪਣੀ ਮੌਜੂਦਗੀ ਨੋਟਿਸ ਕਰਵਾਉਣ ਫ਼ਲੈਕਸ ਬੋਰਡ ਪੰਜਾਬੀ ਵਿੱਚ ਲਗਾਏ ਹਨ। ਫੇਜ਼ 3ਬੀ2 ਦੀ ਮਾਰਕੀਟ ਵਿੱਚ ਇੱਕ ਬਹੁ-ਕੌਮੀ ਖਾਣ-ਪੀਣ ਦੀ ਦੁਕਾਨ ਅਤੇ ਦੋ ਨਿੱਜੀ ਬੈਂਕਾਂ ਨੇ ਆਪਣੇ ਬੈਨਰ ਪੰਜਾਬੀ ਵਿੱਚ ਲਗਾਏ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵਿਚਾਰ ਬਹੁਤ ਚੰਗਾ ਲੱਗਿਆ, ਅਤੇ ਉਨ੍ਹਾਂ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।
ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸਵਰਨ ਚੌਧਰੀ ਦਾ ਕਹਿਣਾ ਹੈ, "ਮਾਰਕੀਟ ਨੂੰ ਸਥਾਨਕ ਰੰਗ 'ਚ ਲਿਆਉਣਾ ਇੱਕ ਸਵਾਗਤਯੋਗ ਫ਼ੈਸਲਾ ਹੈ। ਇਸ ਤੋਂ ਇਲਾਵਾ, ਇਹ ਨੌਜਵਾਨ ਪੀੜ੍ਹੀ ਨੂੰ ਵੀ ਆਪਣੀ ਮਾਂ-ਬੋਲੀ ਸਿੱਖਣ ਲਈ ਉਤਸ਼ਾਹਿਤ ਕਰੇਗਾ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 'ਪੰਜਾਬੀ ਭਾਸ਼ਾ ਮਹੀਨਾ' ਮਨਾਉਣ ਲਈ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਲੋਕਾਂ ਨੂੰ ਸੂਬੇ ਭਰ ਵਿੱਚ ਨਿੱਜੀ ਅਤੇ ਸਰਕਾਰੀ ਇਮਾਰਤਾਂ 'ਤੇ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ ਲਾਉਣ ਲਈ ਕਿਹਾ ਸੀ।
ਮਾਨ ਨੇ ਲੋਕਾਂ ਨੂੰ ਅਪੀਲ ਕਰਕੇ 21 ਫਰਵਰੀ ਨੂੰ ਆ ਰਹੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਤੋਂ ਪਹਿਲਾਂ ਸਾਰੇ ਸਾਈਨ ਬੋਰਡਾਂ 'ਤੇ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਲਈ ਕਿਹਾ ਸੀ।