
29 ਸਾਲ ਪਹਿਲਾਂ ਪਿਤਾ ਵੀ ਰਹਿ ਚੁੱਕੇ ਨੇ ਚੀਫ਼ ਜਸਟਿਸ
ਚੰਡੀਗੜ੍ਹ: ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਜਸਟਿਸ ਰਿਤੂ ਬਾਹਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਹ ਸ਼ਨਿਚਰਵਾਰ ਨੂੰ ਅਪਣਾ ਅਹੁਦਾ ਸੰਭਾਲਣਗੇ। ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕੋਰਟ ਨੰਬਰ 13 ਵਿਚ ਜਸਟਿਸ ਰਵੀ ਸ਼ੰਕਰ ਝਾਅ ਚੀਫ਼ ਜਸਟਿਸ ਵਜੋਂ ਕੰਮ ਕਰ ਰਹੇ ਹਨ। ਉਹ 13 ਅਕਤੂਬਰ ਨੂੰ ਸੇਵਾਮੁਕਤ ਹੋ ਜਾਣਗੇ।
ਰਿਤੂ ਬਾਹਰੀ ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ 1962 ਵਿਚ ਹੋਇਆ ਸੀ। ਉਨ੍ਹਾਂ ਨੇ 1985 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਉਹ ਪਹਿਲੀ ਵਾਰ 1986 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਵਿਚ ਰਜਿਸਟਰਡ ਹੋਏ ਸਨ।
ਰਿਤੂ ਬਾਹਰੀ ਦੇ ਪਿਤਾ ਜਸਟਿਸ ਅੰਮ੍ਰਿਤ ਲਾਲ ਬਾਹਰੀ 1994 ਵਿਚ ਇਥੋਂ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋਏ ਸਨ। ਜਸਟਿਸ ਰਿਤੂ ਦੇ ਦਾਦਾ ਮਰਹੂਮ ਸੋਮਦੱਤ ਬਾਹਰੀ ਸ਼ਿਮਲਾ ਦੇ ਵਸਨੀਕ ਸਨ। ਉਹ 1952 ਤੋਂ 1957 ਤੱਕ ਪੰਜਾਬ ਦੇ ਸ਼ਿਮਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ। ਉਨ੍ਹਾਂ ਨੇ ਵਕੀਲ ਵਜੋਂ ਵੀ ਅਪਣੀਆਂ ਸੇਵਾਵਾਂ ਨਿਭਾਈਆਂ ਸਨ।