ਇਹ ਭਾਰਤ ਲਈ ਅਤਿਅੰਤ ਨਮੋਸ਼ੀ ਵਾਲੀ ਗੱਲ ਹੈ ਕਿ ਲਗਾਤਾਰ ਤੀਜੇ ਸਾਲ ਇਸ ਦੇ ਸਭ ਤੋਂ ਵੱਧ ਖਿਡਾਰੀ ਡੋਪਿੰਗ ਦੇ ਦੋਸ਼ੀ ਨਿਕਲੇ ਹਨ।
ਇਹ ਭਾਰਤ ਲਈ ਅਤਿਅੰਤ ਨਮੋਸ਼ੀ ਵਾਲੀ ਗੱਲ ਹੈ ਕਿ ਲਗਾਤਾਰ ਤੀਜੇ ਸਾਲ ਇਸ ਦੇ ਸਭ ਤੋਂ ਵੱਧ ਖਿਡਾਰੀ ਡੋਪਿੰਗ ਦੇ ਦੋਸ਼ੀ ਨਿਕਲੇ ਹਨ। ਡੋਪਿੰਗ ਤੋਂ ਭਾਵ ਹੈ ਅਹਿਮ ਮੁਕਾਬਲਿਆਂ ਸਮੇਂ ਪ੍ਰਦਰਸ਼ਨ ਸੁਧਾਰਨ ਲਈ ਮਾਦਕ ਪਦਾਰਥਾਂ ਜਾਂ ਤਾਕਤ-ਵਧਾਊ ਦਵਾਵਾਂ ਜਾਂ ਸਟੈਰੌਇਡਜ਼ ਜਾਂ ਹੋਰ ਗ਼ੈਰ-ਕਾਨੂੰਨੀ ਰਾਸਾਇਣਾਂ/ਵਿਧੀਆਂ ਦਾ ਸਹਾਰਾ ਲੈਣਾ। ਖੇਡਾਂ ਦੇ ਖੇਤਰ ਵਿਚੋਂ ਡੋਪਿੰਗ ਵਰਗੀ ਵਬਾਅ ਘਟਾਉਣ ਅਤੇ ਸਵੱਛ ਖੇਡ ਮੁਕਾਬਲੇ ਯਕੀਨੀ ਬਣਾਉਣ ਵਾਸਤੇ ਸਰਗਰਮ ਕੌਮਾਂਤਰੀ ਏਜੰਸੀ ‘ਵਾਡਾ’ (ਵਲ਼ਡ ਐਂਟੀ-ਡੋਪਿੰਗ ਏਜੰਸੀ) ਦੀ ਤਾਜ਼ਾਤਰੀਨ ਰਿਪੋਰਟ ਅਨੁਸਾਰ ਭਾਰਤ ਵਿਚ ਸਾਲ 2024 ਦੌਰਾਨ 260 ਖਿਡਾਰੀ ਡੋਪਿੰਗ ਦੇ ਦੋਸ਼ੀ ਨਿਕਲੇ।
ਉਸ ਵਰ੍ਹੇ ਭਾਰਤ ਇਕੋਇਕ ਅਜਿਹਾ ਦੇਸ਼ ਰਿਹਾ ਜਿਸ ਵਿਚ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਤਾਦਾਦ ਤਿੰਨ ਅੰਕੜਿਆਂ ਵਾਲੀ ਰਹੀ। ਭਾਰਤ ਤੋਂ ਬਾਅਦ ਫਰਾਂਸ ਵਿਚ 91, ਇਟਲੀ ਵਿਚ 85, ਰੂਸ ਤੇ ਅਮਰੀਕਾ ਵਿਚ 76-76 ਅਤੇ ਜਰਮਨੀ ਵਿਚ 54 ਖਿਡਾਰੀ ਡੋਪਿੰਗ-ਵਿਰੋਧੀ ਨਿਯਮਾਂ ਦੀ ਅਵੱਗਿਆ ਦੇ ਘੇਰੇ ਵਿਚ ਆਏ। ਭਾਰਤ ਨਾਲੋਂ ਕਿਤੇ ਵੱਡੀਆਂ ਖੇਡ-ਸ਼ਕਤੀਆਂ ਹੋਣ ਦੇ ਬਾਵਜੂਦ ਇਨ੍ਹਾਂ ਮੁਲਕਾਂ ਵਿਚੋਂ ਕਿਸੇ ਦੇ ਵੀ ‘ਪਾਜ਼ੀਟਿਵ’ ਕੇਸ ਤਿੰਨ ਅੰਕੜਿਆਂ ਵਿਚ ਨਾ ਹੋਣਾ ਭਾਰਤ ਵਿਚ ਡੋਪਿੰਗ ਦੀ ਸਮੱਸਿਆ ਵਧੇਰੇ ਸ਼ਦੀਦ ਹੋਣਾ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਸਾਡੇ ਮੁਲਕ ਵਿਚ ਡੋਪਿੰਗ ਦੇ 260 ਕੇਸ, ਕੌਮੀ ਡੋਪਿੰਗ ਜਾਂਚ ਏਜੰਸੀ (ਨਾਡਾ) ਵਲੋਂ ਕਰਵਾਏ ਗਏ 7113 ਟੈਸਟਾਂ ਦੌਰਾਨ ਫੜੇ ਗਏ।
ਇਸ ਤੋਂ ਉਲਟ ਵੱਡੀਆਂ ਖੇਡ-ਤਾਕਤਾਂ ਵਿਚੋਂ ਸਿਰਫ਼ ਅਮਰੀਕਾ ਹੀ ਅਜਿਹਾ ਮੁਲਕ ਰਿਹਾ ਜਿੱਥੇ ਸਾਲ 2024 ਦੌਰਾਨ ਕਰਵਾਏ ਗਏ ਡੋਪਿੰਗ-ਵਿਰੋਧੀ ਟੈਸਟਾਂ ਦੀ ਗਿਣਤੀ (6592) ਭਾਰਤ ਨਾਲੋਂ ਘੱਟ ਰਹੀ। ਬਾਕੀ ਅਹਿਮ ਮੁਲਕਾਂ ਵਿਚੋਂ ਚੀਨ ਵਿਚ ਖਿਡਾਰੀਆਂ ਦੇ 24214, ਜਰਮਨੀ ਵਿਚ 15081, ਫਰਾਂਸ ਵਿਚ 11774, ਰੂਸ ਵਿਚ 9304 ਤੇ ਯੂ.ਕੇ. ਵਿਚ 8273 ਟੈਸਟ ਕੀਤੇ ਗਏ। ਅਜਿਹੇ ਅੰਕੜੇ ਇਕ ਪਾਸੇ ਜਿੱਥੇ ਡੋਪਿੰਗ-ਵਿਰੋਧੀ ਨਿਜ਼ਾਮ ਦੇ ਵਿਆਪਕ ਪ੍ਰਚਲਣ ਤੇ ਕਾਬਿਲੇ-ਕਬੂਲ ਹੋਣ ਦੇ ਪ੍ਰਤੀਕ ਹਨ, ਉੱਥੇ ਦੂਜੇ ਪਾਸੇ ਇਹ ਖਿਡਾਰੀਆਂ ਅੰਦਰਲੀ ਧੋਖਾਧੜੀ ਵਾਲੀ ਪ੍ਰਵਿਰਤੀ ਘਟਾਉਣ ਦੇ ਯਤਨਾਂ ਦੀ ਨਾਕਾਮੀ ਦੇ ਵੀ ਸੂਚਕ ਹਨ। ਕੇਂਦਰੀ ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ‘ਨਾਡਾ’ ਵਲੋਂ ਅਪਣੀਆਂ ਸਰਗਰਮੀਆਂ ਦਾ ਦਾਇਰਾ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ।
ਸਾਲ 2022 ਦੌਰਾਨ ਐਂਟੀ-ਡੋਪਿੰਗ ਟੈਸਟਾਂ ਦੀ ਗਿਣਤੀ 3865 ਸੀ, 2023 ਵਿਚ ਇਹ 5606 ਹੋ ਗਈ ਅਤੇ ਚਲੰਤ ਵਰ੍ਹੇ (2025) ਵਿਚ ਅਕਤੂਬਰ ਦੇ ਅੰਤ ਤਕ 7068 ਟੈਸਟ ਕੀਤੇ ਜਾ ਚੁੱਕੇ ਸਨ। ਇਸ ਵਰ੍ਹੇ ਵਾਲੇ ਟੈਸਟਾਂ ਵਿਚੋਂ 110 ਪਾਜ਼ੇਟਿਵ ਨਿਕਲਣਾ ‘ਨਾਡਾ’ ਦੀ ਸਖ਼ਤੀ ਅਸਰਦਾਰ ਸਿੱਧ ਹੋਣ ਤੇ ਡੋਪਿੰਗ ਦੇ ਮਾਮਲੇ ਘਟਣ ਦਾ ਸਬੂਤ ਹੈ। ਇਸ ਸੁਖਾਵੀਂ ਪੇਸ਼ਕਦਮੀ ਦੇ ਬਾਵਜੂਦ ਸਾਲਾਨਾ ਡੋਪਿੰਗ ਕੇਸ ਤਿੰਨ ਅੰਕੜਿਆਂ ਵਿਚ ਰਹਿਣਾ ਖ਼ੁਸ਼ਗਵਾਰ ਵਰਤਾਰਾ ਨਹੀਂ। ਖੇਡ ਮੰਤਰਾਲੇ ਦਾ ਮੰਨਣਾ ਹੈ ਕਿ ਖਿਡਾਰੀਆਂ ਤੇ ਕੋਚਾਂ ਦਾ ਅਗਿਆਨ ਵੀ ਭਾਰਤੀ ਖਿਡਾਰੀਆਂ ਦੇ ‘ਕਾਬੂ’ ਆਉਣ ਦੀ ਇਕ ਵਜ੍ਹਾ ਹੈ। ਉਨ੍ਹਾਂ ਨੂੰ ਇਹ ਇਲਮ ਤਕ ਨਹੀਂ ਹੁੰਦਾ ਕਿ ਜ਼ੁਕਾਮ ਜਾਂ ਖ਼ਰਾਬ ਗਲੇ ਦੇ ਇਲਾਜ ਲਈ ਵਰਤੀ ਦਵਾਈ ਵੀ ਉਨ੍ਹਾਂ ਅੰਦਰ ਕਿਸੇ ਪਾਬੰਦੀਸ਼ੁਦਾ ਡਰੱਗ ਦੇ ਕਣ ਛੱਡ ਸਕਦੀ ਹੈ। ਇਹੋ ਕਣ ਅਚਨਚੇਤੀ ਟੈਸਟ ਹੋਣ ਦੀ ਸੂਰਤ ਵਿਚ ਖਿਡਾਰੀਆਂ ਨੂੰ ਵਰਿ੍ਹਆਂ ਤੱਕ ਦੀ ਨਮੋਸ਼ੀ ਬਖ਼ਸ਼ ਸਕਦੇ ਹਨ।
‘ਵਾਡਾ’ ਦੇ ਪ੍ਰੋਟੋਕੋਲ ਮੁਤਾਬਿਕ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੇ ਇਕ ਸਾਲ ਅੰਦਰ ਦੋ ਵਾਰ ਟੈਸਟ ਕੀਤੇ ਜਾਣੇ ਲਾਜ਼ਮੀ ਹਨ। ਇਕ ਟੈਸਟ ਕਿਸੇ ਅਹਿਮ ਪ੍ਰਤੀਯੋਗਤਾ ਦੌਰਾਨ ਹੋਣਾ ਚਾਹੀਦਾ ਹੈ ਅਤੇ ਦੂਜੇ ਪ੍ਰਤੀਯੋਗਤਾਵਾਂ ਵਾਲੀ ਰੁੱਤ ਦੀ ਅਣਹੋਂਦ ਦੇ ਦਿਨਾਂ ਦੌਰਾਨ। ਟੈਸਟ ਲਈ ਖਿਡਾਰੀਆਂ ਦੇ ਖ਼ੂਨ ਜਾਂ ਪਿਸ਼ਾਬ ਦੇ ਨਮੂਨੇ, ਬਿਨਾਂ ਕਿਸੇ ਪੂਰਵ-ਸੂਚਨਾ ਦੇ, ਅਚਨਚੇਤੀ ਲਏ ਜਾਣੇ ਚਾਹੀਦੇ ਹਨ ਤਾਂ ਜੋ ਖਿਡਾਰੀ ਨੂੰ ‘ਡੋਪ’ ਛੁਪਾਉਣ ਜਾਂ ਘੱਟ ਅਸਰਦਾਰ ਬਣਾਉਣ ਦਾ ਮੌਕਾ ਹੀ ਨਾ ਮਿਲੇ। ਅਜਿਹੀ ਸਖ਼ਤਾਈ ਦੇ ਬਾਵਜੂਦ ਡੋਪਿੰਗ ਦੇ ਕੇਸਾਂ ਵਿਚ ਆਲਮੀ ਪੱਧਰ ’ਤੇ ਕਮੀ ਨਾ ਆਉਣਾ ਦਰਸਾਉਂਦਾ ਹੈ ਕਿ ਸ਼ੋਹਰਤ ਤੇ ਦੌਲਤ ਦੀ ਖ਼ਾਤਿਰ ਇਖ਼ਲਾਕ ਦੀ ਬਲੀ ਦੇ ਦੇਣਾ ਕਿੰਨੀ ਵੱਡੀ ਇਨਸਾਨੀ ਕਮਜ਼ੋਰੀ ਹੈ। ਕਦੇ ਸੋਵੀਅਤ ਸੰਘ ਤੇ ਪੂਰਬੀ ਜਰਮਨੀ ਡੋਪਿੰਗ ਦੇ ਗੜ੍ਹ ਮੰਨੇ ਜਾਂਦੇ ਸਨ।
ਠੰਢੀ ਜੰਗ ਦੇ ਖ਼ਾਤਮੇ ਤੋਂ ਬਾਅਦ ਇਸ ਪੱਖੋਂ ਸ਼ੱਕ ਦੀ ਉਂਗਲੀ ਰੂਸ ਅਤੇ ਚੀਨ ਵਲ ਉੱਠਣ ਲੱਗੀ। ਹੁਣ ਤਿੰਨ ਵਰਿ੍ਹਆਂ ਤੋਂ ਭਾਰਤ ਦਾ ਡੋਪਿੰਗ ਪੱਖੋਂ ‘ਮੁਹਰੈਲ’ ਹੋਣਾ ਹੈਰਾਨੀਜਨਕ ਵੀ ਹੈ ਅਤੇ ਅਫ਼ਸੋਸਨਾਕ ਵੀ। ਅਜਿਹੇ ਭਾਰਤੀ ਵਰਤਾਰੇ ਦੀ ਇਕ ਵਜ੍ਹਾ ਹੈ ਖੇਡ ਪ੍ਰਾਪਤੀਆਂ ਨੂੰ ਸਰਕਾਰੇ-ਦਰਬਾਰੇ ਵੀ ਮਾਨਤਾ ਮਿਲਣੀ ਅਤੇ ਸਮਾਜਿਕ-ਸਭਿਆਚਾਰਕ ਪੱਧਰ ’ਤੇ ਵੀ ਵਡਿਆਏ ਜਾਣਾ। ਇਹ ਪ੍ਰਾਪਤੀਆਂ ਚੰਗੀਆਂ ਨੌਕਰੀਆਂ ਦੇ ਦਰ ਤਾਂ ਖੋਲ੍ਹਦੀਆਂ ਹੀ ਹਨ, ਚੰਦ ਵਰਿ੍ਹਆਂ ਦੇ ਅੰਦਰ ਅਮੀਰ ਬਣਨ ਦਾ ਸਾਧਨ ਵੀ ਬਣਦੀਆਂ ਹਨ। ਲਿਹਾਜ਼ਾ, ਬਿਹਤਰ ਕਾਰਗੁਜ਼ਾਰੀ ਦੀ ਖ਼ਾਤਿਰ ਸ਼ਾਰਟ-ਕੱਟ ਅਜ਼ਮਾਉਣ ਵਿਚ ਨਾ ਖਿਡਾਰੀਆਂ ਨੂੰ ਝਿਜਕ ਮਹਿਸੂਸ ਹੁੰਦੀ ਹੈ ਤੇ ਨਾ ਕੋਚਾਂ ਤੇ ਮੈਨੇਜਰਾਂ ਨੂੰ। ਅਜਿਹੀ ਪ੍ਰਵਿਰਤੀ ਖੇਡ ਭਾਵਨਾ ਨਾਲ ਤਾਂ ਖਿਲਵਾੜ ਹੈ ਹੀ, ਖਿਡਾਰੀਆਂ ਦੇ ਭਵਿੱਖ ਲਈ ਵੀ ਵੱਡਾ ਖ਼ਤਰਾ ਹੈ। ਖੇਡ ਪ੍ਰਬੰਧਕਾਂ ਤੇ ਫ਼ੈਡਰੇਸ਼ਨਾਂ ਨੂੰ ਡੋਪਿੰਗ ਵਰਗੇ ਰੁਝਾਨ ਰੋਕਣ ਲਈ ਵਧੇਰੇ ਚੌਕਸੀ ਵਰਤਣੀ ਚਾਹੀਦੀ ਹੈ। ਸੌ ਵਿਚੋਂ ਚਾਰ ਖਿਡਾਰੀ ‘ਚੀਟਰ’ (ਧੋਖੇਬਾਜ਼) ਨਿਕਲਣ ਵਰਗੀ ਬਦਨਾਮੀ ਭਾਰਤ ਲਈ ਸਥਾਈ ਠੱਪਾ ਨਹੀਂ ਬਣਨੀ ਚਾਹੀਦੀ।
