
ਸ਼੍ਰੋਮਣੀ ਅਕਾਲੀ ਦਲ ਦੇ ਪੰਜ ਉਮੀਦਵਾਰ ਤੈਅ, ਬਾਕੀ ਪੰਜਾਂ ਬਾਰੇ ਫੈਸਲਾ ਸੁਖਬੀਰ ਹੱਥ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਇੱਕ-ਇੱਕ ਕਰਕੇ ਉਮੀਦਵਾਰ ਐਲਾਣਨੇ ਸ਼ੁਰੂ ਕਰ ਦਿੱਤੇ ਹਨ। ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦਾ ਐਲਾਨ ਕਰਨ ਮਗਰੋਂ ਅਕਾਲੀ ਦਲ ਨੇ ਤਿੰਨ ਹੋਰ ਉਮੀਦਵਾਰਾਂ ਦੇ ਨਾਂ 'ਤੇ ਮੋਹਰ ਲਾ ਦਿੱਤੀ ਹੈ। ਇਨ੍ਹਾਂ ਵਿਚ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਸ਼ਾਮਲ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 10 ਉੱਪਰ ਚੋਣ ਲੜਨੀ ਹੈ। ਇਨ੍ਹਾਂ ਵਿਚ ਚਾਰ ਉਮੀਦਵਾਰ ਐਲਾਨ ਕਰ ਦਿੱਤੇ ਹਨ। ਪੰਜਵੀਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਹੈ। ਪਰ ਉਹ ਮੌਜੂਦਾ ਹਲਕੇ ਬਠਿੰਡਾ ਤੋਂ ਚੋਣ ਲੜਣਗੇ ਜਾਂ ਫਿਰ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਚੋਣ ਲੜਾਈ ਜਾਵੇਗੀ। ਇਸ ਦਾ ਫੈਸਲਾ ਅਜੇ ਬਾਕੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਹਫ਼ਤੇ ਦੇ ਅੰਦਰ ਸਾਰੀ ਤਸਵੀਰ ਸਾਫ਼ ਹੋ ਜਾਏਗੀ।
ਇਸ ਤਰ੍ਹਾਂ ਅਕਾਲੀ ਦਲ ਦੇ ਪੰਜ ਉਮੀਦਵਾਰਾਂ ਦੀ ਚੋਣ ਬਾਕੀ ਹੈ। ਕੋਰ ਕਮੇਟੀ ਦੀ ਮੀਟਿੰਗ ਵਿਚ ਅਗਲੇ ਉਮੀਦਵਾਰਾਂ ਦੇ ਐਲਾਨ ਬਾਰੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਦੇ ਦਿੱਤੇ ਗਏ ਹਨ। ਹੁਣ ਸੁਖਬੀਰ ਬਾਦਲ ਲਈ ਸੰਗਰੂਰ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਲੁਧਿਆਣਾ ਤੇ ਫਰੀਦਕੋਟ ਤੋਂ ਧੜੱਲੇਦਾਰ ਉਮੀਦਵਾਰ ਲੱਭਣ ਲਈ ਮੁਸ਼ੱਕਤ ਕਰਨੀ ਪਏਗੀ।
ਸੰਗਰੂਰ ਤੋਂ ਢੀਂਡਸਾ ਪਰਿਵਾਰ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਗੁਬਾਇਆ ਕਾਂਗਰਸ ਵਿਚ ਚਲੇ ਗਏ ਹਨ। ਇਸ ਲਈ ਇਨ੍ਹਾਂ ਸੀਟਾਂ 'ਤੇ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਇਸ ਤੋਂ ਇਲਾਵਾ ਫਰੀਦਕੋਟ ਤੇ ਫਤਹਿਗੜ੍ਹ ਸਾਹਿਬ ਤੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਸੀ। ਬੇਸ਼ੱਕ ਆਮ ਆਦਮੀ ਪਾਰਟੀ ਵੀ ਇਸ ਵੇਲੇ ਸੰਕਟ ਦਾ ਸ਼ਿਕਾਰ ਹੈ।
ਪਰ ਇਸ ਦਾ ਲਾਹਾ ਅਕਾਲੀ ਨੂੰ ਕਿੰਨਾ ਮਿਲਦਾ ਹੈ, ਇਹ ਉਮੀਦਵਾਰ ਦੀ ਚੋਣ ਉੱਪਰ ਹੀ ਨਿਰਭਰ ਕਰੇਗਾ। ਲੁਧਿਆਣਾ ਸੀਟ ਇਸ ਵੇਲੇ ਕਾਂਗਰਸ ਕੋਲ ਹੈ। ਇਸ ਨੂੰ ਵੀ ਅਕਾਲੀ ਦਲ ਦੇ ਖਾਤੇ ਪਾਉਣਾ ਕਾਫੀ ਔਖਾ ਹੈ।