
ਅਦਾਲਤ ਨੇ 19 ਸਾਲਾ ਆਸ਼ਾ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ
ਚੰਡੀਗੜ੍ਹ: ਕਿਸ਼ਨਗੜ੍ਹ ਵਿਖੇ ਇਕ 19 ਸਾਲਾ ਧੀ ਨੇ ਅਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ। ਘਟਨਾ ਦੇ ਦੋ ਦਿਨ ਬਾਅਦ ਪੁਲਿਸ ਨੇ ਮੁਲਜ਼ਮ ਆਸ਼ਾ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁਧ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਆਸ਼ਾ ਨੇ ਅਪਣੇ ਪਿਤਾ ਸੁਮਈ ਲਾਲਾ 'ਤੇ ਰਸੋਈ 'ਚ ਵਰਤੇ ਜਾਣ ਵਾਲੇ ਚਾਕੂ ਨਾਲ ਹਮਲਾ ਕੀਤਾ, ਜਿਸ ਮਗਰੋਂ ਉਸ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਰਿਹਾਅ ਕੀਤੇ 3 ਭਾਰਤੀ; ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ
10ਵੀਂ ਪਾਸ ਆਸ਼ਾ ਘਰ ਵਿਚ ਸਿਲਾਈ ਦਾ ਕੰਮ ਕਰਦੀ ਸੀ। ਘਰ ਵਿਚ ਮਾਂ, ਛੋਟੀ ਭੈਣ ਅਤੇ ਇਕ ਛੋਟਾ ਭਰਾ ਹੈ। ਮੁੱਢਲੀ ਜਾਂਚ ਅਨੁਸਾਰ ਸੁਮਈ ਹਰ ਰੋਜ਼ ਸ਼ਰਾਬ ਪੀ ਕੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢਦਾ ਸੀ ਅਤੇ ਕੁੱਟਮਾਰ ਕਰਦਾ ਸੀ। ਪੁਲਿਸ ਨੇ ਸ਼ੁਕਰਵਾਰ ਨੂੰ ਆਸ਼ਾ ਨੂੰ ਅਦਾਲਤ 'ਚ ਪੇਸ਼ ਕੀਤਾ ਜਿਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ
ਗੁਆਂਢੀ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ 9 ਅਗਸਤ ਨੂੰ ਉਹ ਪਾਣੀ ਲੈਣ ਲਈ ਸੁਮਈ ਲਾਲਾ ਦੇ ਘਰ ਗਿਆ ਸੀ। ਉਸ ਨੇ ਦੇਖਿਆ ਕਿ ਆਸ਼ਾ ਅਪਣੇ ਪਿਤਾ ਦੀ ਛਾਤੀ 'ਤੇ ਜ਼ਖਮ ਅਤੇ ਖੂਨ ਸਾਫ਼ ਕਰ ਰਹੀ ਸੀ। ਪੁੱਛਣ 'ਤੇ ਆਸ਼ਾ ਨੇ ਦਸਿਆ ਕਿ ਉਸ ਦਾ ਪਿਤਾ ਘਰ ਆਉਂਦੇ ਸਮੇਂ ਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਿਆ ਸੀ। ਗੁਆਂਢੀ ਦੀ ਮਦਦ ਨਾਲ ਸੁਮਈ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ, ਰਾਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: BJP ਆਗੂ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ, ਗੋਲੀ ਲੱਗਣ ਕਾਰਨ ਹੋਏ ਸੀ ਜ਼ਖ਼ਮੀ
ਪੋਸਟਮਾਰਟਮ ਰੀਪੋਰਟ ਵਿਚ ਸਾਹਮਣੇ ਆਇਆ ਕਿ ਮੌਤ ਚਾਕੂ ਵੱਜਣ ਕਾਰਨ ਹੋਇਆ ਹੈ। ਪ੍ਰਵਾਰਕ ਮੈਂਬਰਾਂ ਤੋਂ ਪੁਛਗਿਛ 'ਚ ਆਸ਼ਾ ਨੇ ਅਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦਸਿਆ ਕਿ ਉਸ ਦਾ ਪਿਤਾ ਸ਼ਰਾਬੀ ਸੀ ਅਤੇ ਰੋਜ਼ਾਨਾ ਹੀ ਪੂਰੇ ਪ੍ਰਵਾਰ ਨਾਲ ਲੜਾਈ-ਝਗੜਾ ਕਰਦਾ ਸੀ। ਇਸ ਤੋਂ ਸਾਰਾ ਪ੍ਰਵਾਰ ਪ੍ਰੇਸ਼ਾਨ ਸੀ। 9 ਅਗਸਤ ਦੀ ਦੁਪਹਿਰ ਨੂੰ ਉਹ ਘਰ ਆਇਆ ਅਤੇ ਗਾਲ੍ਹਾਂ ਕੱਢਣ ਲੱਗਿਆ। ਆਸ਼ਾ ਪਿਆਜ਼ ਕੱਟ ਰਹੀ ਸੀ, ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਅਤੇ ਗੁੱਸੇ ਵਿਚ ਆਸ਼ਾ ਨੇ ਅਪਣੇ ਪਿਤਾ ਦੀ ਛਾਤੀ ਵਿਚ ਚਾਕੂ ਮਾਰ ਦਿਤਾ। ਹਾਲਾਂਕਿ ਆਸ਼ਾ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਿਤਾ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ।