
ਲੋਹੜੀ ਪ੍ਰੋਗਰਾਮਾਂ 'ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਭ ਕੁਝ ਢੀਂਡਸਾ ਨੂੰ ਦਿਤਾ।
ਬਠਿੰਡਾ (ਸੁਖਜਿੰਦਰ ਮਾਨ) : ਸ਼੍ਰੋਮਣੀ ਅਕਾਲੀ ਦਲ ਵਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ (ਸਾਬਕਾ ਵਿੱਤ ਮੰਤਰੀ) ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕੀਤੇ ਜਾਣ ਤੋਂ ਇਕ ਦਿਨ ਬਾਅਦ ਕੇਂਦਰੀ ਫ਼ੂਡ ਪ੍ਰੋਸੈਸਿੰਗ, ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਤਵਾਰ ਨੂੰ ਕਿਹਾ ਕਿ ਢੀਂਡਸਾ ਸੀਨੀਅਰ ਨੇ ਅਪਣੇ ਪੁੱਤਰ ਦੇ ਰਾਜਨੀਤਿਕ ਜੀਵਨ ਨੂੰ ਦਾਅ 'ਤੇ ਲਾ ਦਿਤਾ ਹੈ ਅਤੇ ਉਸ 'ਤੇ ਦਬਾਅ ਪਾ ਕੇ ਅਸਤੀਫ਼ਾ ਦਵਾਇਆ ਗਿਆ ਹੈ।
Sukhdev Dhindsa
ਸਥਾਨਕ ਸ਼ਹਿਰ ਵਿਚ ਲੋਹੜੀ ਪ੍ਰੋਗਰਾਮਾਂ 'ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਭ ਕੁਝ ਢੀਂਡਸਾ ਨੂੰ ਦਿਤਾ। ਲੋਕ ਸਭਾ ਚੋਣਾਂ ਵੱਡੇ ਫ਼ਰਕ ਨਾਲ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਉਨ੍ਹਾਂ ਪਾਰਟੀ ਅਤੇ ਬਾਦਲ ਪਰਵਾਰ ਵਿਰੁਧ ਬੋਲਣ ਦੇ ਬਾਵਜ਼ੂਦ ਉਹ ਅਜੇ ਵੀ ਰਾਜ ਸਭਾ ਮੈਂਬਰ ਬਣੇ ਹੋਏ ਹਨ।
Shiromani Akali Dal
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕਾਂਗਰਸ ਦੇ ਇਸ਼ਾਰੇ 'ਤੇ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਇਸ ਨਾਲ ਪਾਰਟੀ ਨੂੰ ਫ਼ਾਇਦਾ ਹੁੰਦਾ ਹੈ। ਬੀਬੀ ਬਾਦਲ ਨੇ ਕਿਹਾ ਕਿ ਉਹ ਪਰਮਿੰਦਰ ਢੀਂਡਸਾ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਸਾਡੇ ਪਰਵਾਰ ਨਾਲ ਉਸ ਦੇ ਚੰਗੇ ਸਬੰਧ ਹਨ।
Parminder Dhindsa
ਪਰਮਿੰਦਰ ਨੇ ਪਾਰਟੀ ਲਈ ਵੀ ਵਧੀਆ ਪ੍ਰਦਰਸ਼ਨ ਕੀਤਾ। ਪਾਰਟੀ ਨੇ ਉਨ੍ਹਾਂ ਨੂੰ ਬਣਦਾ ਸਤਿਕਾਰ ਵੀ ਦਿਤਾ ਅਤੇ ਉਸਨੂੰ ਵਿੱਤ ਮੰਤਰੀ ਅਤੇ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ।
File Photo
ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਲੋਕਾਂ ਵਿਚ ਗ਼ਲਤ ਜਾਣਕਾਰੀ ਫ਼ੈਲਾਉਣ ਲਈ ਕਾਂਗਰਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਐਕਟ ਦਾ ਉਦੇਸ਼ ਪਾਕਿਸਤਾਨ, ਬੰਗਲਾਦੇਸ ਅਤੇ ਅਫ਼ਗਾਨਿਸਤਾਨ ਦੇ ਸਤਾਏ ਧਾਰਮਕ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣਾ ਹੈ ਅਤੇ ਉਨ੍ਹਾਂ ਲੋਕਾਂ ਦੀ ਨਾਗਰਿਕਤਾ ਨਹੀਂ ਖੋਹਣੀ ਹੈ ਜੋ ਪਹਿਲਾਂ ਹੀ ਦੇਸ਼ ਦੇ ਨਾਗਰਿਕ ਹਨ।
Harsimrat Kaur Badal
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸੀਨੀਅਰ ਅਕਾਲੀ ਆਗੂ ਬਬਲੀ ਢਿੱਲੋਂ, ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਚਮਕੌਰ ਸਿੰਘ ਮਾਨ, ਡਾਕਟਰ ਉਮ ਪ੍ਰਕਾਸ਼ ਸ਼ਰਮਾ, ਕੌਂਸਲਰ ਹਰਪਾਲ ਢਿੱਲੋਂ, ਛਿੰਦਾ ਕੌਂਸਲਰ ਆਦਿ ਹਾਜ਼ਰ ਸਨ।