
Ludhiana News: ਸਿਰ ’ਤੇ ਮਾਰੀਆਂ ਸੱਟਾਂ, ਪਰਸ ਤੇ ਮੋਬਾਈਲ ਖੋਹਿਆ, 8 ਟਾਂਕੇ ਲੱਗੇ
Ludhiana News: ਪੰਜਾਬ ਦੇ ਲੁਧਿਆਣਾ ਵਿਚ ਦੋ ਲੁਟੇਰਿਆਂ ਨੇ ਕੰਮ ਤੋਂ ਪਰਤ ਰਹੇ ਇਕ ਨੌਜਵਾਨ ਨੂੰ ਚੀਮਾ ਚੌਕ ਪੁਲ ਹੇਠਾਂ ਘੇਰ ਲਿਆ। ਬਦਮਾਸ਼ਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਨੌਜਵਾਨ ਦੇ ਸਿਰ ’ਤੇ ਦਾਤ ਮਾਰ ਕੇ ਉਸ ਨੂੰ ਜ਼ਮੀਨ ’ਤੇ ਸੁੱਟ ਦਿਤਾ। ਬਦਮਾਸ਼ਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਕਰ ਕੇ ਉਸ ਦਾ ਮੋਬਾਈਲ ਅਤੇ ਪਰਸ ਖੋਹ ਲਿਆ।
ਦਸਣਯੋਗ ਹੈ ਕਿ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਹ ਇਕ ਮੋਬਾਈਲ ਦੀ ਖ਼ਾਤਰ ਉਸ ਵਿਅਕਤੀ ਦੀ ਜਾਨ ਵੀ ਲੈਣ ਲਈ ਤਿਆਰ ਸਨ। 26 ਸਾਲਾ ਪੀੜਤ ਸ਼ਾਹਵਾਜ਼ ਵਾਸੀ ਜਨਕਪੁਰੀ ਗਲੀ ਨੰਬਰ 7 ਨੇ ਦਸਿਆ ਕਿ ਉਹ ਰਾਤ ਨੂੰ ਕੰਮ ਤੋਂ ਛੁੱਟੀ ਹੋਣ ਬਾਅਦ ਸਾਈਕਲ ’ਤੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਚੀਮਾ ਚੌਕ ਕੋਲ ਪਹੁੰਚਿਆਂ ਤਾਂ ਪੁਲ ਦੇ ਹੇਠਾਂ ਦੋ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿਤਾ ਅਤੇ ਉਸ ਦਾ ਮੋਬਾਈਲ ਤੇ ਪਰਸ ਖੋਹ ਲਿਆ। ਪੀੜਤ ਨਾਲ ਕੰਮ ਕਰਨ ਵਾਲੇ ਵਿਅਕਤੀ ਪਿੱਛੇ ਤੋਂ ਆ ਰਹੇ ਸੀ। ਉਨ੍ਹਾਂ ਨੇ ਉਸ ਨੂੰ ਲਹੂ-ਲੁਹਾਨ ਦੇਖਿਆ ਤਾਂ ਤੁਰਤ ਉਸ ਨੂੰ ਚੁੱਕ ਕੇ ਜਨਕਪੁਰੀ ਦੇ ਇਕ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਆਏ, ਡਾਕਟਰ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਲਿਜਾਣ ਲਈ ਕਿਹਾ, ਜਿੱਥੇ ਉਸ ਨੂੰ 8 ਦੇ ਕਰੀਬ ਟਾਂਕੇ ਲੱਗੇ।
ਸ਼ਾਹਵਾਜ਼ ਨੇ ਅਪਣੇ ਦੋਸਤ ਦੇ ਮੋਬਾਈਲ ਤੋਂ ਅਪਣੇ ਭਰਾ ਅਸਲਮ ਨੂੰ ਫ਼ੋਨ ਕੀਤਾ ਅਤੇ ਭਰਾ ਉਸ ਨੂੰ ਸਿਵਲ ਹਸਪਤਾਲ ਲੈ ਆਇਆ। ਪੀੜਤ ਹੌਜ਼ਰੀ ਵਿਚ ਦਰਜ਼ੀ ਦਾ ਕੰਮ ਕਰਦਾ ਹੈ। ਪੀੜਤ ਮੂਲ ਰੂਪ ਵਿਚ ਬਿਹਾਰ ਜ਼ਿਲ੍ਹੇ ਦੇ ਪਿੰਡ ਰੁਹੀਆ ਦੇ ਕਿਸ਼ਨਗੰਜ ਦਾ ਰਹਿਣ ਵਾਲਾ ਹੈ।