
ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲਾ ਕਾਬੂ, ਮੁੱਖ ਮੁਲਜ਼ਮ ਫ਼ਰਾਰ
ਤਰਨ ਤਾਰਨ, 13 ਅਪ੍ਰੈਲ (ਅਜੀਤ ਘਰਿਆਲਾ) : ਗੁਆਂਢੀ ਦੇਸ਼ ਪਾਕਿਸਤਾਨ 'ਚ ਮੌਜੂਦ ਤਸਕਰਾਂ ਨਾਲ ਸਬੰਧ ਰਖਦੇ ਹੋਏ ਡਰੋਨ ਦੀ ਮਦਦ ਨਾਲ ਹੈਰੋਇਨ ਅਤੇ ਹੋਰ ਸਾਮਾਨ ਮੰਗਵਾਉਣ ਵਾਲੇ ਇਕ ਮੁਲਜ਼ਮ ਨੂੰ ਜ਼ਿਲ੍ਹਾ ਪੁਲਿਸ ਨੇ ਗਿ੍ਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਨੇ ਜਿੱਥੇ ਮੁਲਜ਼ਮ ਦੀ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਬਾਰੀਕੀ ਨਾਲ ਪੁਛਗਿੱਛ ਸ਼ੁਰੂ ਕਰ ਦਿਤੀ, ਉਥੇ ਇਸ ਦੇ ਦੂਜੇ ਮੁੱਖ ਫ਼ਰਾਰ ਸਾਥੀ ਦੀ ਭਾਲ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਡਿਫ਼ੈਂਸ ਲਾਈਨ ਵਿਖੇ ਬੀਤੀ 9 ਮਾਰਚ ਦੀ ਸ਼ਾਮ ਕਰੀਬ 8 ਵਜੇ ਇਕ ਡਰੋਨ ਬੀ.ਐਸ.ਐਫ਼. ਦੀ 71 ਬਟਾਲੀਅਨ ਵਲੋਂ ਪਿੰਡ ਹਵੇਲੀਆਂ ਦੇ ਖੇਤ ਤੋਂ ਬਰਾਮਦ ਕੀਤਾ ਗਿਆ | ਇਸ ਬਾਬਤ ਬੀ. ਐਸ. ਐਫ਼. ਵਲੋਂ ਇਸ ਡਰੋਨ ਨੂੰ ਡਰੋਨ ਫ਼ੈਡਰੇਸ਼ਨ ਆਫ਼ ਇੰਡੀਆ ਨੂੰ ਜਾਂਚ ਲਈ ਭੇਜ ਦਿਤਾ ਗਿਆ ਸੀ | ਪੁਲਸ ਨੇ ਇਸ ਮਾਮਲੇ 'ਚ ਤਸਕਰ ਸੁਰਜਨ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸੁਰਜਨ ਸਿੰਘ ਦਾ ਇਕ ਹੋਰ ਮੁੱਖ ਸਾਥੀ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਹੈ | ਉਹ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਨਾਲ ਮਿਲ ਕੇ ਪਾਕਿਸਤਾਨ 'ਚ ਮੌਜੂਦ ਤਸਕਰਾਂ ਨਾਲ ਸਬੰਧ ਬਣਾਉਣ ਤੋਂ ਬਾਅਦ ਡਰੋਨ ਦੀ ਮਦਦ ਨਾਲ ਪਿਛਲੇ ਕਰੀਬ 5 ਮਹੀਨਿਆਂ ਦੌਰਾਨ ਕਈ ਵਾਰ ਹੈਰੋਇਨ ਸਮੇਤ ਹੋਰ ਪਦਾਰਥਾਂ ਦੀ ਖੇਪ ਮੰਗਵਾ ਚੁਕੇ ਹਨ |