
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤਕ ਲੜਾਈ ਜਾਰੀ ਰਹੇਗੀ............
ਗੁਰਦਾਸਪੁਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤਕ ਲੜਾਈ ਜਾਰੀ ਰਹੇਗੀ। ਉਹ ਅੱਜ ਇਥੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੁਰਦਵਾਰਾ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਿਖੇ ਨਤਮਸਤਕ ਹੋਏ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਸਮਾਗਮ ਮਗਰੋਂ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਪਵਿੱਤਰ ਅਸਥਾਨ ਤੇ ਸੂਬੇ ਅੰਦਰ ਖ਼ੁਸ਼ਹਾਲੀ ਤੇ ਅਮਨ ਸ਼ਾਂਤੀ ਦੀ ਕਾਇਮੀ ਲਈ ਅਖੰਡ ਪਾਠ ਸਾਹਿਬ ਤੇ ਕੀਰਤਨ ਦਰਬਾਰ ਵਿਚ ਪੁਹੰਚੇ ਹਨ ਅਤੇ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ
ਕਿ ਪਵਿੱਤਰ ਧਾਰਮਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲੇ ਲੋਕਾਂ ਨੂੰ ਸਖ਼ਤ ਸਜ਼ਾ ਮਿਲੇ। ਸਿੱਧੂ ਨੇ ਕਿਹਾ ਕਿ ਬਾਦਲ ਪਰਵਾਰ ਡੇਰਾ ਪ੍ਰੇਮੀ ਹੈ ਤੇ ਵੋਟਾਂ ਤੇ ਨੋਟਾਂ ਖ਼ਾਤਰ ਇਹ ਕਿਸੇ ਵੀ ਹੱਦ ਨੂੰ ਪਾਰ ਕਰ ਸਕਦੇ ਹਨ। ਵਿਖਾਵਾ ਕਰਨ ਵਾਲੇ ਇਹ ਲੋਕ ਗੁਰੂ ਦੇ ਨਾਂਅ ਤੇ ਲੋਕਾਂ ਨੂੰ ਵਰਗਲਾ ਕੇ ਅਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਅਪਣੇ ਘਰੇ ਬੁਲਾਉਣਾ, ਡੇਰਾ ਮੁਖੀ ਨੂੰ ਮਾਫ਼ੀ ਦੇਣੀ, ਡੇਰਾ ਮੁਖੀ ਦੀ ਫ਼ਿਲਮ ਰਿਲੀਜ਼ ਕਰਵਾਉਣ ਸਮੇਤ ਕਈ ਗੱਲਾਂ ਬਾਦਲਾਂ ਦਾ ਚਿਹਰਾ ਨੰਗਾ ਕਰਦੀਆਂ ਹਨ। ਉਨ੍ਹਾਂ ਦੁਹਰਾਇਆ ਕਿ ਦੋਸ਼ੀਆਂ ਨੂੰ ਜਿੰਨਾ ਚਿਰ ਤਕ ਸਜ਼ਾ ਨਹੀਂ ਮਿਲਦੀ, ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।
ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਵਲੋਂ ਕੀਤੀਆਂ ਗਈਆਂ ਪੋਲ ਖੋਲ੍ਹ ਰੈਲੀਆਂ ਨੇ ਖ਼ੁਦ ਉਨ੍ਹਾਂ ਦੀ ਅਪਣੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ ਅਤੇ ਲੋਕ ਜਾਣ ਚੁੱਕੇ ਹਨ ਕਿ ਸਚਾਈ ਕੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਲੋਕਾਂ ਨੂੰ ਗੁਮਰਾਹ ਕਰ ਕੇ ਅਪਣੀਆਂ ਸਿਆਸੀ ਰੋਟੀਆਂ ਤੇ ਅਪਣੇ ਅਸਲ ਕਿਰਦਾਰ ਨੂੰ ਲੁਕਾਉਣ ਦੀ ਨਾਕਾਮ ਕੋਸ਼ਿਸ ਕਰ ਰਹੇ ਹਨ ਪਰ ਦੁਨੀਆਂ ਭਰ ਵਿਚ ਵਸਦੇ ਪੰਜਾਬੀ ਇਨ੍ਹਾਂ ਦੇ ਅਸਲੀ ਚਿਹਰੇ ਤੋਂ ਵਾਕਫ਼ ਹੋ ਗਏ ਹਨ।