
ਮਨਪ੍ਰੀਤ ਬਾਦਲ ਨੇ ਇੰਟਰਵਿਊ ਦੌਰਾਨ ਦੱਸੇ ਬਜਟ ਦੇ ਫ਼ਾਇਦੇ...
ਪੰਜਾਬ ਦਾ ਬਜਟ ਸੈਸ਼ਨ ਪੰਜਾਬ ਲਈ ਖੁਸ਼ਖ਼ਬਰੀ ਜ਼ਰੂਰ ਲੈ ਕੇ ਆਇਆ ਸੀ ਪਰ ਜਿਵੇਂ ਹੀ ਬਜਟ ਸੈਸ਼ਨ ਸ਼ੁਰੂ ਹੋਇਆ ਤਾਂ ਉਸ ਦੌਰਾਨ ਸੁਰਖੀਆਂ ਵਿਚ ਆਉਣ ਲਈ ਵਿਰੋਧੀ ਧਿਰਾਂ ਨੇ ਗਾਲਾਂ, ਬਿਆਨਬਾਜ਼ੀਆਂ ਜਾਂ ਲੜਾਈਆਂ ਦਾ ਸਹਾਰਾ ਲਿਆ। ਪਰ ਜੋ ਅਸਲ ਮੁੱਦਾ ਸੀ, ਉਸ ਤੋਂ ਸਾਰੇ ਭਟਕ ਗਏ। ਇਸ ਮੁੱਦੇ ‘ਤੇ ਰੋਜ਼ਾਨਾ ਸਪੋਕਸਮੈਨ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ।
Manpreet Badal
ਸਵਾਲ- ਜੋ ਐਤਕੀ ਬਜਟ ਰਿਹਾ, ਉਸ ਵਿਚ ਤੁਸੀਂ ਇਕ ਚੰਗੀ ਖ਼ਬਰ ਸੁਣਾਈ ਕਿ ਜੋ ਪੰਜਾਬ ਦਾ ਘਾਟਾ ਹੈ, ਉਹ ਥੌੜਾ ਜਿਹਾ ਕਮਜ਼ੋਰ ਹੋਇਆ ਹੈ। ਇਸ ਬਾਰੇ ਤੁਸੀਂ ਕੁਝ ਦੱਸੋ?
ਜਵਾਬ- ਦਰਅਸਲ ਫਾਈਨਾਂਸ ਇਕ ਬੋਰਿੰਗ ਵਿਸ਼ਾ ਹੈ , ਫਾਈਨਾਂਸ ਕਦੇ ਸੁਰਖੀਆਂ ਨਹੀਂ ਬਣਾਉਂਦਾ ਤੇ ਫਾਈਨਾਂਸ ਦਾ ਬੰਦਾ ਕਦੇ ਹੀਰੋ ਨਹੀਂ ਬਣਦਾ। ਤੁਸੀਂ ਸਾਡੀਆਂ ਤਿੰਨ ਸਾਲ ਪੂਰਾਣੀਆਂ ਇੰਟਰਵਿਊਜ਼ ਸੁਣੋਗੇ ਤਾਂ ਤੁਹਾਨੂੰ ਵੀ ਪਤਾ ਲੱਗੇਗਾ ਕਿ ਸਾਨੂੰ ਪੰਜਾਬ ਕਿਹੜੇ ਹਲਾਤਾਂ ਵਿਚ ਮਿਲਿਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਸਾਡਾ ਖਜ਼ਾਨਾ ਬੰਦ ਕਰ ਦਿੱਤਾ ਸੀ। ਲੋਕਾਂ ਦੀਆਂ ਦੇਣਦਾਰੀਆਂ ਪਈਆਂ ਸੀ, ਘਾਟੇ ਬਹੁਤ ਵੱਡੇ ਸੀ।
Punjab Budget
ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਨੂੰ ਪਟੜੀ ‘ਤੇ ਆਉਂਦਿਆਂ ਤਿੰਨ ਸਾਲ ਲੱਗਣਗੇ। ਇਸ ਬਜਟ ਜਾਂ ਫਾਈਨਾਂਸ ਨੂੰ ਪਬਲਿਕ ਫਾਈਨਾਂਸ਼ ਕਿਹਾ ਜਾਂਦਾ ਹੈ। ਲੋਕ ਪਬਲਿਕ ਫਾਈਨਾਂਸ ਨੂੰ ਸਮਝਦੇ ਹੀ ਘੱਟ ਹੈ। ਮੈਂ ਬਜਟ ਤੇ ਸਾਰੀ ਵਿਚਾਰ ਸੁਣੀ ਤਾਂ ਉਸ ਸਿਰਫ਼ ਇਸ ਗੱਲ ‘ਤੇ ਕਾਇਮ ਸੀ ਕਿ ਤੁਸੀਂ ਕਿਹਾ ਸੀ ਕਿ ਸ਼ਗਨ 51 ਹਜ਼ਾਰ ਕਰ ਦਵਾਂਗੇ।
Punjab Vidhan Sabha
ਸਵਾਲ- ਇਸ ‘ਚ ਇਕ ਚੀਜ਼ ਸਮਾਨ ਸੀ ਜੋ ਪਿਛਲੇ ਤਿੰਨ ਸਾਲਾਂ ਤੋਂ ਹੁੰਦੀ ਆ ਰਹੀ ਹੈ ਕਿ ਜਦ ਵੀ ਤੁਸੀਂ ਵਿਰੋਧ ਕਰਦੇ ਹੋ ਤਾਂ ਜੋ ਵਿਰੋਧ ਹੁੰਦਾ ਹੈ ‘ਚ ਕਿਤੇ ਸ਼ਰੀਕਾਂ ਵਾਲਾ ਵਿਰੋਧ ਨਜ਼ਰ ਆਉਂਦਾ ਹੈ, ਕੀ ਤੁਹਾਨੂੰ ਇਹ ਸਿਆਸੀ ਵਿਰੋਧ ਲੱਗਦਾ ਹੈ ਜਾਂ..?
ਜਵਾਬ- ਇਹਨਾਂ ਦੀਆਂ ਸਿਆਸੀ ਮਜਬੂਰੀਆਂ ਹੁੰਦੀਆਂ ਹਨ, ਖ਼ਾਸ ਤੌਰ ‘ਤੇ ਅਕਾਲੀ ਦਲ ਦੀਆਂ। ਗੱਲ ਇਹ ਹੈ ਕਿ ਐਮਐਲਏ ਨੂੰ ਲੋਕ ਚੁਣ ਕੇ ਭੇਜਦੇ ਹਨ। ਤਕਰੀਬਨ ਤੁਹਾਨੂੰ ਦੋ ਜਾਂ ਢਾਈ ਲੱਖ ਅਬਾਦੀ ਚੁਣ ਕੇ ਭੇਜਦੀ ਹੈ। ਤੁਹਾਨੂੰ ਲੋਕ ਇਸ ਲਈ ਭੇਜਦੇ ਹਨ ਕਿ ਤੁਸੀਂ ਸਰਕਾਰ ਦੀ ਜਵਾਬ ਤਲਬੀ ਕਰੋ। ਸਰਕਾਰ ਜਵਾਬ ਦੇਹ ਹੋਵੇ, ਤੁਸੀਂ ਅਸੈਂਬਲੀ ਵਿਚ ਜਾ ਕੇ ਸਵਾਲ ਪੁੱਛੋ।
akali dal
ਅਕਾਲੀ ਦਲ ਇਹ ਸੋਚਦਾ ਹੈ ਕਿ ਧਰਨੇ ਨਾਲ ਲੋਕਾਂ ਦੇ ਮਸਲੇ ਹੱਲ ਹੁੰਦੇ ਹਨ। ਮੈਂ ਹਮੇਸ਼ਾਂ ਇਹ ਗੱਲ ਕਹੀ ਹੈ ਕਿ ‘ਸਿਆਸਤ ਮੇਂ ਕਾਮਯਾਬੀ ਵੋ ਕੁਛ ਕਰਨੇ ਸੇ ਮਿਲਤੀ ਹੈ ਧਰਨੇ ਸੇ ਨਹੀਂ ਮਿਲਤੀ’। ਪਰ ਜੇਕਰ ਇਹ ਸਮਝਦੇ ਨੇ ਕਿ ਮੇਰਾ ਦਰਵਾਜ਼ਾ ਰੋਕ ਕੇ ਇਹ ਧਰਨੇ ‘ਤੇ ਬੈਠ ਜਾਣਗੇ ਤੇ ਇਹ ਸਿਆਸਤ ਹੈ ਤਾਂ ਇਹਨਾਂ ਨੂੰ ਇਹ ਸਿਆਸਤ ਮੁਬਾਰਕ ਹੈ।
File Photo
ਜਿਸ ਦਿਨ ਬਜਟ ਪੜ੍ਹਿਆ ਗਿਆ, ਉਸ ਦਿਨ ਅਕਾਲੀ ਦਲ ਦਾ ਇਕ ਵੀ ਮੈਂਬਰ ਉੱਥੇ ਨਹੀਂ ਸੀ, ਸਾਰੇ ਗੈਰ-ਹਾਜ਼ਰ ਸੀ। ਉਹਨਾ ਨੂੰ ਚਾਹੀਦਾ ਸੀ ਕਿ ਉੱਥੇ ਬੈਠਦੇ, ਕੋਈ ਜਵਾਬ ਮੰਗਦੇ। ਜਦੋਂ ਬਜਟ ‘ਤੇ ਵਿਚਾਰ ਹੋਈ ਤਾਂ ਮੈਂ ਦੇਖਿਆ ਕਿ ਆਪ ਦੇ ਜੋ ਐਮਐਲਏ ਸੀ, ਉਹਨਾਂ ਨੇ ਵਧੀਆ ਤਰੀਕੇ ਨਾਲ ਵਿਚਾਰ ਕੀਤੇ। ਪਰ ਅਕਾਲੀ ਦਲ ਸਿਆਸੀ ਨੋਕ-ਝੋਕ ਤੋਂ ਬਾਹਰ ਨਹੀਂ ਨਿਕਲੇ।
File Photo
ਸਵਾਲ- ਤੁਸੀਂ ਅਕਾਲੀ ਦਲ ‘ਚੋਂ ਨਿਕਲ ਕੇ ਆਏ ਹੋ, ਇਹ ਤਰੀਕਾ ਪਹਿਲਾਂ ਵੀ ਅਪਣਾਇਆ ਜਾਂਦਾ ਸੀ ਜਾਂ ਤੁਹਾਡੇ ਨਾਲ ਕੋਈ ਖ਼ਾਸ ਦੁਸ਼ਮਣੀ ਹੈ, ਜੋ ਹਾਲੇ ਤੱਕ ਖ਼ਤਮ ਨਹੀਂ ਹੋਈ ਲੱਗਦੀ।
ਜਵਾਬ- ਮੈਨੂੰ ਲੱਗਦਾ ਕਿ ਮੇਰੇ ਨਾਲ ਇਸ ਲਈ ਹੈ ਕਿਉਂਕਿ ਮੈਂ ਸਿਰਫ਼ ਸਿਆਸੀ ਹਰੀਫ ਨਹੀਂ ਹਾਂ ਮੈਂ ਇਹਨਾਂ ਦਾ ਸ਼ਰੀਕ ਵੀ ਹਾਂ। ਸ਼ਰੀਕ ਨੂੰ ਜੇ ਕੋਈ ਚੂੰਡੀ ਵੱਡਣੀ ਹੋਵੇ ਤਾਂ ਉਸ ਦਾ ਮਜ਼ਾ ਜ਼ਿਆਦਾ ਆਉਂਦਾ ਹੈ।
Parminder Dhindsa
ਸਵਾਲ-ਤੁਹਾਨੂੰ ਇਸ ਬਜਟ ਸੈਸ਼ਨ ਵਿਚ ਪਰਮਿੰਦਰ ਢੀਂਡਸਾ ਦੀ ਯਾਦ ਆ ਗਈ?
ਜਵਾਬ- ਪਰਮਿੰਦਰ ਵਿੱਤ ਮੰਤਰੀ ਸੀ, ਉਹਨਾਂ ਨੇ ਵੀ ਪੰਜ ਬਜਟ ਪੇਸ਼ ਕੀਤੇ ਤੇ ਉਹ ਪਬਲਿਕ ਫਾਈਨਾਂਸ ਨੂੰ ਵੀ ਸਮਝਦੇ ਹਨ ਤਾਂ ਜਦੋਂ ਵੀ ਪਰਮਿੰਦਰ ਦੀ ਡਿਬੇਟ ਹੁੰਦੀ ਸੀ ਤਾਂ ਉਸ ਦਾ ਪੈਮਾਨਾ ਇਹਨਾਂ ਨਾਲੋਂ ਕਾਫ਼ੀ ਵੱਖਰਾ ਹੁੰਦਾ ਸੀ। ਤਾਂ ਮੈ ਕਿਹਾ ਸੀ ਕਿ ਮੈਂ ਪਰਮਿੰਦਰ ਨੂੰ ਯਾਦ ਕਰ ਰਿਹਾ ਹਾਂ।
Punjab Budget 2020
ਸਵਾਲ- ਜੋ ਅਸੀਂ ਤੁਹਾਡੇ ਬਜਟ ਤੋਂ ਹਿਸਾਬ ਲਗਾਉਂਦੇ ਹਾਂ ਕਿ ਜੋ ਪੰਜਾਬ ਦੀਆਂ ਔਕੜਾਂ ਹਨ ਤਾਂ ਉਸ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਦੀ ਰਹੇਗੀ, ਉਹ ਪਰਮਿੰਦਰ ਢੀਂਡਸਾ ਦੀਆਂ ਗਲਤੀਆਂ ਰਹੀਆਂ ਹੋਣਗੀਆਂ।
ਜਵਾਬ- ਦੋ ਤਿੰਨ ਗੱਲਾਂ ਜਿਹੜੀਆਂ ਮੈਂ ਸਮਝਦਾ ਹਾਂ ਕਿ ਇਸ ਨੂੰ ਚਾਹੇ ਕੌਮਾਂ ਦੀ ਬਦਕਿਸਤਮੀ ਕਹਿ ਲਓ ਕਿਉਂਕਿ ਅੱਜ ਮੈਂ ਵਿੱਤ ਮੰਤਰੀ ਹਾਂ। ਇਹ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ, ਜੇ ਮੈਂ ਕੋਈ ਗਲਤ ਫੈਸਲਾ ਲਵਾਂਗਾ, ਜਿਸ ਨਾਲ ਪੰਜਾਬ ਦਾ ਭਾਰੀ ਨੁਕਸਾਨ ਹੁੰਦਾ ਹੈ ਤਾਂ ਮੈਨੂੰ ਕੋਈ ਸਜ਼ਾ ਨਹੀਂ ਦੇ ਸਕਦਾ। ਮੈਨੂੰ ਇਸ ਗੱਲ ਦਾ ਰੰਜ ਹੈ ਕਿ ਇਹਨਾਂ ਨੇ ਦੋ ਤਿੰਨ ਫੈਸਲੇ ਅਜਿਹੇ ਲਏ, ਜਿਸ ਨਾਲ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਓਹੀ 31 ਹਜ਼ਾਰ ਕਰੋੜ ਵਾਲਾ ਮਸਲਾ ਹੈ।
Captain Amrinder Singh
ਜੇ ਇਹ ਇਕ ਦਿਨ ਪਹਿਲਾਂ ਦਸਤਖਤ ਨਹੀਂ ਕਰਦੇ ਤਾਂ ਮੇਰਾ ਦਿਲ ਇਸ ਗੱਲ਼ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਪੰਜਾਬ ਨੂੰ ਘੱਟੋ ਘੱਟ ਵੀਹ ਹਜ਼ਾਰ ਕਰੋੜ ਦਾ ਫਾਇਦਾ ਹੋ ਜਾਣਾ ਸੀ। ਤੁਹਾਡੇ ਦਰਸ਼ਕਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਜਿਹੜੀ ਅਕਾਲੀ ਦਲ ਨੇ ਆਟਾ ਦਾਲ ਸਕੀਮ ਚਲਾਈ, ਉਸ ਸਕੀਮ ਵਿਚ ਇਹਨਾਂ ਨੇ ਪਹਿਲਾਂ ਕਿਹਾ ਮਾਰਕਫੈਡ ਨੂੰ ਕਿ ਤੁਸੀਂ ਲੋਨ ਲੈ ਲਓ।
ਇਹ ਲੋਨ ‘ਤੇ ਚੱਲੀ, ਜਦੋਂ ਉਹਨਾਂ ਦੀ ਲੋਨ ਲੈਣ ਦੀ ਸਮਰੱਥਾ ਖਤਮ ਹੋ ਗਈ ਤਾਂ ਇਹਨਾਂ ਨੇ ਪਨਸਅਪ ਨੂੰ ਕਿਹਾ। ਜਦੋਂ ਤੋਂ ਆਟਾ ਦਾਲ ਸਕੀਮ ਚੱਲੀ, ਅਕਾਲੀ ਦਲ ਨੇ ਸਾਰੇ ਅਦਾਰੇ ਤਬਾਹ ਕਰ ਦਿੱਤੇ। ਇਸ ਵੇਲੇ ਪਨਸਅਪ ਨੇ ਤਕਰੀਬਨ 1700 ਕਰੋੜ ਰੁਪਇਆ ਬੈਂਕਾਂ ਦਾ ਦੇਣਾ ਹੈ। ਉਸ ਦਾ ਹਰ ਕੁਆਟਰ ਅਸੀਂ 30-35 ਕਰੋੜ ਰੁਪਇਆ ਭਰਦੇ ਹਾਂ। ਇਸ ਕਿਸਮ ਦੇ ਫੈਸਲਿਆਂ ਨੇ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ।
dhindsa
ਸਵਾਲ- ਅੱਜ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਅਕਾਲੀ ਦਲ ਵਿਚ ਇਕ ਰਿਵਾਇਵਲ, ਪੰਥਕ ਰਿਵਾਇਵਲ ਲਹਿਰ ਚੱਲੀ ਹੈ, ਜੋ ਢੀਂਡਸਾ ਪਰਿਵਾਰ ਨੇ ਸ਼ੁਰੂ ਕੀਤੀ ਹੈ। ਤੁਸੀਂ ਉੱਥੋਂ ਨਿਕਲ ਕੇ ਆਏ ਹੋ, ਕੀ ਤੁਸੀਂ ਸਮਝਦੇ ਹੋ ਕੇ ਇਹ ਉਸ ਲਹਿਰ ਨੂੰ ਚਲਾਉਣ ‘ਚ ਕਾਮਯਾਬ ਹੋਣਗੇ। ਕਿਉਂਕਿ ਜੋ ਬਾਹਰ ਨਿਕਲ ਕੇ ਆ ਰਹੇ ਨੇ ਤਾਂ ਤੁਸੀਂ ਦੇਖਿਆ ਕਿ ਉਹ ਪਾਰਟੀ ‘ਚ ਕੀ ਕਰਦੇ ਸਨ। ਜੋ ਗਲਤੀਆਂ ਹੋਇਆ ਉਹਨਾਂ ‘ਚ ਇਹ ਭਾਗੀਦਾਰ ਸੀ।
Punjab Budget
ਜਵਾਬ- ਕਿਉਂਕਿ ਮੈਂ ਤਾ ਖੁਦ ਪੀਪਲ ਪਾਰਟੀ ਚਲਾਈ ਹੈ। ਇਹ ਨਵੀਆਂ ਪਾਰਟੀਆਂ ਹੁੰਦੀਆਂ ਜਾਂ ਛੋਟੀਆਂ ਪਾਰਟੀਆਂ ਹੁੰਦੀਆਂ ਹਨ, ਇਹਨਾਂ ਨੂੰ ਕੁਝ ਕ ਮੁਸ਼ਕਿਲਾਂ ਆਉਂਦੀਆਂ ਹਨ। ਇਕ ਤਾਂ ਇਹਨਾਂ ਪਾਰਟੀਆਂ ਵਿਚ ਟੇਲੈਂਟ ਭਾਵ ਚੰਗੇ, ਮਜ਼ਬੂਤ, ਪਾਏਦਾਰ ਲੋਕ, ਜਿਨ੍ਹਾਂ ਦੀ ਲੋਕਾਂ ਵਿਚ ਬੜੀ ਮਕਬੂਲੀਅਤ ਹੋਵੇ, ਉਸ ਕਿਸਮ ਦੇ ਲੋਕ ਨਹੀਂ ਮਿਲਦੇ। ਇਕ ਇਹ ਕਿ ਸਿਆਸਤ ਬਿਨਾਂ ਪੈਸਿਆਂ ਤੋਂ ਨਹੀਂ ਚੱਲ਼ ਸਕਦੀ। ਇਹਨਾਂ ਪਾਰਟੀਆਂ ਕੋਲ ਪੈਸੇ ਨਹੀਂ ਹੁੰਦੇ, ਇਹਨਾਂ ਨੂੰ ਅਪਣੇ ਘਰੋਂ ਹੀ ਪੈਸੇ ਲਗਾਉਣੇ ਪੈਂਦੇ ਹਨ।
Captain
ਸਵਾਲ- ਜਿਹੜੇ ਲੋਕ ਇਹਨਾਂ ਵਿਚੋਂ ਨਿਕਲ ਕੇ ਆ ਰਹੇ ਹਨ, ਉਹ ਇੰਨੇ ਸਾਲ ਹਰ ਫੈਸਲੇ ‘ਚ ਇਕੱਠੇ ਸਨ, ਅੱਜ ਕਹਿੰਦੇ ਨੇ ਕਿ ਪ੍ਰਧਾਨ ਦੀ ਗਲਤੀ ਹੈ ਪਰ ਪ੍ਰਧਾਨ ਚੁਣਨ ਵਿਚ ਵੀ ਉਹਨਾਂ ਦਾ ਹਿੱਸਾ ਸੀ, ਉਹ ਲੋਕ 10 ਸਾਲ ਤੱਕ ਦੀ ਸੱਤਾ ਵਿਚ ਨਾਲ ਰਹੇ, ਹੁਣ ਜਦ ਹਾਰੀ ਹੋਈ ਪਾਰਟੀ ਨੂੰ ਛੱਡਿਆ ਹੈ।
ਜਵਾਬ- ਇਸ ਦਾ ਜਵਾਬ ਉਹੀ ਦੇ ਸਕਦੇ ਹਨ, ਕਿ ਉਸ ਵੇਲੇ ਕਿਉਂ ਨਹੀਂ ਬੋਲੇ। ਜਾਂ ਪਾਰਟੀ ਦੀਆਂ ਕਮੀਆਂ ਤੁਹਾਨੂੰ ਕਦੋਂ ਪਤਾ ਲੱਗੀਆਂ।
Shiromani Akali Dal
ਸਵਾਲ- ਤੁਸੀਂ ਵੀ ਜਦੋਂ ਪਾਰਟੀ ਛੱਡੀ ਸੀ ਤਾਂ ਇਹਨਾਂ ਨਾਲ ਗੱਲ਼ ਕੀਤੀ ਹੋਣੀ, ਅੱਜ ਤੁਸੀਂ ਉਹ ਫੈਸਲੇ ਕਰ ਰਹੇ ਹੋਵੋ, ਜੋ 8 ਸਾਲ ਪਹਿਲਾਂ ਕਰਨਾ ਚਾਹੁੰਦੇ ਸੀ। ਇਹ ਗੱਲਾਂ ਉਦੋਂ ਵੀ ਨਿਕਲ ਕੇ ਆਈਆਂ?
ਜਵਾਬ- ਮੇਰਾ ਫਰਕ ਸੀ। ਕਿਉਂਕਿ ਮੈਂ ਪਾਰਟੀ ਉਦੋਂ ਛੱਡੀ ਜਦੋਂ ਪਾਰਟੀ ਪਾਪੂਲੈਰਿਟੀ ਤੇ ਸਿਖਰ ‘ਤੇ ਸੀ। ਮੈਂ ਵਿੱਤ ਮੰਤਰੀ ਸੀ, ਮੈਨੂੰ ਛੱਡਣ ਦਾ ਕੋਈ ਫਾਇਦਾ ਨਹੀਂ ਸੀ ਬਲਕਿ ਨੁਕਸਾਨ ਸੀ। ਜਦੋਂ ਮੈਨੂੰ ਪਤਾ ਲੱਗਿਆ ਕਿ ਅਕਾਲੀ ਦਲ ਦੇ ਸੀਐਮ, ਉਹਨਾਂ ਦਾ ਪੁੱਤਰ ਇਮਾਨਦਾਰ ਨਹੀਂ ਤਾਂ ਮੈਂ ਭਰੇ ਬਜ਼ਾਰ ‘ਚ ਪਾਰਟੀ ਛੱਡੀ।
ਢੀਂਡਸਾ ਸਾਹਿਬ ਤੇ ਉਹਨਾਂ ਦਾ ਪੁੱਤਰ ਪਰਮਿੰਦਰ ਬਹੁਤ ਇਮਾਨਦਾਰ ਹਨ,
Parminder Singh Dhindsa
ਮੈਂ ਉਹਨਾਂ ਨਾਲ ਰਿਹਾ ਹਾਂ। ਇਹਨਾਂ ਦੀ ਗੁਫ਼ਤਗੂ ਬੜੀ ਚੰਗੀ ਹੁੰਦੀ ਹੈ। ਮੈਨੂੰ ਲੱਗਦਾ ਕਿ ਅਕਾਲੀ ਦਲ ਵਿਚ ਇਕ ਜਾਲ ਅਜਿਹਾ ਬਣ ਗਿਆ ਹੈ ਕਿ ਕੋਈ ਵੀ ਕਾਬਲ ਬੰਦਾ, ਉੱਥੇ ਕਾਮਯਾਬ ਨਹੀਂ ਹੋ ਸਕਦਾ। ਜੇਕਰ ਤੁਹਾਡੇ ‘ਚ ਕੋਈ ਕਾਬੀਲੀਅਤ ਹੈ ਤਾਂ ਇਕ ਹੱਦ ਤੋਂ ਅੱਗੇ ਉਹ ਵਧ ਨਹੀਂ ਸਕਦਾ।
Raja Waring
ਸਵਾਲ- ਜੋ ਵਿਰੋਧ ਅਸੀਂ ਦੇਖਿਆ, ਉਹ ਅਸੀਂ ਕਾਂਗਰਸ ਦੇ ਐਮਐਲਏ ਵੱਲ਼ੋਂ ਵੀ ਵੇਖਿਆ। ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਨੂੰ ਕੁਝ ਨਹੀਂ ਮਿਲਿਆ। ਮੈਂ ਇਸ ਲਈ ਪੁੱਛ ਰਹੀ ਹਾਂ ਕਿ ਜਿਵੇਂ ਅਸੀਂ ਮੱਧ ਪ੍ਰਦੇਸ਼ ਵਿਚ ਦੇਖ ਰਹੇ ਹਾਂ ਕਿ ਸ਼ਾਇਦ ਕਾਂਗਰਸ ਦੀ ਸਰਕਾਰ ਟੁੱਟ ਜਾਵੇ। ਕੀ ਪੰਜਾਬ ਵਿਚ ਵੀ ਇਹੋ-ਜਿਹੇ ਅਸਾਰ ਬਣ ਸਕਦੇ ਹਨ
Congress
ਜਵਾਬ- ਅਜ਼ਾਦੀ ਤੋਂ ਬਾਅਦ ਮੌਜੂਦਾ ਪੰਜਾਬ ਵਿਚ ਪਹਿਲੀ ਇੰਨੀ ਮਜ਼ਬੂਤ ਸਰਕਾਰ ਹੈ, ਜਿਸ ਵਿਚ ਇਕ ਪਾਰਟੀ ਦੇ ਲਗਭਗ 80 ਐਮਐਲਏ ਹਨ। ਤਾਂ ਪੰਜਾਬ ਵਿਚ ਅਜਿਹਾ ਨਹੀਂ ਹੋ ਸਕਦਾ। ਹਰ ਐਮਐਲਏ ਦੀ ਇਕ ਤਾਂਘ ਹੁੰਦੀ ਹੈ ਕਿ ਮੈਂ ਇਕ ਵਾਰ ਚੋਣਾਂ ਫਿਰ ਜਿੱਤਾਂ। ਹਰ ਐਮਐਲਏ ਅਪਣੇ ਇਲਾਕਾ ਵਾਸੀਆਂ ਨੂੰ ਕੁਝ ਵਾਅਦੇ ਕਰਕੇ ਆਇਆ ਹੁੰਦਾ ਹੈ। ਜਿਸ ਕਿਸਮ ਦਾ ਵਿਰੋਧ ਤੁਸੀਂ ਦੇਖਿਆ, ਉਹ ਵਿਰੋਧ ਕਾਂਗਰਸ ਖਿਲਾਫ਼ ਨਹੀਂ ਸੀ ਬਲਕਿ ਉਹ ਵਾਅਦੇ ਨਾਲ ਪੂਰੇ ਹੋਣ ਖ਼ਿਲਾਫ ਸੀ।
Jyotiraditya Scindia
ਸਵਾਲ- ਜੋ ਮੱਧ ਪ੍ਰਦੇਸ਼ ਵਿਚ ਕਾਂਗਰਸ ਨਾਲ ਹੋ ਰਿਹਾ ਹੈ, ਉਸ ਬਾਰੇ ਤੁਸੀਂ ਕੀ ਕਹੋਗੇ।
ਜਵਾਬ- ਮੱਧ ਪ੍ਰਦੇਸ਼ ਵਿਚ ਜਯੋਤਿਰਾਦਿੱਤਿਆ ਸਿੰਧਿਆ ਪਾਰਟੀ ਨੂੰ ਛੱਡ ਕੇ ਚਲੇ ਗਏ। ਮੈਂ ਫਿਰ ਕਹਿੰਦਾ ਹਾਂ ਕਿ ਇਨਸਾਨ ਜਦੋਂ ਸਿਆਸਤ ਕਰਦਾ ਹੈ ਤਾਂ ਉਹ ਇਕ ਲਾਈਨ ਖਿੱਚਦਾ ਹੈ ਕਿ ਜਾ ਤਾਂ ਮੈਂ ਇਸ ਸੋਚ ਦੀ ਹਿਫ਼ਾਜ਼ਤ ਕਰਾਂਗਾ ਜਾਂ ਮੈਂ ਇਸ ਲਾਈਨ ‘ਤੇ ਮਰ ਜਾਵਾਂਗਾ। ਇਹ ਨਹੀਂ ਹੋ ਸਕਦਾ ਹੈ ਕਿ ਤੁਸੀਂ 10 ਸਾਲ ਕਾਂਗਰਸ ਦੀ ਕੈਬਨਿਟ ‘ਚ ਰਹੇ,
Kamalnath
ਉਹਨਾਂ ਦੇ ਪਿਤਾ ਵੀ ਮੰਤਰੀ ਰਹੇ, ਸਭ ਕੁਝ ਕਾਂਗਰਸ ਤੋਂ ਲਿਆ ਪਰ ਅੱਜ ਕਾਂਗਰਸ ‘ਤੇ ਅਜਿਹਾ ਸਮਾਂ ਆਇਆ ਤੇ ਤੁਹਾਨੂੰ ਇਕ ਮੌਕਾ ਮਿਲ ਗਿਆ, ਤੁਸੀਂ 17 ਐਮਐਲਏ ਲੈ ਕੇ ਜੁਦਾ ਹੋ ਰਹੇ ਹੋ। ਜੇ ਤੁਹਾਡੀ ਮੁੱਖ ਮੰਤਰੀ ਕਮਲ ਨਾਥ ਨਾਲ ਨਹੀਂ ਬਣਦੀ ਤਾਂ ਪਾਰਟੀ ‘ਚ ਕੀ ਗਲਤ ਹੈ। ਇਹਨਾ ਨੂੰ ਭਾਜਪਾ ਤੋਂ ਕੀ ਮਿਲ ਜਾਵੇਗਾ।
Manpreet Badal
ਸਵਾਲ-ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਕਿ ਸਿਆਸਤਦਾਨ ਇਕ ਕੀਮਤ ‘ਤੇ ਵਿਕ ਜਾਂਦੇ ਹਨ।
ਜਵਾਬ- ਮੈਨੂੰ ਲੱਗਦਾ ਇਨਸਾਨ ਦੀ ਕੀਮਤ ਨਹੀਂ ਲੱਗਣੀ ਚਾਹੀਦੀ।
Captain Amrinder Singh
ਸਵਾਲ-ਇਹ ਤਾਂ ਹੁਣ ਲੋਕ ਫੈਸਲਾ ਕਰਨਗੇ, 17 ਸੀਟਾਂ ‘ਤੇ ਫਿਰ ਚੋਣਾਂ ਹੋਣਗੀਆਂ। ਫਿਰ ਲੋਕ ਦੱਸਣਗੇ ਕਿ ਉਹਨਾਂ ਨੂੰ ਵਿਕਾਊ ਐਮਐਲਏ ਪਸੰਦ ਹੈ ਜਾਂ ਨਹੀਂ।
ਜਵਾਬ-ਮੈਨੂੰ ਲੱਗਦਾ ਮੁਲਕ ਦਾ ਜੋ ਹਾਲ ਹੈ, 70-72 ਸਾਲ ਹੋ ਗਏ, ਭਾਰਤ ਵਿਚ ਇਸ ਤੋਂ ਕਿਤੇ ਬਿਹਤਰ ਲੀਡਰ ਹੋਣੇ ਚਾਹੀਦੇ ਹਨ। ਮੈਂ ਚੀਨ ਦੀ ਲੀਡਰਸ਼ਿਪ, ਤੁਰਕੀ, ਰਸ਼ੀਆ ਜਾਂ ਇਰਾਨ ਦੀ ਲੀਡਰਸ਼ਿਪ ਹੈ ਮੈਂ ਈਰਖਾ (Jealous) ਕਰਦਾ ਹਾਂ। ਈਰਾਨ ਦੀ ਲੀਡਰਸ਼ਿਪ ਨੇ ਅਮਰੀਕਾ ਨੂੰ ਵੱਟੋ-ਵੱਟ ਪਾਇਆ ਹੋਇਆ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਭਾਰਤ ਨੂੰ ਅਜਿਹੀ ਲੀਡਰਸ਼ਿਪ ਦੇਵੇ, ਜੋ ਇੰਡੀਆ ਨੂੰ ਨਰਕ ‘ਚੋਂ ਕੱਢ ਸਕੇ।
Rahul Gandhi
ਸਵਾਲ- ਰਾਹੁਲ ਗਾਂਧੀ ‘ਤੇ ਬੜੇ ਸਵਾਲ ਉੱਠ ਰਹੇ ਹਨ ਕਿ ਕੀ ਉਹਨਾਂ ਦੀ ਕਾਬੀਲੀਅਤ ਹੈ ਪਾਰਟੀ ਨੂੰ ਸੰਭਾਲਣ ਵਿਚ , ਨਾ ਉਹਨਾਂ ‘ਚ ਦਿਲਚਸਪੀ ਹੈ ਤੇ ਨਾ ਕਾਬੀਵੀਅਤ?
ਜਵਾਬ- ਮੈਨੂੰ ਲੱਗਦਾ ਮੀਡੀਆ ਵਿਚ ਇਕ ਪਲਾਨਿੰਗ ਤਹਿਤ ਰਾਹੁਲ ਗਾਂਧੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਂ ਰੱਬ ਤੋਂ ਡਰ ਕੇ ਕਹਿੰਦਾ ਹਾਂ। ਮੈਂ ਜ਼ਿੰਦਗੀ ਵਿਚ ਪ੍ਰਧਾਨ ਮੰਤਰੀਆਂ ਨੂੰ ਮਿਲਿਆ ਹਾਂ, ਮੁੱਖ ਮੰਤਰੀਆਂ ਨੂੰ ਮਿਲਿਆ ਹਾਂ ਪਰ ਰਾਹੁਲ ਗਾਂਧੀ ਵਰਗਾ ਵਤੀਰਾ ਕਿਸੇ ‘ਚ ਨਹੀਂ ਸੀ। ਹਾਲਾਂਕਿ ਤਿੰਨ-ਚਾਰ ਪੀੜੀਆਂ ‘ਚੋਂ ਜਿਨ੍ਹਾਂ ਨੇ ਮੁਲਕ ਚਲਾਇਆ ਹੋਵੇ ਤਾਂ ਇਕ ਬੰਦੇ ਵਿਚ ਆਕੜ ਜਾਂ ਗਰੂਰ ਤਾਂ ਆ ਹੀ ਜਾਂਦਾ ਹੈ। ਪਰ ਮੈਂ ਭਾਰਤੀ ਸਿਆਸਤ ਵਿਚ ਇੰਨਾ ਨਿਮਰ ਇਨਸਾਨ ਨਹੀਂ ਦੇਖਿਆ।
Captain Amrinder Singh
ਸਵਾਲ- ਲੋਕ ਇਕ ਹੰਕਾਰੀ ਲੀਡਰ ਮੰਗਦੇ ਨੇ, ਜਿਸ ਦੀ ਛਾਤੀ ਚੌੜੀ ਹੋਵੇ
ਜਵਾਬ- ਲੋਕ ਦਿਖਾਵਾ ਮੰਗਦੇ ਐ, ਮੈਂ ਬੰਦੇ ਦੀ ਨੀਅਤ ਦੇਖਦਾ ਹਾਂ। ਪਰ ਰਾਹੁਲ ਗਾਂਧੀ ਦੀ ਨੀਅਤ ਵਿਚ ਕੋਈ ਖੋਟ ਨਹੀਂ।
Manpreet Badal
ਸਵਾਲ –ਸਿਸਤ ਵਿਚ ਜੋ ਆਉਂਦਾ ਹੈ, ਉਸ ‘ਚ ਲੋਕਾਂ ਦੀ ਚੋਣ ਝਲਕਦੀ ਹੈ। ਹਾਲੇ ਭਾਰਤ ਮਿਡਿਔਕਰ ਲੈਵਲ ‘ਤੇ ਹੈ ਤੇ ਚੋਣ ਵੀ ਉਸੇ ਤਰ੍ਹਾਂ ਦੀ ਕਰਦਾ ਹੈ। ਜਵਾਬ- ਪੰਜਾਬੀ ਦਾ ਇਕ ਮੁਹਾਵਰਾ ਹੈ ਕਿ ਜਿਹੋ ਜਿਹਾ ਦੁੱਧ, ਉਹੋ ਜਿਹਾ ਮੱਖਣ, ਜਿਹੋ ਜਹੇ ਲੋਕ, ਉਹੋ ਜਿਹੇ ਲੀਡਰ। ਇਸ ਵੇਲੇ ਹਿੰਦੋਸਤਾਨ ਦੀ ਸਿਆਸਤ ਬੰਦ ਗਲੀ ‘ਚ ਦਾਖਲ ਹੋ ਗਈ ਹੈ। ਹਿੰਦੋਸਤਾਨ ਦੇ ਜਿਹੜੇ ਮਸਲੇ ਹੈ, ਉਹ ਰੋਜ਼ੀ ਰੋਟੀ ਦੀ ਐ, ਖੁਲ਼ਹਾਲੀ ਦੇ ਐ, ਰੁਜ਼ਗਾਰ ਦੇ ਐ, ਮੁਲਕ ਤਰੱਕੀ ਕਰ ਸਕੇ। ਅਸੀਂ 70-72 ਸਾਲਾਂ ਦੇ ਵਿਚ ਕਮਿਊਨਲ ਪਾਲੀਟਿਕਸ, ਜਾਤ ਬਿਰਾਦਰੀ ਦੀ ਪਾਲੀਟਿਕਸ ‘ਚੋਂ ਹੀ ਉੱਭਰ ਕੇ ਨਹੀਂ ਆ ਸਕਿਆ। 50 ਸਾਲ ਪਹਿਲਾਂ ਦੀ ਲੀਡਰਸ਼ਿਪ ਬਹੁਤ ਵਧੀਆ ਸੀ।
Master Tara Singh
ਸਵਾਲ- ਮੇਰੇ ਫਾਦਰ ਸਾਹਿਬ ਪੁਰਾਣੇ ਅਕਾਲੀ ਲੀਡਰਾਂ ਬਾਰੇ ਲਿਖਦੇ ਹਨ ਕਿ ਉਹ ਬਿਲਕੁਲ ਫੱਕਰ ਦੀ ਤਰ੍ਹਾਂ ਹੁੰਦੇ ਸੀ। ਮਾਸਟਰ ਤਾਰਾ ਸਿੰਘ ਦੀ ਇਕ ਜੇਬ ‘ਚ ਪਾਰਟੀ ਦਾ ਖਰਚਾ ਹੁੰਦਾ ਸੀ, ਇਕ ਜੇਬ ‘ਚ ਘਰ ਦਾ ਖਰਚਾ ਹੁੰਦਾ ਸੀ। ਉਹ ਲੀਡਰਸ਼ਿਪ ਵੱਖਰੀ ਹੁੰਦੀ ਸੀ।
ਜਵਾਬ-ਲੀਡਰ ਤਰੱਕੀ ਕਰ ਗਏ ਨੇ ਤੇ ਮੁਲਕ ਪਿੱਛੇ ਰਹਿ ਗਿਆ।
ਸਵਾਲ-ਬਜਟ ‘ਤੇ ਜੇ ਅਸੀਂ ਵਾਪਸ ਆਈਏ, ਤੁਸੀਂ 2 ਸਾਲ ਪਹਿਲਾਂ ਇਕੋਨੋਮਿਕ ਰਿਵਾਇਵਲ ਦਾ ਵਾਅਦਾ ਕੀਤਾ ਸੀ। ਅੱਜ ਰਿਵਾਈਵਲ ਦੀਆਂ ਜੋ ਤੁਸੀਂ ਗੱਲਾਂ ਕਰ ਰਹੇ ਹੋ, ਲੋਕ ਉਸ ‘ਤੇ ਸ਼ੱਕ ਕਰ ਰਹੇ ਹਨ। ਜਿਵੇਂ ਤੁਸੀਂ ਕਿਹਾ ਕਿ 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਆਈ ਹੈ, ਵਿਰੋਧੀ ਧਿਰ ਪੁੱਛ ਰਹੇ ਹਨ ਕਿ ਇਨਵੈਸਟਮੈਂਟ ਕਿੱਥੇ ਹੈ।
Manpreet Badal
ਜਵਾਬ- ਇਹ ਕਿਸੇ ਦਿਨ ਲਿਸਟ ਲੈ ਕੇ ਬੈਠ ਜਾਂਦੇ ਹਨ। ਦਰਅਸਲ ਮੈਂ 55 ਹਜ਼ਾਰ ਕਰੋੜ ਕਹਾਂਗਾ। 22 ਹਜ਼ਾਰ ਕਰੋੜ ਤਾਂ ਸਿਰਫ਼ ਬਠਿੰਡਾ ਦੀ ਰਿਫਾਇਨਰ ਵਿਚ ਗਰਾਂਊਡਿਡ ਹੈ। ਇਸ ਵੇਲੇ ਜੇ ਤੁਸੀਂ ਉਸ ਦੀ ਸਾਈਟ ‘ਤੇ ਵੀ ਚਲੇ ਜਾਓ ਤਾਂ ਤੁਸੀਂ ਦੇਖੋਗੇ, ਕਿ ਇਹ ਇਨਵੈਸਟਮੈਂਟ ਹੈ, ਪਾਈਪਲਾਈਨ ‘ਚ ਹੈ, ਉਸੇ ਤਰ੍ਹਾਂ ਪਠਾਨਕੋਟ ਵਿਚ 800 ਕਰੋੜ ਦੀ ਪੇਪਸੀ ਦਾ ਪਲਾਂਟ ਹੈ, ਜੋ 8 ਮਹੀਨਿਆਂ ‘ਚ ਸ਼ੁਰੂ ਹੋ ਕੇ ਹੁਣ ਚਾਲੂ ਵੀ ਹੋ ਗਿਆ ਹੈ।
Investment
ਆਈਟੀਸੀ ਦਾ ਫੂਡ ਪ੍ਰੋਸੈਸਿੰਗ ਪਲਾਂਟ, ਜੋ ਕਪੂਰਥਲਾ ਵਿਚ ਹੈ ਚੱਲ ਰਿਹਾ ਹੈ, ਉਸ ‘ਚ 1700 ਕਰੋੜ ਹੈ। ਪੰਜਾਬ ‘ਚ ਤਿੰਨ ਸਾਲਾਂ ‘ਚ 55 ਹਜ਼ਾਰ ਕਰੋੜ ਆ ਜਾਣਾ ਕੋਈ ਛੋਟੀ ਗੱਲ਼ ਨਹੀਂ ਹੈ। ਮੈਂ ਪਿੱਛੇ ਜਿਹੇ ਮੱਧ ਪ੍ਰਦੇਸ਼ ਗਿਆ ਸੀ। ਹਾਲਾਂਕਿ ਬਹੁਤ ਵੱਡੀ ਸਟੇਟ ਹੈ। ਉਹਨਾਂ ਕੋਲ 32 ਹਜ਼ਾਰ ਕਰੋੜ ਇਨਵੈਸਟਮੈਂਟ ਆਈ ਹੈ। ਪੰਜਾਬ ‘ਚ 55 ਹਜ਼ਾਰ ਕਰੋੜ ਆ ਜਾਣਾ ਵੱਡੀ ਗੱਲ ਹੈ।
Punjab
ਪੰਜਾਬ ਦੀ ਅਰਥ ਵਿਵਸਥਾ ਦੇ ਦੋ ਪਹਿਲੂ ਹਨ, ਇਕ ਸਟੇਟ ਫਾਈਨਾਂਸਿਜ਼ ਤੇ ਇਕ ਇਕਾਨੋਮੀ। ਸਟੇਟ ਫਾਈਨਾਂਸ ਵਿਚ ਜਿਹੜੇ ਘਾਟੇ ਹਨ, ਉਹ ਕਾਫ਼ੀ ਹੱਦ ਤੱਕ ਪੂਰ ਲਏ ਗਏ ਹਨ। ਪੰਜਾਬ ਅਤੇ ਹਰਿਆਣਾ ਇਕੱਠੇ ਸੀ, ਪਰ ਹੁਣ ਹਰਿਆਣਾ ਪੰਜਾਬ ਨੂੰ ਪਿੱਛੇ ਛੱਡ ਗਿਆ ਹੈ। ਦੋਵੇਂ ਸੂਬਿਆਂ ਦਾ ਬਜਟ ਇਕੋ ਦਿਨ ਪੇਸ਼ ਹੋਇਆ। ਤਾਂ ਜ਼ਾਹਿਰ ਹੈ ਕਿ ਜਿਹੜੀਆਂ ਅਖ਼ਬਾਰਾਂ ‘ਚ ਸੁਰਖੀਆਂ ਦੇਖੋਗੇ ਕਿ ਸਾਫ਼ ਹੋ ਗਿਆ,
Manohar Lal Khattar
ਹਰਿਆਣਾ ਦਾ ਬਜਟ 1 ਲੱਖ 40 ਹਜ਼ਾਰ ਕਰੋੜ ਸੀ ਤੇ ਪੰਜਾਬ ਦਾ 1 ਲੱਖ 54 ਹਜ਼ਾਰ ਕਰੋੜ ਹੈ। ਸਾਡੇ ਖਰਚੇ ਵੀ ਉਹਨਾਂ ਨਾਲੋਂ 10 ਹਜ਼ਾਰ ਕਰੋੜ ਘੱਟ ਗਏ। ਉਹਨਾਂ ਦਾ ਰਿਵੈਨਿਊ ਡੈਫੇਸਿਟ 15 ਹਜ਼ਾਰ ਕਰੋੜ ਹੈ ਤੇ ਸਾਡਾ 7 ਹਜ਼ਾਰ ਕਰੋੜ ਹੈ। ਅਗਲੇ ਸਾਲ ਇਸ ਨੂੰ ਵੀ ਪੂਰਾ ਕਰ ਦੇਵਾਂਗੇ।
ਸਵਾਲ- ਜੇਕਰ ਅਸੀਂ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਰੁਜ਼ਗਾਰੀ ਦਰ 57 ਹਜ਼ਾਰ ਕਹਿ ਰਹੇ ਨੇ। ਹਰਿਆਣਾ ਨੇ ਪਿਛਲੇ ਪੰਜ ਸਾਲਾਂ ਵਿਚ 70 ਹਜ਼ਾਰ ਨੂੰ ਅਪਣੇ ਮੈਨੀਫੈਸਟੋ ਵਿਚ ਅਚੀਵਮੈਂਟ ਦੱਸੀ ਸੀ। ਪੰਜਾਬ ਨੇ 3 ਸਾਲਾਂ ਵਿਚ 57000 ਸਰਕਾਰੀ ਨੌਕਰੀਆਂ ਦਿੱਤੀਆਂ ਤੇ ਹਰਿਆਣਾ ਤੇ 5 ਸਾਲਾਂ ‘ਚ 70 ਹਜ਼ਾਰ।
ਜਵਾਬ- ਜੇ ਤੁਸੀਂ ਬਜਟ ਦੇਖੋਗੇ ਤਾਂ ਅਸੀਂ ਇਸ ਸਾਲ, 10 ਸਾਲ ਬਾਅਦ ਰਿਟਾਇਰਮੈਂਟ ਦੀ ਉਮਰ 60 ਤੋਂ 58 ਲੈ ਕੇ ਗਏ।
ਸਵਾਲ- ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਪੈਸਾ ਬਚਾਉਣ ਲਈ contractual ਨੌਕਰੀਆਂ ਦੇ ਰਹੀ ਹੈ। contractual ਅਸੀਂ ਤਿੰਨ ਸਾਲ ਲਈ ਕਿਉਂ ਰੱਖ ਰਹੇ ਹਾਂ।
Contract Workers
ਜਵਾਬ- ਪੰਜਾਬ ਵਿਚ ਤਿੰਨ ਕਿਸਮ ਦੀਆਂ ਨੌਕਰੀਆਂ ਹੈ, ਇਕ ਤਾਂ ਪਰਮਾਨੈਂਟ ਸਰਕਾਰੀ ਮੁਲਾਜ਼ਮ, ਦੂਜੇ ਕੁਝ ਮਹਿਕਮੇ ਅਜਿਹੇ ਹਨ, ਜਿੱਥੇ ਸਾਨੂੰ contract ‘ਤੇ ਬੰਦੇ ਰੱਖਣੇ ਪੈਂਦੇ ਹਨ, ਕਿਉਂਕਿ ਸਾਨੂੰ ਪੱਕੇ ਮੁਲਾਜ਼ਮ ਨਹੀਂ ਚਾਹੀਦੇ। ਹਰ ਬੰਦਾ ਪੰਜਾਬ ਸਰਕਾਰ ਦਾ ਮੁਲਾਜ਼ਮ ਨਹੀਂ ਹੋ ਸਕਦਾ। ਕੁਝ ਨੌਕਰੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਠੇਕੇਦਾਰੀ ਕਹਿੰਦੇ ਹਾਂ। ਇਸ ਗੱਲ ਹਮੇਸ਼ਾਂ ਅਪਣੇ ਮਨ ‘ਚ ਰੱਖਣੀ ਚਾਹੀਦੀ ਹੈ ਕਿ ਸਰਕਾਰ ਦੇ ਪੈਸੇ ਪੰਜਾਬ ਦੇ ਲੋਕਾਂ ਦੇ ਪੈਸੇ ਹਨ ਤੇ ਇਹਨਾਂ ਪੈਸਿਆਂ ‘ਤੇ ਸਭ ਤੋਂ ਜ਼ਿਆਦਾ ਅਧਿਕਾਰ ਉਸ ਦਾ ਹੁੰਦਾ ਹੈ, ਜੋ ਸਭ ਤੋਂ ਜ਼ਿਆਦਾ ਗਰੀਬ ਬੰਦਾ ਹੁੰਦਾ ਹੈ।
Government of India
ਸਵਾਲ- ਜਿਹੜੇ ਐਸਸੀ/ਐਸਟੀ ਬੱਚੇ ਵਿਰੋਧ ਕਰ ਰਹੇ ਹਨ, ਕੀ ਉਹਨਾਂ ਦਾ ਜੋ ਡਰ ਹੈ, ਉਹ ਸਹੀ ਹੈ?
ਜਵਾਬ- ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਪ੍ਰੋਗਰਾਮ ਸੀ, ਇਹ ਭਾਰਤ ਸਰਕਾਰ ਦਾ ਪ੍ਰਾਜੈਕਟ ਹੈ। ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਹਨ, ਉਹਨਾਂ ਦੀ ਸਕਾਲਰਸ਼ਿਪ ਭਾਰਤ ਸਰਕਾਰ ਨੇ ਭੇਜਣੀ ਹੁੰਦੀ ਸੀ। ਉਹਨਾਂ ਨੇ ਇਹ ਸਕੀਮ ਬੰਦ ਕਰ ਦਿੱਤੀ ਹੈ। ਹੁਣ ਸੂਬਾ ਸਰਕਾਰ ‘ਤੇ ਇਹ ਦਬਾਅ ਹੈ ਕਿ ਉਹ ਇਹ ਸਕੀਮ ਚਾਲੂ ਰੱਖੇ। ਭਾਰਤ ਸਰਕਾਰ ਕਈ ਸਕੀਮਾਂ ਸੁਰੂ ਕਰਕੇ ਉਹਨਾਂ ਨੂੰ ਵਿਚਕਾਰ ਹੀ ਬੰਦ ਕਰ ਦਿੰਦੀ ਹੈ। ਅਸੀਂ ਭਾਰਤ ਸਰਕਾਰ ਨਾਲ ਇਸ ਸਬੰਧੀ ਸੰਪਰਕ ਕਰ ਰਹੇ ਹਾਂ।
Captain Amrinder Singh
ਸਵਾਲ- ਜੇ ਕਰਜ਼ੇ ਦੀ ਗੱਲ਼ ਕਰੀਏ, ਇਸ ਸਾਲ ਫਿਰ ਕਰਜ਼ਾ ਵਧਿਆ ਹੈ, ਸ਼ਾਇਦ 19 ਹਜ਼ਾਰ ਕਰੋੜ ਵਧਿਆ ਹੈ। ਇਹ ਰਕਮ ਕਦੋਂ ਘਟਣੀ ਸ਼ੁਰੂ ਹੋਵੇਗੀ।
ਜਵਾਬ- ਪਹਿਲੀ ਗੱਲ ਤਾਂ ਇਹ ਹੈ ਕਿ ਇਕ ਸਰਕਾਰ ਕਿੰਨਾ ਕਰਜ਼ਾ ਲੈ ਸਕਦੀ ਹੈ, ਇਹ ਤੈਅਸ਼ੁਦਾ ਹੁੰਦਾ ਹੈ। ਇਹ ਭਾਰਤ ਸਰਕਾਰ ਅਤੇ ਸਰਕਾਰ ਦੀ ਸਮਰੱਥਾ ਅਨੁਸਾਰ ਹੁੰਦਾ ਹੈ। ਪੰਜਾਬ ਅਪਣੇ ਜੀਐਸਟੀਪੀ ਦਾ ਤਿੰਨ ਪ੍ਰਤੀਸ਼ਤ ਕਰਜ਼ਾ ਲੈ ਸਕਦਾ ਹੈ। ਪੰਜਾਬ ਦਾ ਜੀਐਸਟੀਪੀ 6 ਲੱਖ 40 ਹਜ਼ਾਰ ਕਰੋੜ ਹੈ। ਇਸ ਅਨੁਸਾਰ ਅਸੀਂ 19 ਹਜ਼ਾਰ ਕਰੋੜ ਦਾ ਕਰਜ਼ਾ ਲੈ ਸਕਦੇ ਹਾਂ। ਦੂਜੀ ਗੱਲ਼ ਹੈ ਕਿ ਚਾਰ ਸਾਲਾਂ ‘ਚ ਪੰਜਾਬ ‘ਤੇ ਜੋ ਕਰਜ਼ਾ ਹੋਵੇਗਾ, ਉਹ ਤਕਰੀਬਨ 66 ਹਜ਼ਾਰ ਕਰੋੜ ਹੋਵੇਗਾ। ਯਾਦ ਕਰਵਾਉਣਾ ਚਾਵਾਂਗਾ ਕਿ ਅਕਾਲੀ ਦਲ ਨੇ ਅਖੀਰਲੇ ਦੋ ਸਾਲਾਂ ‘ਚ 70 ਹਜ਼ਾਰ ਕਰੋੜ ਦਾ ਕਰਜ਼ਾ ਲਿਆ।
Tax
ਸਵਾਲ- ਬਜਟ ਤੋਂ ਸਮਝ ਆਇਆ ਕਿ ਕਾਫ਼ੀ ਜਗਾ ਬੱਚਤ ਕੀਤੀ ਗਈ ਹੈ। ਜਿਹੜੀ ਆਮਦਨ ਵਧਾਉਣ ਵਾਲੀ ਗੱਲ ਹੈ, ਉਹ ਸਾਨੂੰ ਨਜ਼ਰ ਨਹੀਂ ਆ ਰਹੀ। ਉਸ ਬਾਰੇ ਤੁਹਾਨੂੰ ਕਿਵੇਂ ਲੱਗਦਾ ਹੈ।
ਜਵਾਬ- ਕੋਸ਼ਿਸ਼ ਕੀਤੀ ਹੈ। ਟੈਕਸ receipts ਤੋਂ ਸਾਨੂੰ 18 ਪ੍ਰਤੀਸ਼ਤ ਇਜ਼ਾਫਾ ਹੈ। ਸਾਡੇ ਖਰਚੇ 3 ਫੀਸਦੀ ਇਜ਼ਾਫੇ ਨਾਲ ਚੱਲ ਰਹੇ ਹਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਅਸੀਂ ਖਰਚਿਆਂ ਨੂੰ ਲਗਾਮ ਦੇ ਕੇ ਰੱਖੀ ਹੈ। ਜਿਹੜਾ ਟੈਕਸ ਭਾਰਤ ਸਰਕਾਰ ਇਕੱਠਾ ਕਰਦੀ ਹੈ, ਉਸ ਵਿਚ 42 ਫੀਸਦੀ ਸਟੇਟ ਦਾ ਹਿੱਤਾ ਹੈ। 15ਵੀਂ ਫਾਇਨਾਂਸ ਕਮਿਸ਼ਨ ਨੇ ਅਪਣੀ ਅੰਤਰਿਮ ਰਿਪੋਰਟ ਦਿੱਤੀ, ਉਸ ‘ਚ ਪੰਜਾਬ ਦਾ ਹਿੱਸਾ ਵਧ ਗਿਆ ਹੈ।
ਹਿੰਦੋਸਤਾਨ ਇਸ ਵੇਲੇ ਮੰਦੀ ‘ਚ ਹੈ। ਇਸ ਮੰਦੀ ਵਿਚ ਵੀ ਪੰਜਾਬ ਅਪਣੇ ਪੈਰਾਂ ‘ਤੇ ਖੜ੍ਹਾ ਹੋ ਗਿਆ ਹੈ, ਇਹ ਬਹੁਤ ਵੱਡੀ ਕਾਮਯਾਬੀ ਹੈ।
Manpreet Badal
ਸਵਾਲ- ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾਂ ਇਹੀ ਲੱਗਦਾ ਹੈ ਕਿ ਤੁਸੀਂ ਬੜੇ ਸ਼ਾਤ ਹੋ। ਪਰ ਇਸ ਵਾਰ ਪਹਿਲੀ ਵਾਰ ਮਨਪ੍ਰੀਤ ਬਾਦਲ ਨੂੰ ਸਦਨ ਵਿਚ ਗੁੱਸਾ ਆ ਗਿਆ।
ਜਵਾਬ- ਗੁੱਸਾ ਨਹੀਂ ਆਇਆ। ਹਰ ਬੰਦੇ ਨੂੰ ਅਪਣੀ ਗੱਲ ਕਹਿਣ ਦਾ ਹੱਕ ਹੈ। ਪਰ ਇਹ ਨਹੀਂ ਹੋ ਸਕਦਾ ਕਿ ਕੋਈ ਬੰਦਾ ਮੇਰੇ ਅੱਗੇ ਖੜ੍ਹਾ ਹੋ ਕੇ ਮੇਰੇ ਖਿਲਾਫ਼ ਨਾਅਰੇ ਲਗਾਵੇ। ਗੁੱਸਾ ਨਹੀਂ ਮੈਂ ਸਿਰਫ਼ ਇਹੀ ਕਿਹਾ ਸੀ ਕਿ ਅਪਣੀ ਸੀਟ ‘ਤੇ ਬੈਠ। ਮੈਂ ਕਹਿਣਾ ਚਾਹੁੰਦਾ ਹਾਂ ਕਿ ਹਰ ਦਿਨ ਪੰਜਾਬ ਲਈ ਚੜੇਗਾ, ਉਹ ਪਿਛਲੇ ਦਿਨ ਨਾਲੋਂ ਬਿਹਤਰ ਹੋਵੇਗਾ। ਅਸੀਂ ਮਿਹਤਨ ਕਰਾਂਗੇ ਤੇ ਅਪਣੀਆਂ ਔਲਾਦਾਂ ਲਈ ਬਿਹਤਰ ਪੰਜਾਬ ਛੱਡ ਕੇ ਜਾਵਾਂਗੇ।
ਸਾਡੇ ਨਾਲ ਜੁੜਨ ਲਈ ਧੰਨਵਾਦ, ਉਮੀਦ ਕਰਦੇ ਹਾਂ ਕਿ ਅਗਲਾ ਬਜਟ ਵੀ ਖੁਸ਼ਖ਼ਬਰੀਆਂ ਲੈ ਕੇ ਆਏ।