
ਸੂਬੇ ’ਚ ਮੌਜੂਦਾ ਸਮੇਂ ਸੱਭ ਤੋਂ ਵੱਡੀ ਲੋੜ ਕੁਦਰਤੀ ਸੋਮਿਆਂ ਨੂੰ ਬਚਾਉਣਾ ਹੈ, ਜਿਸ ਲਈ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਨਿਕਲਣਾ ਪਏਗਾ।
ਬਠਿੰਡਾ, 13 ਮਈ (ਸੁਖਜਿੰਦਰ ਮਾਨ) : ਸੂਬੇ ’ਚ ਮੌਜੂਦਾ ਸਮੇਂ ਸੱਭ ਤੋਂ ਵੱਡੀ ਲੋੜ ਕੁਦਰਤੀ ਸੋਮਿਆਂ ਨੂੰ ਬਚਾਉਣਾ ਹੈ, ਜਿਸ ਲਈ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਨਿਕਲਣਾ ਪਏਗਾ। ਇਹ ਦਾਅਵਾ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਉਹ ਬਠਿੰਡਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ’ਚ ਨਰਮੇ ਦੀ ਬੀਜਾਂਦ ਹੇਠਲੇ ਰਕਬੇ ਨੂੰ ਵਧਾਉਣ ਲਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ ਕਿ ‘‘ਜੇਕਰ ਪੰਜਾਬ ’ਚ ਝੋਨੇ ਦੀ ਕਾਸ਼ਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਸੂਬੇ ਨੂੰ ਰੇਗਿਸਤਾਨ ਬਚਾਉਣ ਤੋਂ ਕੋਈ ਨਹੀਂ ਰੋਕ ਸਕਦਾ।’’
ਡਾ. ਐਰੀ ਨੇ ਅੰਕੜਿਆਂ ਨਾਲ ਇਸ ਗੱਲ ਦੀ ਤਾਕੀਦ ਕਰਦਿਆਂ ਦਸਿਆ ਕਿ ਪੂਰੇ ਪੰਜਾਬ ਵਿਚੋਂ ਧਰਤੀ ਹੇਠਲੇ ਪਾਣੀ ਕੱਢਣ ਦੀ ਗਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਇਕੱਲੇ ਸੰਗਰੂਰ ਜ਼ਿਲ੍ਹੇ ’ਚ ਪ੍ਰਤੀ ਮੀਟਰ ਖੇਤਰ ਵਿਚੋਂ 269 ਲੀਟਰ ਪਾਣੀ ਕੱਢਿਆ ਜਾ ਰਿਹਾ ਹੈ ਜਦਕਿ ਬਾਕੀ ਪੰਜਾਬ ’ਚ ਇਹ ਐਵਰੇਜ਼ 109 ਲੀਟਰ ਪ੍ਰਤੀ ਮੀਟਰ ਹੈ। ਧਰਤੀ ਹੇਠਲਾ ਪਾਣੀ ਕੱਢਣ ਦੀ ਇਸ ਰਫ਼ਤਾਰ ਦੇ ਚਲਦੇ ਪੰਜਾਬ ’ਚ ਪਾਣੀ ਪ੍ਰਤੀ ਸਾਲ 49 ਸੈਟੀਮੀਟਰ ਹੇਠਾਂ ਜਾ ਰਿਹਾ ਹੈ ਜੋਕਿ ਵੱਡੇ ਖ਼ਤਰੇ ਦੀ ਘੰਟੀ ਹੈ।
File photo
ਸੂਬੇ ਤੇ ਕਿਸਾਨਾਂ ਨੂੰ ਬਚਾਉਣ ਲਈ ਖੇਤੀਬਾੜੀ ਵਲੋਂ ਉਲੀਕੀ ਯੋਜਨਾ ਬਾਰੇ ਦਸਦਿਆਂ ਡਾਇਰੈਕਟਰ ਡਾ. ਐਰੀ ਨੇ ਦਾਅਵਾ ਕੀਤਾ ਕਿ ‘‘ਚਾਲੂ ਸੀਜ਼ਨ ਦੌਰਾਨ ਝੋਨੇ ਹੇਠੋ 3 ਲੱਖ ਹੈਕਟੇਅਰ ਰਕਬੇ ਨੂੰ ਕੱਢ ਕੇ ਖੇਤੀ ਵਿਭੰਨਤਾ ਤਹਿਤ ਦੂਜੀਆਂ ਫ਼ਸਲਾਂ ਅਧੀਨ ਲਿਆਂਦਾ ਜਾਵੇਗਾ।’’ ਇਸ ਲਈ ਪਿਛਲੇ ਸਾਲ ਦੇ ਚਾਰ ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ ਨਰਮੇ ਹੇਠ ਪੰਜ ਲੱਖ ਹੈਕਟੇਅਰ, ਮੱਕੀ ਹੇਠ 1.60 ਹੈਕਟੇਅਰ ਨੂੰ 3 ਲੱਖ ਹੈਕਟੇਅਰ ਅਤੇ ਬਾਸਮਤੀ ਹੇਠਲੇ ਰਕਬੇ ਨੂੰ ਸਵਾ 6 ਲੱਖ ਤੋਂ ਸੱਤ ਲੱਖ ਹੈਕਟੇਅਰ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਕੋਰੋਨਾ ਮਹਾਂਮਾਰੀ ਕਾਰਨ ਮਜਦੂਰਾਂ ਦੀ ਦਿੱਕਤ ਨੂੰ ਵੇਖਦਿਆਂ ਬਾਕੀ ਰਕਬੇ ਵਿਚ ਝੋਨੇ ਦੀ ਬੀਜਾਂਦ ਬਾਰੇ ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਵਾਰ ਭਾਰੀਆਂ ਤੇ ਦਰਮਿਆਨੀਆਂ ਜ਼ਮੀਨਾਂ ’ਚ ਝੋਨੇ ਦੀ ਸਿੱਧੀ ਬੀਜਾਈ ’ਤੇ ਜ਼ੋਰ ਦਿਤਾ ਜਾ ਰਿਹਾ, ਇਸ ਦੇ ਲਈ ਕਿਸਾਨਾਂ ਨੂੰ ਸਬਸਿਡੀ ਉਪਰ (ਡੀਐਸਆਰ) ਸਿੱਧੀ ਬੀਜਾਈ ਵਾਲੀਆਂ ਮਸ਼ੀਨਾਂ ਦਿਤੀਆਂ ਜਾ ਰਹੀਆਂ ਹਨ।
ਪੰਜਾਬ ’ਚ ਇਸ ਵਾਰ 3 ਲੱਖ ਹੈਕਟੇਅਰ ਰਕਬਾ ਝੋਨੇ ਹੇਠੋਂ ਕੱਢਣ ਦਾ ਟੀਚਾ