
ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਕੀਤੀ ਜਦੋਂ 4.2 ਕਿੱਲੋ...
ਅੰਮ੍ਰਿਤਸਰ ( ਸਸਸ) : ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਕੀਤੀ ਜਦੋਂ ਦੋ ਤਸਕਰਾਂ ਤੋਂ ਪਾਕਿਸਤਾਨ ਤੋਂ ਭਾਰਤ ਲਿਆਂਦੀ ਚਾਰ ਕਿੱਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਨੂੰ ਇਨ੍ਹਾਂ ਤਸਕਰਾਂ ਤੋਂ ਪਾਕਿਸਤਾਨੀ ਮੋਬਾਇਲ, ਸਿਮ ਅਤੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਦੋਵਾਂ ਤਸਕਰਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਗੋਲੀ ਚਲਾ ਦਿਤੀ।
ਇਸ ਮਗਰੋਂ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਸਰਹੱਦ ਨੇੜੇ ਸਤਲਾਣੀ ਪੁਲ ਕੋਲ ਨਾਕਾਬੰਦੀ ਕੀਤੀ ਗਈ। ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵਾਂ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿਤੀ।
ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਉਮਰ ਚੌਵੀ ਸਾਲ ਦੇ ਲਗਭੱਗ ਹੈ। ਉਨ੍ਹਾਂ ਦੀ ਪਹਿਚਾਣ ਬਸੰਤ ਸਿੰਘ ਤੇ ਮਨਜਿੰਦਰ ਸਿੰਘ ਵਜੋਂ ਹੋਈ ਹੈ। ਦੋਵੇਂ ਹੀ ਰਾਜਾਤਾਲ ਪਿੰਡ ਦੇ ਨਿਵਾਸੀ ਹਨ। ਕਾਊਂਟਰ ਇੰਟੈਲੀਜੈਂਸ ਮੁਤਾਬਕ, ਇਹ ਪਾਕਿਸਤਾਨ ਵਿਚ ਹਰੂਨ ਮਸੀਹ ਨਾਮ ਦੇ ਕਿੰਗਪਿਨ ਦੇ ਅਧੀਨ ਕੰਮ ਕਰਦੇ ਸਨ। ਹਾਰੂਨ ਮਸੀਹ ਵਿਅਕਤੀ ਲਾਹੌਰ ਦਾ ਰਹਿਣ ਵਾਲਾ ਹੈ ਅਤੇ ਸਰਹੱਦ ਰਾਹੀਂ ਉਸ ਨੇ ਇਹ ਹੈਰੋਇਨ ਦੀ ਖੇਪ ਪਾਰ ਕਰਵਾਈ ਸੀ
ਕਿਉਂਕਿ ਰਾਜਾਤਾਲ ਪਿੰਡ ਜਿੱਥੋਂ ਦੇ ਇਹ ਰਹਿਣ ਵਾਲੇ ਹਨ, ਬਿਲਕੁਲ ਸਰਹੱਦ ਨੇੜੇ ਹੈ। ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਵਲੋਂ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਵੀ ਹੋ ਸਕਦੇ ਹਨ।