
ਇਕ ਪਾਸੇ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਪੁਰ ਲਾਂਘੇ ਨੂੰ ਲੈ ਕੇ ਛਾਏ ਹੋਏ ਹਨ, ਉਥੇ ਦੂਜੇ ਪਾਸੇ ਉਨ੍ਹਾਂ ਲਈ ਇਕ ਨਵੀਂ ਪਰੇਸ਼ਾਨੀ...
ਚੰਡੀਗੜ੍ਹ : ਇਕ ਪਾਸੇ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਪੁਰ ਲਾਂਘੇ ਨੂੰ ਲੈ ਕੇ ਛਾਏ ਹੋਏ ਹਨ, ਉਥੇ ਦੂਜੇ ਪਾਸੇ ਉਨ੍ਹਾਂ ਲਈ ਇਕ ਨਵੀਂ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਵਿਰੁੱਧ 30 ਸਾਲ ਪੁਰਾਣੇ ਰੋਡਰੇਜ ਮਾਮਲੇ 'ਚ ਪੀੜਤ ਪਰਿਵਾਰ ਵਲੋਂ ਦਾਇਰ ਕੀਤੀ ਮੁੜ ਵਿਚਾਰ ਪਟੀਸ਼ਨ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਸੁਪਟੀਮ ਕੋਰਟ ਨੇ ਸਿੱਧੂ ਨੂੰ ਵੀ ਨੋਟਿਸ ਭੇਜ ਕੇ ਇਸ ਮਾਮਲੇ 'ਤੇ ਜਵਾਬ ਮੰਗਿਆ ਹੈ।
Navjot Singh Sidhu
ਇੰਝ ਜਾਪਦਾ ਹੈ ਕਿ ਨਵਜੋਤ ਸਿੱਧੂ ਇਸ ਮਾਮਲੇ ਦੇ ਦੁਬਾਰਾ ਖੁੱਲ੍ਹਣ ਨੂੰ ਲੈ ਕੇ ਬੌਖ਼ਲਾਹਟ ਵਿਚ ਆ ਗਏ ਕਿਉਂਕਿ ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਨਵਜੋਤ ਸਿੱਧੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਧੂ ਕੋਈ ਜਵਾਬ ਦੇਣ ਦੀ ਬਜਾਏ ਪੱਤਰਕਾਰਾਂ 'ਤੇ ਹੀ ਭੜਕ ਉਠੇ। ਪੱਤਰਕਾਰਾਂ 'ਤੇ ਭੜਕੇ ਸਿੱਧੂ ਨੇ ਕਿਹਾ ਕਿ ਸੁਪਰੀਮ ਕੋਰਟ ਨੋਟਿਸ ਭੇਜੀ ਜਾਵੇ ਤੇ ਤੁਸੀਂ ਅਪਣਾ ਕੰਮ ਕਰੋ। ਇਹੀ ਨਹੀਂ ਸਿੱਧੂ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਤੁਹਾਡੇ ਵਰਗਿਆਂ ਦੀ ਟੀਆਰਪੀ ਖ਼ਤਮ ਹੋ ਗਈ। ਸਿੱਧੂ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਪੱਤਰਕਾਰਾਂ ਵਿਚ ਕਾਫ਼ੀ ਨਾਰਾਜ਼ਗੀ ਪਾਈ ਜਾ ਰਹੀ ਹੈ।
Navjot Singh Sidhu
ਦਸ ਦਈਏ ਕਿ ਰੋਡਰੇਜ ਮਾਮਲਾ ਪਟਿਆਲਾ ਵਿਚ 1988 ਵਿਚ ਵਾਪਰਿਆ ਸੀ ਜਦੋਂ ਕਾਰ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਗੁਰਨਾਮ ਸਿੰਘ ਨਾਂਅ ਦੇ ਇਕ ਵਿਅਕਤੀ ਨਾਲ ਝਗੜਾ ਹੋ ਗਿਆ ਸੀ। ਸਿੱਧੂ ਨੇ ਗੁੱਸੇ ਵਿਚ ਆ ਕੇ ਗੁਰਨਾਮ ਸਿੰਘ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ, ਜਿਸ ਕਾਰਨ ਹਸਪਤਾਲ ਜਾਂਦੇ ਸਮੇਂ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਹਾਈਕੋਰਟ ਨੇ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ।
Navjot Singh Sidhu
ਇਸ ਤੋਂ ਬਾਅਦ ਨਵਜੋਤ ਸਿੱਧੂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿੱਥੇ ਸੁਪਰੀਮ ਕੋਰਟ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਿੱਧੂ ਨੂੰ ਬਰੀ ਕਰ ਦਿਤਾ ਸੀ ਪਰ ਪੀੜਤ ਪਰਵਾਰ ਵਲੋਂ ਇਸ ਮਾਮਲੇ ਵਿਚ ਸਿੱਧੂ ਦੀ ਸਜ਼ਾ ਨੂੰ ਲੈ ਕੇ ਫਿਰ ਤੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦਾ ਕੀ ਨਤੀਜਾ ਨਿਕਲਦਾ ਹੈ?