
ਹੁਣ ਵਿਆਹ ‘ਚ ਲੋਕ ਅਰਾਮ ਨਾਲ ਖਾਂਦੇ ਹਨ ਮੀਟ !
ਹੁਸ਼ਿਆਰਪੁਰ: ਹੁਸ਼ਿਆਰਪੁਰ ‘ਚ ਬੇਗੋਵਾਲ ਦੇ ਗੁਰਦੁਆਰਾ ਸਿੰਘ ਸਭਾ ਚੜਦੀ ਪੱਟੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਲੰਗਰ ਹਾਲ ਬਣਾਉਣ ਦੇ ਨਾਮ ‘ਤੇ ਸੰਗਤ ਕੋਲੋ ਉਗਰਾਹੀ ਕੀਤੀ ਗਈ ਸੀ ਅਤੇ ਬਾਅਦ ਵਿਚ ਲੰਗਰ ਹਾਲ ਨੂੰ ਜੰਝ ਘਰ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਹੁਣ ਉਸ ਹਾਲ ਵਿੱਚ ਵਿਆਹ ਸਮੇਂ ਦੌਰਾਨ ਡੀਜੇ ਲਗਾ ਕੇ ਸ਼ਰਾਬ, ਮੀਟ ਮੱਛੀ ਖਾਧੀ ਜਾਂਦੀ ਹੈ।
Hoshiarpur
ਇਸ ਸਮੇਂ ਦੌਰਾਨ ਸਾਬਕਾ ਕਮੇਟੀ ਤੇ ਮੌਜੂਦਾ ਕਮੇਟੀ ਵਿਚਾਲੇ ਵਿਵਾਦ ਚੱਲ ਰਿਹਾ ਹੈ, ਜਿਸ ‘ਤੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ, ਸੂਬੇਦਾਰ ਸਵਰਨ ਸਿੰਘ, ਸਰਦਾਰ ਤਾਰਾ ਸਿੰਘ ਅਤੇ ਸਮੂਹ ਸੰਗਤ ਨੇ ਮੰਗ ਕੀਤੀ ਕਿ ਉਸ ਜੰਝ ਘਰ ਨੂੰ ਲੰਗਰ ਹਾਲ ‘ਚ ਤਬਦੀਲ ਕੀਤਾ ਜਾਵੇ। ਉੱਥੇ ਹੀ ਦੂਜੇ ਪਾਸੇ ਮੌਜੂਦਾ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ, ਅਤੇ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਪਹਿਲਾਂ ਤੋਂ ਹੀ ਜੰਝ ਘਰ ਸੀ ਜਿਸ ਦੇ ਉਹਨਾਂ ਕੋਲ ਕਾਗਜ਼ ਵੀ ਹਨ।
Hoshiarpur
ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਵੱਲੋਂ ਜੋ ਹੁਕਮ ਹੁੰਦਾ ਹੈ ਉਹ ਉਹੀ ਕਰਨਗੇ। ਪ੍ਰਸ਼ਾਸਨ ਵੱਲੋਂ ਵੀ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇੱਥੇ ਗਰੀਬ ਲੋਕ ਆਪਣੇ ਬੱਚਿਆਂ ਦਾ ਵਿਆਹ ਕਰ ਲੈਂਦੇ ਹਨ। ਹੁਣ ਇਸ ਨੂੰ ਲੰਗਰ ਹਾਲ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ।
Hoshiarpur
ਦੱਸ ਦੇਈਏ ਕਿ ਲੰਗਰ ਹਾਲ ਨੂੰ ਜੰਝ ਘਰ ‘ਚ ਤਬਦੀਲ ਕਰਨ ਦਾ ਵਿਵਾਦ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸ ‘ਤੇ ਬੇਗੋਵਾਲ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ।ਇਹ ਤਾਂ ਹੁਣ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਵਾਂ ਕਮੇਟੀਆਂ ਦੇ ਮੈਂਬਰਾਂ ਵੱਲੋਂ ਇੱਕ ਦੂਜੇ ‘ਤੇ ਲਗਾਏ ਜਾ ਰਹੇ ਇਲਜ਼ਾਮਾਂ ‘ਚ ਕਿੰਨੀ ਕੁ ਸੱਚਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।