
ਹੁਣ ਤਕ ਸੌ ਪੌਦੇ ਬਣ ਚੁੱਕੇ ਹਨ ਦਰੱਖ਼ਤ
ਜਲੰਧਰ: ਕੋਈ ਵੀ ਵੱਡਾ ਕੰਮ ਕਰਨ ਲਈ ਪੈਸਾ ਹੀ ਨਹੀਂ ਬਲਕਿ ਵੱਡਾ ਹੌਂਸਲਾ ਹੋਣਾ ਵੀ ਜ਼ਰੂਰੀ ਹੈ। ਜਲੰਧਰ ਦੇ ਰੇਲਵੇ ਰੋਡ 'ਤੇ ਰਿਕਸ਼ਿਆਂ ਨੂੰ ਪੰਕਚਰ ਲਗਾਉਣ ਵਾਲੇ ਇਸ ਵਿਅਕਤੀ ਦਾ ਨਾਮ ਰਣਜੀਤ ਸਿੰਘ ਹੈ। ਇਸ ਛੋਟੀ ਜਿਹੀ ਦੁਕਾਨ ਨਾਲ ਅਪਣੇ ਪਰਵਾਰ ਦਾ ਪਾਲਣ ਪੋਸ਼ਣ ਕਰ ਰਹੇ ਰਣਜੀਤ ਸਿੰਘ ਦਾ ਦਿਲ ਇੰਨਾ ਵੱਡਾ ਹੈ ਕਿ ਉਹ ਜਲੰਧਰ ਦੀ ਰੇਲਵੇ ਰੋਡ ਨੂੰ ਹਰਾ ਭਰਾ ਕਰ ਕੇ ਲੋਕਾਂ ਦੇ ਦਿਲ ਵਿਚ ਵਸ ਚੁੱਕਿਆ ਹੈ।
Ranjeet Singh
ਰਣਜੀਤ ਸਿੰਘ ਨੇ ਅੱਜ ਤੋਂ 13 ਸਾਲ ਪਹਿਲਾਂ ਜਲੰਧਰ ਦੇ ਇਕ ਦਫ਼ਤਰ ਦੇ ਬਾਹਰ ਕਿਸੇ ਵਿਅਕਤੀ ਨੂੰ ਪੌਦੇ ਲਗਾਉਂਦੇ ਦੇਖਿਆ। ਉਸ ਨੇ ਉਸ ਵਕਤ ਹੀ ਮਨ ਬਣਾ ਲਿਆ ਕਿ ਉਹ ਵੀ ਪੌਦੇ ਲਗਾਉਣੇ ਸ਼ੁਰੂ ਕਰੇਗਾ। ਉਸ ਸਮੇਂ ਤੋਂ ਲੈ ਕੇ ਹੁਣ ਤਕ ਰਣਜੀਤ ਸਿੰਘ ਨੇ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਸੈਂਕੜਿਆਂ ਪੌਦੇ ਲਗਾ ਦਿੱਤੇ ਹਨ। ਰਣਜੀਤ ਨੇ ਦਸਿਆ ਕਿ ਉਹ ਦੁਕਾਨ ਚਲਾਉਣ ਦੇ ਨਾਲ ਨਾਲ ਪੌਦਿਆਂ ਦੀ ਵੀ ਦੇਖਭਾਲ ਕਰਦਾ ਹੈ।
Ranjeet Singh
ਇਸ ਕੰਮ ਤੋਂ ਆਸ ਪਾਸ ਦੇ ਲੋਕ ਬਹੁਤ ਖ਼ੁਸ਼ ਹਨ। ਕਈ ਗਰੀਬ ਲੋਕਾਂ ਨੇ ਅਪਣੀਆਂ ਦੁਕਾਨਾਂ ਇਹਨਾਂ ਦਰੱਖ਼ਤਾਂ ਹੇਠ ਲਗਾ ਲਈਆਂ ਹਨ। ਲੋਕਾਂ ਨੇ ਇਸ ਕੰਮ ਲਈ ਰਣਜੀਤ ਸਿੰਘ ਦਾ ਧੰਨਵਾਦ ਵੀ ਕੀਤਾ। ਉਸ ਨੇ ਹੁਣ ਤਕ ਸੈਂਕੜਿਆਂ ਦੀ ਗਿਣਤੀ ਵਿਚ ਪੌਦੇ ਲਗਾਏ ਹਨ। ਇਹਨਾਂ ਵਿਚੋਂ ਕਈ ਦਰੱਖ਼ਤ ਵੀ ਬਣ ਚੁੱਕੇ ਹਨ।