
ਸਰਕਾਰਾਂ ਦੁਆਰਾ ਅਪਣੀ ਫੋਕੀ ਵਾਹ ਵਾਹ ਕਰਨ ਨੂੰ ਆਮ ਲੋਕ ਪਸੰਦ ਨਹੀਂ ਕਰਦੇ। ਅਜਿਹਾ ਹੀ ਵਾਕਿਆ ਉਸ ਵੇਲੇ ਸਾਹਮਣੇ ਆਇਆ
ਜਲੰਧਰ (ਵਿਸ਼ੇਸ਼ ਪ੍ਰਤੀਨਿਧ), ਸਰਕਾਰਾਂ ਦੁਆਰਾ ਅਪਣੀ ਫੋਕੀ ਵਾਹ ਵਾਹ ਕਰਨ ਨੂੰ ਆਮ ਲੋਕ ਪਸੰਦ ਨਹੀਂ ਕਰਦੇ। ਅਜਿਹਾ ਹੀ ਵਾਕਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਪੰਜਾਬ ਭਾਜਪਾ ਵਲੋਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਜਲੰਧਰ ਵਿਚ ਕੱਢੀ ਗਈ ਮੋਟਰਸਾਈਕਲ ਰੈਲੀ ਦੌਰਾਨ ਭਾਜਪਾ ਲੀਡਰਸ਼ਿਪ ਦੇ ਲੱਗੇ ਹੋਰਡਿੰਗ 'ਤੇ ਬਾਲਮੀਕ ਭਾਈਚਾਰੇ ਨੇ ਕਾਲਖ ਪੋਤ ਦਿਤੀ।
BJP Hoardings
ਬਾਲਮੀਕ ਭਾਈਚਾਰੇ ਦਾ ਦੋਸ਼ ਹੈ ਕਿ ਜਲੰਧਰ ਦੇ ਜਯੋਤੀ ਚੌਕ 'ਤੇ ਲੱਗੇ ਭਾਜਪਾ ਆਗੂਆਂ ਦੇ ਹੋਰਡਿੰਗਜ਼ ਨੇ ਚੌਕ ਨੂੰ ਪੂਰੇ ਤਰੀਕੇ ਨਾਲ ਢਕ ਦਿਤਾ ਸੀ ਅਤੇ ਭਗਵਾਨ ਵਾਲਮਿਕੀ ਦੀ ਤਸਵੀਰ ਵੀ ਹੋਰਡਿੰਗਜ਼ ਥੱਲੇ ਨਜ਼ਰ ਨਹੀਂ ਆ ਰਹੀ ਸੀ।ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੇ ਕੇਵਲ ਅਪਣੀ ਸਿਆਸੀ ਸਾਖ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ ਬਲਕਿ ਉਨ੍ਹਾਂ ਨੇ ਬਾਲਮੀਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।
ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਇਸ ਪੂਰੇ ਮਾਮਲੇ 'ਤੇ ਬਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗ ਲਈ ਹੈ।ਉੁਨ੍ਹਾਂ ਕਿਹਾ ਕਿ ਭਾਜਪਾ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਤੇ ਗ਼ਲਤ ਥਾਂ 'ਤੇ ਹੋਰਡਿੰਗਜ਼ ਠੇਕੇਦਾਰ ਦੀ ਗ਼ਲਤੀ ਕਾਰਨ ਲੱਗੇ ਹਨ ਅਤੇ ਪਾਰਟੀ ਇਸ ਪੂਰੇ ਮਾਮਲੇ 'ਤੇ ਮੁਆਫ਼ੀ ਮੰਗਦੀ ਹੈ।ਉਧਰ ਪੁਲਿਸ ਵਲੋਂ ਵੀ ਮਾਮਲਾ ਦਰਜ ਕਰ ਕੇ ਜਾਂਚ ਕਰਨ ਬਾਰੇ ਕਿਹਾ ਜਾ ਰਿਹਾ ਹੈ।
BJP Hoardings
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਵਿਚ ਭਾਜਪਾ ਵਲੋਂ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਭਾਜਪਾ ਨੇ ਜਲੰਧਰ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ ਸੀ।ਇਸ ਰੈਲੀ ਦੇ ਸਬੰਧ ਵਿਚ ਜਲੰਧਰ ਦੇ ਜਯੋਤੀ ਚੌਕ 'ਤੇ ਭਾਜਪਾ ਆਗੂਆਂ ਦੇ ਹੋਰਡਿੰਗਜ਼ ਲਾਏ ਗਏ ਸਨ। ਉਧਰ ਸਥਾਨਕ ਵਾਲਮਿਕੀ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਭਾਜਪਾ ਆਗੂਆਂ ਵਲੋਂ ਇਹ ਪੋਸਟਰ ਜਾਣਬੁੱਝ ਕੇ ਲਾਏ ਗਏ ਹਨ ਅਤੇ ਇਸ ਨਾਲ ਵਾਲਮਿਕੀ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
Shwet Malik
ਭਾਜਪਾ ਆਗੂਆਂ ਨੂੰ ਜਿਵੇਂ ਹੀ ਇਸ ਭਾਈਚਾਰੇ ਦੇ ਗੁਸੇ ਬਾਰੇ ਪਤਾ ਲੱਗਾ ਤਾਂ ਉਹ ਤੁਰਤ ਐਕਸ਼ਨ ਵਿਚ ਆ ਗਏ ਤੇ ਨਗਰ ਨਿਗਮ ਵਲੋਂ ਹੋਰਡਿੰਗਜ਼ ਹਟਾਉਣ ਦੀ ਕਵਾਇਦ ਸ਼ੁਰੂ ਹੋ ਗਈ।ਇਸ ਸਬੰਧੀ ਗੱਲ ਕਰਨ 'ਤੇ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸ.ਐਚ.ਓ. ਪ੍ਰੇਮ ਕੁਮਾਰ ਨੇ ਦਸਿਆ ਕਿ ਬਾਲਮੀਕ ਭਾਈਚਾਰੇ ਵਲੋਂ ਸ਼ਿਕਾਇਤ ਮਿਲ ਗਈ ਸੀ, ਜਿਹੜੀ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦੀ ਮੁਆਫ਼ੀ ਤੋਂ ਬਾਅਦ ਬਾਲਮੀਕ ਭਾਈਚਾਰਾ ਕੀ ਰੁਖ਼ ਅਪਣਾਉਂਦਾ ਹੈ।