
ਕਿਹਾ, ਮੁਅੱਤਲੀ ਦਾ ਕੋਈ ਅਫ਼ਸੋਸ ਨਹੀਂ
ਲਹਿਰਾਗਾਗਾ: ਅਕਾਲੀ ਦਲ ਵਲੋਂ ਬਰਖਾਸਤ ਕੀਤੇ ਗਏ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਢੀਂਡਸਾ ਪਰਵਾਰ ਨੂੰ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਕਾਰਵਾਈ ਦਾ ਪਹਿਲਾਂ ਹੀ ਇਲਮ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਅੱਤਲ ਹੋਣ ਦਾ ਕੋਈ ਅਫ਼ਸੋਰ ਨਹੀਂ ਹੈ। ਉਨ੍ਹਾਂ ਨੇ ਜੋ ਕੁੱਝ ਵੀ ਕੀਤਾ ਹੈ, ਪਾਰਟੀ ਦੀ ਭਲਾਈ ਅਤੇ ਤਾਕਤ ਖ਼ਾਤਰ ਹੀ ਕੀਤਾ ਗਿਆ ਹੈ।
Photo
ਕਾਬਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਤੇ ਕੱਲ੍ਹ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿਤਾ ਗਿਆ ਸੀ। ਢੀਂਡਸਾ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਤੋਂ ਨਾਰਾਜ ਚਲੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੇਖ ਕੇ ਵਧੇਰੇ ਖੁਸ਼ੀ ਹੋ ਰਹੀ ਹੈ ਕਿ ਅਕਾਲੀ ਦਲ ਅਨੁਸ਼ਾਸਨ ਵਿਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਆਗੂਆਂ ਨੂੰ ਬਗੈਰ ਨੋਟਿਸ ਦਿਤੇ ਹੀ ਬਰਖਾਸਤ ਕਰ ਦਿਤਾ ਗਿਆ ਸੀ।
Photo
ਇਨ੍ਹਾਂ ਆਗੂਆਂ 'ਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਵਰਗੇ ਸੀਨੀਅਰ ਆਗੂ ਸ਼ਾਮਲ ਸਨ। ਜਦਕਿ ਹੁਣ ਸਾਡੇ ਚੁੱਕੇ ਮੁੱਦਿਆਂ ਸਦਕਾ ਪਾਰਟੀ ਨੂੰ ਅਨੁਸ਼ਾਸਨ 'ਚ ਆਉਣਾ ਪਿਆ ਹੈ। ਪਾਰਟੀ ਨੇ ਸਾਨੂੰ ਨੋਟਿਸ ਭੇਜ ਜਵਾਬ ਮੰਗਿਆ ਹੈ, ਜਿਸ ਦਾ ਅਸੀਂ ਢੁਕਵਾਂ ਜਵਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਭਾਵਨਾ ਅਤੇ ਸੋਚ ਹੈ। ਸਾਡੀ ਭਾਵਨਾ ਅਤੇ ਸੋਚ ਸ਼ੁਰੂ ਤੋਂ ਹੀ ਅਕਾਲੀ ਹੈ।
Photo
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਅਕਾਲੀ ਦਲ ਦੇ ਵਰਕਰਾਂ ਦਾ ਦੁੱਖ ਸੱਭ ਦੇ ਸਾਹਮਣੇ ਆ ਜਾਵੇਗਾ। ਵਰਕਰ ਹੁਣ ਪਾਰਟੀ ਅੰਦਰ ਘੁਟਣ ਮਹਿਸੂਸ ਕਰ ਰਹੇ ਹਨ। ਵਰਕਰਾਂ ਨੇ ਹੁਣ ਸਾਡੇ ਫ਼ੈਸਲੇ ਤੋਂ ਬਾਅਦ ਚੰਗੀ ਉਮੀਦ ਦੀ ਕਿਰਨ ਵੇਖੀ ਹੈ। ਸਾਡੇ ਪੱਖ ਤੋਂ ਲਏ ਫ਼ੈਸਲੇ ਤੋਂ ਉਹ ਕੁਝ ਚੰਗਾ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਨ।
Photo
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਵਰਕਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਉਨ੍ਹਾਂ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਇਸ ਸਮੇਂ ਚਾਪਲੂਸ ਲੋਕ ਦਾ ਗਲਬਾ ਹੈ। ਜਦਕਿ ਜਿਹੜੇ ਲੋਕ ਪਾਰਟੀ ਹਿਤਾਂ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਕੋਈ ਪੁਛ-ਪ੍ਰਤੀਤ ਨਹੀਂ ਹੈ।