
ਪੰਜਾਬ ਸਰਕਾਰ ਤੋਂ ਮੁਆਵਜ਼ੇ ਤੇ ਕੇਂਦਰ ਤੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ
ਚੰਡੀਗੜ੍ਹ : ਪਹਿਲਾਂ ਹੀ ਤੰਗੀਆਂ-ਤੁਰੱਸੀਆਂ ਨਾਲ ਜੂਝ ਰਹੇ ਪੰਜਾਬ ਦੇ ਕਿਸਾਨਾਂ ਨੂੰ ਇਕ ਵਾਰ ਫਿਰ ਅੱਧੀ ਰਾਤ ਨੂੰ ਪਈ ਮੌਸਮ ਦੀ ਮਾਰ ਨੇ ਹਾਲੋ-ਬੇਹਾਲ ਕਰ ਦਿਤਾ ਹੈ। ਮਾਛੀਵਾੜਾ ਦੇ ਮੰਡ ਏਰੀਆਂ ਤੋਂ ਇਲਾਵਾ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਤਕਰੀਬਨ ਅੱਧੀ ਰਾਤ ਨੂੰ ਸ਼ੁਰੂ ਹੋਈ ਗੜ੍ਹੇਮਾਰੀ ਤੋਂ ਬਾਅਦ ਚੱਲੇ ਝੱਖੜ ਨੇ ਗੜ੍ਹਿਆਂ ਨਾਲ ਝੰਬੀ ਪਈ ਕਣਕ, ਸਰੋਂ ਅਤੇ ਬਰਸੀਮ ਵਰਗੀਆਂ ਫ਼ਸਲਾਂ ਨੂੰ ਧਰਤੀ 'ਤੇ ਹੀ ਵਿਛਾ ਕੇ ਰੱਖ ਦਿਤਾ ਹੈ।
Photo
ਮਾਛੀਵਾੜਾ ਇਲਾਕੇ ਦੇ ਜ਼ਿਆਦਾਤਰ ਕਿਸਾਨਾਂ ਨੇ ਪੂਰੀ ਰਾਤ ਪਲਸੇਟੇ ਮਾਰਦਿਆਂ ਕੱਢੀ ਅਤੇ ਸਵਖਤੇ ਹੀ ਜਦੋਂ ਉਹ ਖੇਤਾਂ ਵੱਲ ਗੇੜੀ ਮਾਰਨ ਗਏ ਤਾਂ ਪੱਕਣ 'ਤੇ ਆਈਆਂ ਅਪਣੀਆਂ ਫ਼ਸਲਾਂ ਦੀ ਹਾਲਤ ਵੇਖ ਕੇ ਵੱਟਾਂ 'ਤੇ ਹੀ ਅੱਥਰੂ ਵਹਾ ਕੇ ਘਰ ਪਰਤ ਆਏ। ਇਹ ਭਾਣਾ ਮਾਛੀਵਾੜਾ ਇਲਾਕੇ ਦੇ ਨੇੜਲੇ ਪਿੰਡ ਸ਼ੇਰਪੁਰ, ਸ਼ਤਾਬਗੜ੍ਹ, ਫ਼ਤਿਹਗੜ੍ਹ ਬੇਟ, ਗੜ੍ਹੀ ਸੈਣੀਆਂ, ਰਾਣਵਾਂ, ਮੰਡ ਊਧੋਵਾਲ, ਚੱਕ ਲੋਹਟ ਤੋਂ ਇਲਾਵਾ ਇਲਾਕੇ ਦੇ ਤਕਰੀਬਨ 50 ਦੇ ਕਰੀਬ ਪਿੰਡਾਂ ਵਿਚ ਵਾਪਰਿਆ ਹੈ ਜਿੱਥੇ ਕਣਕ ਦੀ ਫ਼ਸਲ ਤੋਂ ਇਲਾਵਾ ਪਸ਼ੂਆਂ ਦਾ ਹਾਰਾ ਚਾਰਾ ਵੀ ਤਕਰੀਬਨ ਖ਼ਤਮ ਹੀ ਹੋ ਗਿਆ ਹੈ।
Photo
ਇਸੇ ਤਰ੍ਹਾਂ ਸਤਲੁਜ ਦਰਿਆ ਨੇੜਲੇ ਇਲਾਕਿਆਂ ਮੰਡ ਧੁਲੇਵਾਲ, ਸਿਕੰਦਰਪੁਰ, ਦੁਪਾਣਾ, ਔਲੀਆਪੁਰ, ਖ਼ਾਨਪੁਰ, ਰਾਜੇਵਾਲ ਰਾਜਪੂਤਾਂ, ਕਮਾਲਪੁਰ, ਰੋੜਮਾਜਰੀ ਤੋਂ ਇਲਾਵਾ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡਾਂ ਦੇ ਨਾਲ ਨਾਲ ਬਲਾਚੋਰ ਤੋਂ ਲੈ ਕੇ ਅੱਗੇ ਰੋਪੜ ਤਕ ਦੇ ਇਲਾਕਿਆਂ ਵਿਚ ਵੀ ਗੜ੍ਹੇਮਾਰੀ ਨੇ ਭਾਰੀ ਤਬਾਹੀ ਮਚਾਈ ਹੈ। ਇਨ੍ਹਾਂ ਇਲਾਕਿਆਂ ਵਿਚ ਗੜ੍ਹੇਮਾਰੀ ਕਾਰਨ ਪੱਕਣ 'ਤੇ ਆਈ ਕਣਕ ਦੀਆਂ ਬੱਲੀਆਂ 'ਚੋਂ ਦਾਣੇ ਬਿਖਰ ਕੇ ਬਾਹਰ ਨਿਕਲ ਗਏ ਹਨ। ਇਸੇ ਤਰ੍ਹਾਂ ਹਰਾ ਚਾਰਾ, ਮੱਕੀ ਅਤੇ ਸਰ੍ਹੋਂ ਦੀ ਫ਼ਸਲ ਤੋਂ ਇਲਾਵਾ ਸ਼ਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
Photo
ਇਲਾਕੇ ਦੇ ਪਸ਼ੂ ਪਾਲਕਾਂ ਨੂੰ ਹੁਣ ਪਸ਼ੂਆਂ ਦੇ ਚਾਰੇ ਦੀ ਪੂਰਤੀ ਦਾ ਡਰ ਸਤਾਉਣ ਲੱਗ ਪਿਆ ਹੈ। ਇਸੇ ਤਰ੍ਹਾਂ ਇਲਾਕੇ 'ਚ ਸ਼ਬਜ਼ੀਆਂ ਦੀਆਂ ਫ਼ਸਲਾਂ ਵੀ ਮਿੱਟੀ 'ਚ ਮਿਲ ਚੁੱਕੀਆਂ ਹਨ। ਇਲਾਕੇ ਵਿਚ ਪਈ ਗੜ੍ਹੇਮਾਰੀ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅੱਧੀ ਰਾਤ ਨੂੰ ਹੋਈ ਗੜ੍ਹੇਮਾਰੀ ਕਾਰਨ ਜਮ੍ਹਾ ਹੋਈ ਬਰਫ਼ ਸਵੇਰ ਤਕ ਵੀ ਪੂਰੀ ਤਰ੍ਹਾਂ ਪਿਘਲੀ ਨਹੀਂ ਸੀ। ਸੜਕਾਂ ਅਤੇ ਖੇਤਾਂ 'ਚ ਦੋ ਤੋਂ ਢਾਈ ਇੰਚ ਤਕ ਬਰਫ਼ ਜੰਮ ਚੁੱਕੀ ਸੀ। ਮੀਂਹ ਕਾਰਨ ਕਈ ਥਾਈ ਮਕਾਨ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਵੀ ਖ਼ਬਰਾਂ ਹਨ।
Photo
ਮਾਛੀਵਾੜਾ ਦੇ ਰੋਪੜ ਰੋਡ 'ਤੇ ਕਈ ਥਾਈ ਬਿਜਲੀ ਦੇ ਖੰਭੇ ਅਤੇ ਟਰਾਂਸਫ਼ਰਮਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਕਈ ਇਲਾਕਿਆਂ ਦੀ ਬਿਜਲੀ ਵੀ ਗੁਲ ਹੋ ਚੁੱਕੀ ਹੈ। ਪਿੰਡ ਸ਼ੇਰਪੁਰ ਬੇਟ ਅਤੇ ਫ਼ਤਿਹਗੜ੍ਹ ਬੇਟ ਵਿਖੇ ਦੋ ਗ਼ਰੀਬ ਪਰਵਾਰਾਂ ਦੇ ਮਕਾਨ ਢਹਿ ਗਏ ਹਨ। ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਇਲਾਕਿਆਂ ਵਿਚੋਂ ਵੀ ਗੜੇਮਾਰੀ ਅਤੇ ਮੀਂਹ ਕਾਰਨ ਫ਼ਸਲਾਂ ਦੀ ਵਿਆਪਕ ਤਬਾਹੀ ਦੀਆਂ ਖ਼ਬਰਾਂ ਹਨ।
Photo
ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰੰਘ ਲੱਖੋਵਾਲ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਈਆਂ ਹਨ।
Photo
ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ 'ਚ ਡੁੱਬਿਆ ਪਿਆ ਹੈ ਅਤੇ ਉਪਰੋਂ ਹੁਣ ਹੋਈ ਤਾਜ਼ਾ ਗੜ੍ਹੇਮਾਰੀ ਕਾਰਨ ਜੋ ਨੁਕਸਾਨ ਹੋਇਆ ਹੈ, ਉਸ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿਤਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਲਈ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਾ ਐਲਾਨ ਕੀਤਾ ਜਾਵੇ।