
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਦਾ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਦਾ ਬੀਤੀ ਸ਼ਾਮ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 3 ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ ਰਸ਼ਪਾਲ ਕੌਰ ਅਤੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਸਮੇਤ ਚਾਰ ਬੱਚੇ ਛੱਡ ਗਏ ਹਨ।
Justice Ajit Singh Bains dies at 99
ਅਜੀਤ ਸਿੰਘ ਬੈਂਸ ਨੇ ਥੋੜ੍ਹੇ ਸਮੇਂ ਲਈ ਪੰਜਾਬ ਸਿੱਖਿਆ ਵਿਭਾਗ ਵਿਚ ਇਕ ਅਧਿਆਪਕ ਵਜੋਂ ਕੰਮ ਕੀਤਾ ਪਰ 1953 ਵਿਚ ਕਾਨੂੰਨ ਦੇ ਪੇਸ਼ੇ ਵਿਚ ਸ਼ਾਮਲ ਹੋਣ ਲਈ ਜਲਦੀ ਹੀ ਛੱਡ ਦਿੱਤਾ। ਉਹਨਾਂ ਨੇ 1961 ਵਿਚ ਹਾਈ ਕੋਰਟ ਵਿਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਅਕਤੂਬਰ 1974 ਵਿਚ ਜੱਜ ਵਜੋਂ ਤਰੱਕੀ ਕੀਤੀ ਅਤੇ ਮਈ 1984 ਵਿਚ ਸੇਵਾਮੁਕਤ ਹੋ ਗਏ।
1985 ਵਿਚ ਸੇਵਾਮੁਕਤੀ ਤੋਂ ਤੁਰੰਤ ਬਾਅਦ ਉਹਨਾਂ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨਾਂਅ ਦੀ ਇਕ ਐਨਜੀਓ ਦੀ ਸਥਾਪਨਾ ਕੀਤੀ, ਜਿਸ ਨੇ ਬਾਅਦ ਵਿਚ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਰਦਾਫਾਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਜਸਟਿਸ ਅਜੀਤ ਸਿੰਘ ਬੈਂਸ ਆਖਰੀ ਸਮੇਂ ਤੱਕ ਐਨਜੀਓ ਨਾਲ ਜੁੜੇ ਰਹੇ।
Justice Ajit Singh Bains dies at 99
1992 ਵਿਚ ਉਹਨਾਂ ਨੂੰ ਸਰਕਾਰ ਨੇ ਇਕ ਵਿਵਾਦਤ ਭਾਸ਼ਣ ਕਾਰਨ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਹਨਾਂ ਦੀ ਅਗਵਾਈ ਵਾਲੀ ਐਨਜੀਓ ਨੇ ਸੂਬੇ ਵਿਚ ਅੱਤਵਾਦ ਦੇ ਦਿਨਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਅਤੇ ਹੋਰ ਪੁਲਿਸ ਵਧੀਕੀਆਂ ਦਾ ਪਰਦਾਫਾਸ਼ ਕੀਤਾ। ਅੰਮ੍ਰਿਤਸਰ ਵਿਚ ਕੇਬਲ ਆਪਰੇਟਰਾਂ ਦੁਆਰਾ ਜਬਰੀ ਵਸੂਲੀ ਕਰਨ ਵਾਲੇ ਘੁਟਾਲੇ ਅਤੇ ਜਲੰਧਰ ਅਤੇ ਅੰਮ੍ਰਿਤਸਰ ਵਿਚ ਬਦਨਾਮ ਕਿਡਨੀ ਟਰਾਂਸਪਲਾਂਟ ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਵੀ ਐਨਜੀਓ ਦੀ ਅਹਿਮ ਭੂਮਿਕਾ ਸੀ।