ਰਹਿੰਦੇ ਅਸੀਂ ਪੰਜਾਬ ਵਿਚ ਹਾਂ ਤਾਂ ਗੱਲ ਪੰਜਾਬ ਦੀ ਕਿਉਂ ਨਾ ਕਰੀਏ?: BJP ਆਗੂ ਅਨਿਲ ਜੋਸ਼ੀ
Published : Jun 14, 2021, 10:24 am IST
Updated : Jun 14, 2021, 10:24 am IST
SHARE ARTICLE
BJP leader Anil Joshi
BJP leader Anil Joshi

ਕੇਂਦਰ ਸਰਕਾਰ ਨੂੰ ਪਿੱਠ ਲੱਗਣ ਦਾ ਤੋਖਲਾ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਜੇਕਰ ਸੋਧ ਹੋ ਸਕਦੀ ਹੈ ਤਾਂ ਕਾਨੂੰਨ ਰੱਦ ਕਿਉਂ ਨਹੀਂ ਹੋ ਸਕਦੇ? ਅਨਿਲ ਜੋਸ਼ੀ

ਚੰਡੀਗੜ੍ਹ – ਕਿਸਾਨੀ ਸੰਘਰਸ਼ ਸ਼ੁਰੂ ਹੋਣ ਵੇਲੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਕ ਦਿਨ ਇਹ ਦੇਸ਼ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਨ ਲੱਗੇਗਾ। ਪਰ ਅੱਜ ਸੰਘਰਸ਼ ਨੇ ਜਿੱਥੇ ਕਿਸਾਨਾਂ ਦੀ ਆਵਾਜ਼ ਨੂੰ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾ ਦਿੱਤਾ ਹੈ ਉਥੇ ਹੀ ਸੱਤਾਧਾਰੀ ਧਿਰ ਲਈ ਵੀ ਵੱਡੀਆਂ ਚੁਨੌਤੀਆਂ ਪੈਦਾ ਕਰ ਦਿੱਤੀਆਂ ਹਨ।

ਇਕ ਪਾਸੇ ਜਿੱਥੇ ਭਾਜਪਾ ਦੀਆਂ ਕਈ ਸਿਆਸੀ ਭਾਈਵਾਲ ਪਾਰਟੀਆਂ ਉਸ ਤੋਂ ਕਿਨਾਰਾ ਕਰ ਚੁੱਕੀਆਂ ਹਨ, ਦੂਜੇ ਪਾਸੇ ਪਾਰਟੀ ਅੰਦਰੋਂ ਵੀ ਬਾਗੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਪਾਰਟੀ ਦੇ ਸੀਨੀਅਨ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਵਿਚ ਨਿਤਰਦਿਆਂ ਬੇਬਾਕ ਟਿੱਪਣੀਆਂ ਕੀਤੀਆਂ ਜਿਨ੍ਹਾਂ ਦੇ ਹੱਕ ਵਿਚ ਮਾਸਟਰ ਮੋਹਨ ਲਾਲ ਵਰਗੇ ਆਗੂਆਂ ਨੇ ਆਵਾਜ਼ ਬੁਲੰਦ ਕੀਤੀ। ਭਾਜਪਾ ਆਗੂ ਅਨਿਲ ਜੋਸ਼ੀ ਨਾਲ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ, ਪੇਸ਼ ਹਨ ਗੱਲਬਾਤ ਦੇ ਵਿਸ਼ੇਸ਼ ਅੰਸ਼-

Anil joshiAnil joshi

ਸਵਾਲ – ਕਦੇ ਉਮੀਦ ਨਹੀਂ ਸੀ ਕੀਤੀ ਕਿ ਇਕ ਭਾਜਪਾ ਆਗੂ 15 ਦਿਨ ਆਪਣੀ ਹਾਈ ਕਮਾਡ ਨੂੰ ਚੁਨੌਤੀ ਦੇਵੇਗਾ ਕਿ ਤੁਸੀਂ 15 ਦਿਨਾਂ ਵਿਚ ਸਾਡੇ ਨਾਲ ਗੱਲ ਕਰੋ, ਇਹ ਕਿਸ ਤਰ੍ਹਾਂ ਸੰਭਵ ਹੋਇਆ?

ਜਵਾਬ – ਵੇਖੋ, ਮੈਂ ਇਕਦਮ 15 ਦਿਨ ਨਹੀਂ ਦਿੱਤੇ, ਮੈਂ ਤਕਰੀਬਨ ਅਕਤੂਬਰ ਤੋਂ ਪਹਿਲਾਂ ਜਦੋਂ ਕਿਸਾਨ ਪੰਜਾਬ ਦੇ ਰੇਲਵੇ ਸਟੇਸ਼ਨਾਂ ਅਤੇ ਟੋਲ ਪਲਾਜ਼ਿਆਂ ‘ਤੇ ਬੈਠੇ ਸਨ, ਅਤੇ ਬਾਅਦ ਵਿਚ ਜਦੋਂ ਕਾਨੂੰਨ ਬਣਾਇਆ ਗਿਆ ਹੈ, ਉਸ ਸਮੇਂ ਅਸਲੀ ਸਮਾਂ ਸੀ ਜਦੋਂ ਜਦੋਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਇਸ ਨੂੰ ਅਹਿਮੀਅਤ ਦਿੰਦਿਆਂ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਸੀ, ਜੋ ਇਹ ਨਹੀਂ ਨਿਭਾਅ ਸਕੇ। ਇਕ ਦੋ ਵਾਰ ਕੋਸ਼ਿਸ਼ ਕੀਤੀ ਅਤੇ ਅਸੀਂ ਸੋਚਿਆ ਮਾਮਲਾ ਅਜੇ ਤਾਜ਼ਾ ਤਾਜ਼ਾ ਹੋ ਕੁੱਝ ਤਾਂ ਕਰਦੇ ਹੀ ਹੋਣਗੇ, ਮੈਂ ਦੀਵਾਲੀ ਤੋਂ ਪਹਿਲਾਂ ਦਿੱਲੀ ਗਿਆ, ਜਿੱਥੇ ਇਕ-ਦੋ ਆਗੂਆਂ ਨੂੰ ਮਿਲਿਆ ਵੀ। ਉਨ੍ਹਾਂ ਦਾ ਜਿਹੜਾ ਰਵੱਈਆ ਸੀ, ਉਸ ਤੋਂ ਮੈਨੂੰ ਲੱਗਿਆਂ ਜਾਂ ਤਾਂ ਮੇਰੇ ਕੋਲ ਕੋਈ ਅਜਿਹਾ ਅਹੁਦਾ ਨਹੀਂ ਹੈ, ਜਿਸ ਕਾਰਨ ਅਹਿਮੀਅਤ ਨਹੀਂ ਦਿੱਤੀ ਗਿਆ।

ਮੈਂ ਜਿਹੜੇ ਵੱਡੇ ਆਗੂਆਂ ਨੂੰ ਮਿਲਿਆ, ਉਨ੍ਹਾਂ ਨੇ ਮੈਨੂੰ ਇਹੀ ਕਿਹਾ ਕਿ ਤੁਸੀਂ ਜੇ ਇਨ੍ਹਾਂ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾ ਸਕਦੇ ਹੋ ਤਾਂ ਸਮਝਾਉ, ਨਹੀਂ ਤਾਂ ਸੈਂਟਰ ਖੁਦ ਸਮਝਾਏਗਾ। ਮੈਂ ਕਿਹਾ ਕਿ ਮਹੀਨਾ ਦੋ ਮਹੀਨੇ ਹੋ ਚੁੱਕੇ ਹਨ, ਜੇਕਰ ਉਹ ਨਹੀਂ ਸਮਝ ਰਹੇ ਤਾਂ ਕਹਾਣੀ ਵਿਗੜ ਨਾ ਜਾਵੇ। ਉਨ੍ਹਾਂ ਦਾ ਕਹਿਣਾ ਸੀ, ਇਨ੍ਹਾਂ ਕਾਨੂੰਨਾਂ ਤੋਂ ਤਾਂ ਇਕ ਇੰਚ ਵੀ ਪਿੱਛੇ ਨਹੀਂ ਹਟਣਾ। ਉਦੋਂ ਮੈਂ ਸਮਝਿਆ ਕਿ ਮਸਲਾ ਅਜੇ ਨਵਾਂ ਨਵਾਂ ਹੈ, ਪਰ ਸਮੇਂ ਬੀਤਣ ‘ਤੇ ਮੈਂ ਵੇਖਿਆ ਕਿ ਉਹ ਕਾਨੂੰਨਾਂ ਵਿਚ ਦਰੁਸਤੀ ਲਈ ਰਾਜ਼ੀ ਹੋ ਗਏ ਸਨ। ਇੱਥੋਂ ਤਕ ਵੀ ਸੁਣਿਆ ਗਿਆ ਕਿ ਉਹ ਕਹਿੰਦੇ ਹਨ ਕਿ ਇਕੱਲੀ ਜਿਲਦ ਰਹਿਣ ਦਿਉ ਅਤੇ ਅੰਦਰੋਂ ਕਿਤਾਬ ਭਾਵੇਂ ਸਾਰੀ ਬਦਲ ਲਉ।

ਅਖਬਾਰਾਂ ਅਤੇ ਸੱਜਿਉ, ਖੱਬਿਉਂ ਛੋਟੇ ਵੱਡੇ ਨੇਤਾਵਾਂ ਤੋਂ ਵੀ ਇਹੀ ਸੁਣਨ ਨੂੰ ਮਿਲਿਆ ਕਿ ਕਾਨੂੰਨਾਂ ਵਿਚ ਦਰੁਸਤੀ ਜਿੰਨੀ ਮਰਜ਼ੀ ਕਰਵਾ ਲਵੋ, ਰੱਦ ਨਹੀਂ ਹੋ ਸਕਦੇ। ਉਥੋਂ ਪੰਜਾਬ ਆ ਕੇ ਮੈਂ ਇੱਥੋਂ ਦੇ ਆਗੂਆਂ, ਜਿਨ੍ਹਾਂ ਵਿਚ ਪ੍ਰਧਾਨ ਵੀ ਮੁੱਖ ਹੁੰਦਾ ਹੈ, ਨਾਲ ਸੰਪਰਕ ਕੀਤਾ ਅਤੇ ਮੈਂ ਕਿਹਾ ਕਿ ਆਪਾਂ ਪੰਜਾਬ ਵਿਚ 23 ਐਮ.ਐਲ.ਏ. ਚੋਣ ਲੜਦੇ ਹਾਂ। ਇਨ੍ਹਾਂ ਸਾਰਿਆਂ ਨੂੰ ਬੁਲਾਉ, 10-12 ਮੈਂਬਰ ਕੋਰ ਕਮੇਟੀ ਦੇ ਬੁਲਾਉ ਅਤੇ 10-12 ਆਗੂ ਹੋਰ ਹੋਣਗੇ ਜੋ ਚੋਣ ਨਹੀਂ ਲੜਦੇਇਨ੍ਹਾਂ 50-60 ਲੋਕਾਂ ਦੀ ਮੀਟਿੰਗ ਬੁਲਾਉ। ਸਾਰੇ ਇਕੱਠੇ ਹੋ ਕੇ ਰਾਏ ਬਣਾ ਕੇ ਆਪਾਂ ਪੰਜਾਬ ਦੇ ਲੋਕਾਂ ਲਈ ਸਟੈਂਡ ਲਈਏ, ਕਿਉਂਕਿ ਆਪਾਂ ਸਿਆਸਤ ਇੱਥੇ ਹੀ ਕਰਨੀ ਹੈ। ਸ਼ਾਇਦ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕਿਸਾਨ ਪੰਜਾਬ ਦੇ ਬੈਰੀਅਰ ’ਤੇ ਬੈਠੇ ਸਨ ਅਤੇ ਅਸ਼ਵਨੀ ਸ਼ਰਮਾ ਦੀ ਗੱਡੀ ‘ਤੇ ਹਮਲਾ ਵੀ ਹੋਇਆ ਸੀ। ਮੈਂ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਮੇਰੀ ਇਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ।

Former Cabinet Minister Anil JoshiAnil Joshi

ਸਵਾਲ – ਮੰਨਦੇ ਹਾਂ ਆਪਸ ਵਿਚ ਨਹੀਂ ਗਈ, ਪਰ ਜਦੋਂ ਇਹ ਕਾਨੂੰਨ ਬਣੇ ਭਾਜਪਾ ਦੀ ਭਾਈਵਾਲ ਅਕਾਲੀ ਦਲ ਨੇ ਇਸ ਦਾ ਵਿਰੋਧ ਕਰਦਿਆਂ ਅਸਤੀਫਾ ਦੇ ਦਿੱਤਾ ਅਤੇ ਭਾਈਵਾਲੀ ਟੁੱਟ ਗਈ। ਅੱਜ ਲੱਖਾਂ ਕਿਸਾਨ ਬਾਰਡਰਾਂ ‘ਤੇ ਬਦਤਰ ਹਾਲਤ ਵਿਚ ਬੈਠੇ ਹਨ। ਇਕ ਪਾਸੇ ਅਸੀਂ0 ਕਸਾਬ ਵਰਗੇ ਅਤਿਵਾਦੀ ਨੂੰ ਅਖੀਰ ਤਕ ਹਰ ਸਹੂਲਤ ਦਿੱਤੀ, ਦੂਜੇ ਪਾਸੇ ਲੱਖਾਂ ਕਿਸਾਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿੱਥੇ ਇੰਨੇ ਕਿਸਾਨਾਂ ਦੀ ਨਹੀਂ ਸੁਣੀ ਜਾ ਰਹੀ ਉਥੇ ਕੁੱਝ ਆਗੂਆਂ ਦੀ ਕਿਵੇਂ ਸੁਣੀ ਜਾਵੇਗੀ?

ਜਵਾਬ – ਅਸੀਂ ਕੇਂਦਰ ਵਿਚ ਰਾਜ ਕਰ ਰਹੀ ਪਾਰਟੀ ਦੀ ਨੁਮਾਇੰਦਗੀ ਕਰਦੇ ਹਾਂ। ਜਦੋਂ ਕੇਂਦਰ ਨਾਲ ਸਬੰਧਤ ਕੋਈ ਵੀ ਮੁੱਦਾ ਉਠੇਗਾ, ਫਿਰ ਭਾਵੇਂ ਉਹ ਕਿਸਾਨਾਂ ਦਾ ਹੋਵੇ ਜਾਂ ਵਪਾਰੀਆਂ ਦਾ, ਕੇਂਦਰ ਨਾਲ ਸਬੰਧਤ ਹਰ ਮੁੱਦੇ ’ਤੇ ਉਮੀਦ ਕੀਤੀ ਜਾਂਦੀ ਹੈ ਕਿ ਉਸ ਮੁੱਦੇ ਨਾਲ ਸਬੰਧਤ ਪਾਰਟੀ ਇਸ ਵਿਚ ਦਖਲ ਦੇਵੇ। ਸੋ ਸਾਡੀ ਵੀ ਡਿਊਟੀ ਬਣਦੀ ਸੀ ਕਿ ਸਮਾਂ ਰਹਿੰਦੇ ਇਸ ਮੁੱਦੇ ‘ਤੇ ਜਿਵੇਂ ਮੈਂ ਦੱਸਿਆ ਸੀ, ਕਦਮ ਚੁੱਕਦੇ, ਭਾਵੇਂ ਮੈਂਬਰਾਂ ਨੂੰ ਦਿੱਲੀ ਲੈ ਜਾਂਦੇ, ਉਥੇ ਜਾ ਕੇ ਬਾਕੀ ਸਾਰੇ ਭਾਵੇਂ ਪਿੱਛੇ ਹੀ ਬੈਠ ਜਾਂਦੇ ਪਰ ਇਕ ਸੁਨੇਹਾ ਤਾਂ ਜਾਂਦਾ ਕਿ ਪੰਜਾਬ ਭਾਜਪਾ ਕਿਸਾਨਾਂ ਲਈ ਕੁੱਝ ਕਰ ਰਹੀ ਹੈ, ਪਰ ਅਸੀਂ ਲੋਕਾਂ ਵਿਚ ਇਹ ਸੁਨੇਹਾ ਦੇਣ ਵਿਚ ਨਾਕਾਮ ਰਹੇ ਹੈ। ਸਾਡਾ ਸੁਨੇਹਾ ਇਹੀ ਗਿਆ ਕਿ ਅਸੀਂ ਸਿਆਸਤ ਤਾਂ ਪੰਜਾਬ ਵਿਚ ਕਰਨੀ ਹੈ, ਪਰ ਬੋਲੀ ਕੇਂਦਰ ਦੀ ਬੋਲ ਰਹੇ ਹਾਂ।

ਇਹੀ ਕੁੱਝ ਮੈਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ 15 ਦਿਨਾਂ ਵਾਲੀ ਗੱਲ ਕਲੀਅਰ ਦੇਵਾਂ, ਫਿਰ ਮੈਂ ਕਾਰਜਕਾਰਨੀ ਦੀ ਮੀਟਿੰਗ ਵਿਚ ਵੀ ਬੋਲਿਆ ਜਿੱਥੇ ਜ਼ਿਆਦਾਤਰ ਮੈਂਬਰਾਂ ਨੇ ਮੇਰੇ ਕਹੇ ਸ਼ਬਦਾਂ ਨਾਲ ਸਹਿਮਤੀ ਪ੍ਰਗਟਾਈ। ਉਸ ਵਕਤ ਤਿੰਨ ਕੁ ਮਹੀਨੇ ਪੰਜਾਬ ਅਤੇ ਬਾਕੀ ਤਿੰਨ ਚਾਰ ਮਹੀਨੇ ਉਥੇ ਬੈਠਿਆਂ ਨੂੰ ਹੋਏ ਸਨ। ਸਾਡੇ ਵਰਕਰ ਅਤੇ ਆਗੂਆਂ ਜਿਨ੍ਹਾਂ ਦੇ ਘਰ ਅਤੇ ਕਾਰੋਬਾਰਾਂ ਅੱਗੇ ਧਰਨੇ ਲੱਗੇ ਹੋਏ ਹਨ, ਉਹ ਵੀ ਕਿੰਨੇ ਔਖੇ ਹਨ, ਉਨ੍ਹਾਂ ਸਾਰਿਆਂ ਨੇ ਕਿਹਾ ਕਿ ਇਹ ਤੁਸੀਂ ਸਾਡੇ ਮੰਨ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਵੀ ਕਹਿਣਾ ਸੀ ਕਿ ਭਾਵੇਂ ਕਾਨੂੰਨ ਰੱਦ ਹੋਣ ਜਾਂ ਕੋਈ ਹੋਰ ਰਸਤਾ, ਕਿਸਾਨਾਂ ਨੂੰ ਘਰੋ ਘਰੀ ਤੋਰਨਾ ਚਾਹੀਦਾ ਹੈ। ਕਾਰਜਕਾਰਨੀ ਵਿਚ ਮੇਰੇ ਕਹੇ ਸ਼ਬਦਾਂ ਸਬੰਧੀ ਅਖਬਾਰਾਂ ਵਿਚ ਵੀ ਛਪਿਆ ਸੀ।

ਫਿਰ ਇਕ ਮੀਟਿੰਗ ਲੁਧਿਆਣੇ ਹੋਈ, ਅੰਮ੍ਰਿਤਸਰ ਵਿਖੇ ਅਸ਼ਵਨੀ ਸ਼ਰਮਾ ਨਾਲ ਮੇਰੀ ਗਰਮਾ ਗਰਮੀ ਵੀ ਹੋਈ, ਉਸ ਤੋਂ ਬਾਅਦ ਇਨ੍ਹਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਬਾਅਦ ਵਿਚ ਮੈਂ ਖੁਦ ਹੀ ਮੰਨ ਬਣਾ ਲਿਆ ਕਿ ਇਨ੍ਹਾਂ ਨਾਲ ਕੋਈ ਗੱਲ ਨਹੀਂ ਕਰਨੀ। ਹੁਣ 15 ਦਿਨਾਂ ਦਾ ਮੈਂ ਇਸ ਕਰ ਕੇ ਕਿਹੈ ਕਿ ਕੋਈ ਮੈਨੂੰ ਇਹ ਨਾ ਕਹੇ ਕਿ ਮੈਂ ਆਪ-ਮੁਹਾਰਾ ਹੋ ਗਿਆ। ਮੈਂ ਸਿਰਫ ਇਹੀ ਕਿਹਾ ਹੈ ਕਿ ਕਿਉਂਕਿ ਅਸੀਂ ਪੰਜਾਬ ਵਿਚ ਰਹਿੰਦੇ ਹਾਂ, ਇਸ ਲਈ ਪੰਜਾਬ ਭਾਜਪਾ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। 15 ਦਿਨ ਮੈਂ ਇਸੇ ਲਈ ਕਹੇ ਹਨ ਕਿ ਤੁਸੀਂ ਸਟੈਂਡ ਕਲੀਅਰ ਕਰੋ। ਇਸ ਤੋਂ ਬਾਅਦ ਮੈਂ ਪੰਜਾਬ ਵਿਚ ਭਾਜਪਾ ਵਿਚ ਜਾਂ ਜਿਹੜੇ ਹੋਰ ਲੋਕ ਹਨ, ਉਨ੍ਹਾਂ ਨੂੰ ਕਿਸਾਨਾਂ ਲਈ ਲਾਮਬੰਦ ਜ਼ਰੂਰ ਕਰਾਂਗਾ। ਜਦੋਂ ਅਸੀਂ ਕਿਸਾਨਾਂ ਨੂੰ ਇਕ ਸਾਲ ਤਕ ਨਹੀਂ ਸਮਝਾ ਪਾਏ ਤਾਂ ਹੋਰ ਕੀ ਕਰ ਲਵਾਂਗੇ।

Farmer protestFarmer protest

ਸਵਾਲ – ਤੁਹਾਨੂੰ ਪੰਜਾਬ ਨਾਲ ਸਬੰਧਤ ਕਰੋ ਕਮੇਟੀ ਵਿਚੋਂ ਹਮਾਇਤ ਮਿਲਣ ਦੀ ਕਨਸੋਅ ਸਾਹਮਣੇ ਆ ਰਹੀ ਹੈ, ਤੁਹਾਡੇ ਦੇ ਇਕ ਹੈਸਟੈਂਗ ਵੀ ਸ਼ੁਰੂ ਹੋਇਆ ਹੈ, ਮਤਲਬ ਭਾਜਪਾ ਦੇ ਅੰਦਰੋਂ ਵੀ ਤੁਹਾਨੂੰ ਹਮਾਇਤ ਮਿਲਣ ਲੱਗੀ ਹੈ?

ਜਵਾਬ – ਪੂਰੀ ਜੀ, ਹਿੰਮਤ ਨਹੀਂ ਕਈ ਵਾਰੀ ਹੁੰਦੀ, ਜਿਹੜੇ ਛੋਟੇ ਵਰਕਰ ਜਾਂ ਦੂਜੀ ਲਾਈਨ ਦੀ ਲੀਡਰਸ਼ਿਪ ਹੁੰਦੀ ਹੈ, ਉਹ ਇਸ ਪੱਧਰ ‘ਤੇ ਬੋਲਣ ਤੋਂ ਹਿਚਕਚਾਉਂਦੇ ਹਨ, ਅਜਿਹੇ ਆਗੂ ਨਾਲ ਹੋਣ ਦਾ ਫੋਨ ਤਾਂ ਕਰ ਦਿੰਦੇ ਹਨ, ਪਰ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਉਂਦੇ। ਪਰ ਇਹ ਹਕੀਕਤ ਹੈ ਕਿ ਜਿਹੜੀ ਬਹਿਸ਼ ਮੈਂ ਛੇੜੀ ਹੈ, ਇਸ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਮੇਰਾ ਦਾਅਵਾ ਹੈ ਕਿ ਪੰਜਾਬ ਭਾਜਪਾ ਦੇ 80 ਤੋਂ 90 ਫੀਸਦੀ ਲੋਕ ਚਾਹੁੰਦੇ ਹਨ ਕਿ ਇਹ ਮੁੱਦਾ ਹਰ ਹਾਲ ਵਿਚ ਖਤਮ ਹੋਣਾ ਚਾਹੀਦਾ ਹੈ।

ਜਵਾਬ – ਇਹਦੇ ਬਾਰੇ ਇਹ ਵੀ ਕਿਹਾ ਜਾ ਰਿਹੈ ਕਿ ਤੁਸੀਂ ਆਪਣੀ ਪਾਰਟੀ ਵਿਚੋਂ ਕਿਨਾਰਾ ਕਰਨ ਜਾ ਰਹੇ ਹੋ, ਸ਼ਾਇਦ ਤੁਹਾਡਾ ਅਕਾਲੀ ਦਲ ਵਿਚ ਜਾਣ ਦਾ ਪ੍ਰੋਗਰਾਮ ਹੈ, ਆਪ ਵੱਲ ਜਾਂ ਕਿਤੇ ਹੋਰ, ਕਿਉਂਕਿ ਹੁਣ ਮੌਸਮ ਵੀ ਸਿਆਸਤ ਦਾ ਚੱਲ ਰਿਹਾ ਹੈ?

ਜਵਾਬ – ਬਿਲਕੁਲ ਨਹੀਂ, ਦੂਜੀ ਪਾਰਟੀ ਵਿਚ ਜਾਣ ਦਾ ਦਾ ਮਕਸਦ ਹੁੰਦਾ ਹੈ ਚੋਣ ਲੜਨਾ ਅਤੇ ਜਿੱਤਣਾ, ਪਰ ਮੈਂ ਜਿੰਨਾ ਕੰਮ ਪੰਜਾਬ ਵਿਚ ਕੀਤਾ ਹੈ, ਉਨਾਂ ਸ਼ਾਇਦ ਕਿਸੇ ਹੋਰ ਨੇ ਨਹੀਂ ਕੀਤਾ ਹੋਣਾ। ਮੈਂ ਆਪਣੇ ਹਲਕੇ ਦੇ ਲੋਕਾਂ ਦਾ ਹਰ ਚਾਅ ਪੂਰੇ ਕੀਤੇ ਹਨ। ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਹੈ। ਪਰ ਉਹ ਤਾਂ ਵਿਚਾਰੇ ਅੱਗੇ ਹੀ ਹਵਾਵਾਂ ਨੂੰ ਫੜਣ ਦੇ ਚੱਕਰ ਵਿਚ ਅਨਿਲ ਜੋਸ਼ੀ ਨੂੰ ਗਵਾ ਬੈਠੇ ਹਨ। ਨੌਕਰੀਆਂ, ਮੋਬਾਈਲ, ਕਰਜੇ ਮੁਆਫ ਸਮੇਤ ਇਨ੍ਹਾਂ ਨੇ ਕਿੰਨਾ ਕੁੱਝ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ। ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਲੋਕ ਅੱਜ ਵੀ ਪਛਤਾ ਰਹੇ ਹਨ। ਸੋ ਮੈਨੂੰ ਆਪਣੇ ਚੋਣ ਲੜਨ ਦਾ ਕੋਈ ਲਾਲਚ ਨਹੀਂ ਹੈ। ਜੇਕਰ ਮੈਂ ਜਾਣਾ ਹੁੰਦਾ ਤਾਂ ਪਹਿਲਾਂ ਕਿਸੇ ਪਾਰਟੀ ਵਿਚ ਜਾ ਕੇ ਬਾਅਦ ਵਿਚ ਹੀ ਗੱਲ ਕਰਦਾ।

Anil joshiAnil joshi

ਸਵਾਲ – ਅਕਾਲੀ ਦਲ ਵਿਚ ਜਾਣ ਦੀ ਸੰਭਾਵਨਾ ਹੈ?

ਜਵਾਬ – ਕਾਹਦੀ ਸੰਭਾਵਨਾ, ਮੇਰੀ ਤਾਂ ਇੰਨਾਂ ਨਾਲ ਲੜਾਈ ਹੀ ਬਹੁਤ ਰਹੀ ਹੈ। ਮੇਰਾ ਭਰਾ ‘ਤੇ ਗੋਲੀਆਂ ਚੱਲੀਆਂ, ਸਰਕਾਰ ਵਿਚ ਰਹਿ ਕੇ ਵੀ ਮੈਨੂੰ ਇਨਸਾਫ ਨਾ ਮਿਲਿਆ, 2007 ਵਿਚ ਵਿਧਾਇਕ ਹੁੰਦਿਆਂ ਮੇਰੀ ਗੱਡੀ ਸੜੀ, ਕੁੱਝ ਨਹੀਂ ਹੋਇਆ, ਮੇਰਾ ਤਾਂ ਅਕਾਲੀ ਦਲ ਨਾਲ ਹਮੇਸ਼ਾ ਛੱਤੀ ਦਾ ਅੰਕੜਾ ਰਿਹਾ ਹੈ। ਬਾਕੀ ਅਜਿਹੀਆਂ ਗੱਲਾਂ ਪਿਛਲੇ ਸਾਢੇ-4 ਸਾਲ ਤੋਂ ਸਾਡੀ ਪਾਰਟੀ ਦੇ ਕੁੱਝ ਲੋਕ ਹੀ ਫੈਲਾਅ ਰਹੇ ਹਨ। ਅਜਿਹਾ ਉਹ ਕਰ ਰਹੇ ਹਨ ਜਿਹੜੇ ਮੇਰੇ ਤੋਂ ਖਤਰਾ ਮਹਿਸੂਸ ਕਰਦੇ ਹਨ ਕਿ ਉਹ ਮੇਰੇ ਹੁੰਦਿਆਂ ਅੱਗੇ ਨਹੀਂ ਵੱਧ ਸਕਦੇ। ਅੰਮ੍ਰਿਤਸਰ ਵਿਚ ਤਾਂ ਅੱਜ ਵੀ ਇਹੀ ਹਾਲਤ ਹਨ।

ਸਵਾਲ – ਤੁਹਾਨੂੰ ਲੱਗਦਾ ਹੈ ਕਿ ਕਿਸਾਨੀ ਸੰਘਰਸ਼ ਨਾਲ ਲੋਕਾਂ ਵਿਚ ਜਾਗਰਤੀ ਆ ਰਹੀ ਹੈ, ਟੋਹਾਣਾ ਵਿਚ ਕਿਸਾਨਾਂ ਦੀ ਛੋਟੀ ਜਿਹੀ ਜਿੱਤ ਹੋਈ ਹੈ, ਕੀ ਲੋਕਾਂ ਦੇ ਦਿਲਾਂ ਵਿਚ ਤਬਦੀਲੀ ਆ ਰਹੀ ਅਤੇ ਉਹ ਝੂਠੇ ਵਾਅਦਿਆਂ ਅਤੇ ਜੁਬਲਿਆਂ ਤੋਂ ਦੁਖੀ ਹੋ ਗਏ ਹਨ?

ਜਵਾਬ – ਬਿਲਕੁਲ ਲੋਕ ਜਾਗਰੂਕ ਹੋ ਰਹੇ ਹਨ, ਇਸ ਅੰਦੋਲਨ ਨੇ ਤਾਂ ਬਹੁਤ ਕੁੱਝ ਬਦਲ ਦਿੱਤਾ ਹੈ ਅਤੇ ਬਹੁਤ ਕੁੱਝ ਬਦਲਣ ਵਾਲਾ ਹੈ। ਵੇਖੋ ਇਕ ਅੰਦੋਲਨ ਪੰਜਾਬ ਵਿਚੋਂ ਚੱਲਿਆ, ਇਸ ਤੋਂ ਬਾਅਦ ਇੰਡੀਆ ਵਿਚ ਅਤੇ ਉਸ ਤੋਂ ਬਾਅਦ ਪੂਰੀ ਦੁਨੀਆ ਵਿਚ ਫੈਲ ਗਿਆ। ਹਰ ਦੇਸ਼ ਵਿਚ ਪ੍ਰਦਰਸ਼ਨ ਹੋਏ, ਕਿੰਨਾ ਪੱਧਰ ਹੈ ਇਸ ਦਾ, ਪਰ ਸਰਕਾਰਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕਿੰਨਾ ਕੁ ਸਬਰ ਪਰਖੋਗੇ। ਪਹਿਲਾਂ ਗਰਮੀਆਂ, ਫਿਰ ਝੱਖੜ, ਤੂਫਾਨ, ਸਭ ਕੁੱਝ ਉਡ ਗਿਆ, ਉਨ੍ਹਾਂ ਨੇ ਫਿਰ ਲਗਾ ਲਿਆ, ਫਿਰ ਕੜਾਕੇ ਦੀ ਠੰਡ, ਫਿਰ ਗਰਮੀ ਆ ਗਈ ਅਤੇ ਹੁਣ ਸਾਲ ਦੇ ਕਰੀਬ ਹੋ ਚੱਲਿਐ, ਹਾਲੇ ਤਕ ਇਹ ਇਹੀ ਪਰਖ ਰਹੇ ਹਨ ਕਿ ਇਹ ਥੱਕ ਕੇ ਚਲੇ ਜਾਣਗੇ, ਇਹ ਪੰਜਾਬੀ ਕਿੱਥੇ ਥੱਕਣ ਵਾਲੇ ਹਨ, ਇਨ੍ਹਾਂ ਨੇ ਕਦੇ ਨਹੀਂ ਥੱਕਣਾ, ਮੈਂ ਤਾਂ ਮੋਦੀ ਸਾਹਿਬ ਜਾਂ ਇਨ੍ਹਾਂ ਦੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਹੋਰ ਸਬਰ ਦੀ ਪਰਖ ਨਾ ਕਰੋ, ਜਿਸ ਪੱਧਰ ‘ਤੇ ਵੀ ਹੁੰਦੈ, ਮਾਮਲਾ ਖਤਮ ਕਰੋ। ਕਿੰਨੀ ਦੇਰ ਕਹਾਂਗੇ, ਆਦਮਨੀ ਦੁਗਣੀ ਕਰਨੀ ਹੈ, ਬੱਚੇ ਨੂੰ ਸਬਜ਼ੀ ਪਸੰਦ ਨਹੀਂ ਅਤੇ ਤੁਸੀਂ ਖਾਣ ਲਈ ਜ਼ੋਰ ਪਾਉਗੇ ਤਾਂ ਉਹ ਕਹੇਗਾ, ਜਾਉ ਮੈਂ ਰੋਟੀ ਵੀ ਨਹੀਂ ਖਾਦਾ, ਕਰ ਲਉ ਕੀ ਕਰਦੇ ਹੋ। ਸੋ ਆਪਾਂ ਜੇਕਰ ਪੈਸੇ ਲਾਣੇ ਹੀ ਹਨ ਤਾਂ ਸਬਜ਼ੀ ਉਸ ਦੇ ਪਸੰਦ ਦੀ ਬਣਾ ਲਈਏ। ਇਸੇ ਤਰ੍ਹਾਂ ਜੇਕਰ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਹੈ ਤਾਂ ਉਨ੍ਹਾਂ ਦੀ ਸਲਾਹ ਨਾਲ ਕਰੋ।

BJPBJP

ਸਵਾਲ –ਅਸੀਂ ਜੋ ਵੇਖ ਰਹੇ ਹਾਂ, ਸਰਕਾਰ ਕਿੰਨਾ ਜਿੱਦ ‘ਤੇ ਅੜੀ ਹੋਈ ਹੈ, ਸਰਕਾਰ ਨਿੱਜੀਕਰਨ ਕਰਨਾ ਚਾਹੁੰਦੀ ਹੈ, ਖੇਤੀਬਾੜੀ ਦਾ ਵੀ ਨਿੱਜੀਕਰਨ ਕਰਨਾ ਚਾਹੁੰਦੀ ਹੈ, ਸ਼ਾਇਦ ਕਿਤੇ ਵਾਅਦੇ ਕੀਤੇ ਹੋਣ, ਇੰਨੀ ਜਿੱਦ ਪਿਛੇ ਕਾਰਨ ਕੀ ਹੋ ਸਕਦੇ ਹਨ?

ਜਵਾਬ –ਮਤਲਬ ਸਿੱਟੇ ਭੁਗਤਣੇ ਸ਼ੁਰੂ ਹੋ ਗਏ ਹਾਂ ਆਪਾ, ਮੈਂ ਹੁਣ ਭਾਜਪਾ ਹੋ ਕੇ ਗੱਲ ਨਹੀਂ ਕਰਦਾ, ਮੈਂ ਨਿਰਪੱਖ ਹੋ ਕੇ ਗੱਲ ਕਰ ਰਿਹਾ ਹਾਂ, ਸਰ੍ਹੋਂ ਦਾ ਤੇਲ ਸੀ, ਇਹ ਡੇਢ ਦੋ ਮਹੀਨੇ ਪਹਿਲਾਂ ਇਕ ਲੀਟਰ ਦੀ ਬੋਤਲ 100 ਰੁਪਏ ਦੀ ਸੀ ਜੋ ਅੱਜ 200 ਰੁਪਏ ਦੀ ਹੈ। ਕਿਹਾ ਜਾ ਰਿਹਾ ਸੈਲੋ ਅਡਾਨੀ ਨੇ ਲਿਆਂਦੇ ਹਨ, ਜੋ ਗੱਲ ਤੁਰਦੀ ਹੈ, ਇਸ ਵਿਚ ਕੁੱਝ ਨਾ ਕੁੱਝ ਤਾਂ ਹੁੰਦਾ ਹੀ ਹੈ। ਅਡਾਨੀ ਨੇ ਪਹਿਲਾਂ ਹੀ ਸੈਲੋ ਤਿਆਰ ਕਰ ਲਏ ਸੀ। ਦੇਸ਼ ਵਿਚ ਜਿਸ ਇਲਾਕੇ ਵਿਚ ਸਰ੍ਹੋ ਹੁੰਦੀ ਹੈ, ਉਨ੍ਹਾਂ ਨੇ ਸਾਰੀ ਸਰ੍ਹੋਂ ਖਰੀਦ ਲਈ ਹੈ। ਕਿਸਾਨ ਨੂੰ ਤਾਂ ਕੁਇੰਟਲ ਦੇ 2000 ਰੁਪਏ ਵੱਧ ਮਿਲੇ ਹਨ। ਕਿਸਾਨ ਅਗਲੀ ਵਾਰੀ ਬਾਕੀ ਫਸਲਾਂ ਛੱਡ ਕੇ 4 ਗੁਣਾਂ ਜ਼ਿਆਦਾ ਸਰ੍ਹੋਂ ਬੀਜਣਗੇ। ਕਿਸਾਨ ਨੂੰ ਦੋ ਹਜ਼ਾਰ ਵੱਧ ਮਿਲੇ ਪਰ ਸਾਨੂੰ ਸਾਡਾ ਡਬਲ ਹੋ ਗਿਆ। ਸਭ ਨੂੰ ਇਹੀ ਡਰ ਹੈ ਕਿ ਜਦੋਂ ਇਹ ਗਠਜੋੜ ਹੋਣਾ ਹੈ ਤਾਂ ਲੋਕ ਕਣਕ ਝੋਨਾ ਬੀਜਣਾ ਛੱਡ ਦੇਣਗੇ। ਜਦੋਂ ਸਰਕਾਰ ਇਸ ਖੇਤਰ ਵਿਚੋਂ ਨਿਕਲ ਹੀ ਜਾਵੇਗੀ ਤਾਂ ਉਨ੍ਹਾਂ ਨੇ ਤਾਂ ਮਨਮਰਜ਼ੀ ਕਰਨੀ ਹੀ ਹੈ।

ਵਪਾਰੀ ਅਤੇ ਕਾਰਪੋਰੇਟ ਨੇ ਮੁਨਾਫੇ ਦੇ ਮਕਸਦ ਨਾਲ ਚੀਜ਼ ਖਰੀਦੀ ਹੈ, ਉਸ ਨੇ ਤਾਂ ਆਪਣਾ ਮੁਨਾਫਾ ਵੇਖਣਾ ਹੀ ਹੈ। ਜਿਵੇਂ ਈਸਟ ਇੰਡੀਆ ਕੰਪਨੀ ਦੀ ਮਿਸਾਲ ਦਿੱਤੀ ਜਾਂਦੀ ਹੈ। ਉਦੋਂ ਤਾਂ ਇਕ ਕੰਪਨੀ ਦੇ ਆਉਣ ਨਾਲ ਦੇਸ਼ ਗੁਲਾਮ ਹੋ ਗਿਆ ਸੀ ਪਰ ਕਾਰਪੋਰੇਟ ਤਾਂ ਕਈ ਆ ਜਾਣੇ ਹਨ। ਇਹ ਚੀਜ਼ਾਂ ਸ਼ੁਰੂ ਸ਼ੁਰੂ ਵਿਚ ਪਤਾ ਨਹੀਂ ਲਗਦੀਆਂ, ਪਰ ਉਗਰਾਹਾਂ ਅਤੇ ਰਾਜੇਵਾਲ ਵਰਗੇ ਬੰਦਿਆਂ ਨੂੰ ਇਸ ਦੀ ਸਮਝ ਜ਼ਰੂਰ ਹੈ। ਉਨ੍ਹਾਂ ਨੂੰ ਇਹੀ ਖਦਸ਼ਾ ਹੈ ਕਿ ਇਸ ਦਾ ਭਾਵੇਂ 10 ਸਾਲ ਤਕ ਅਸਰ ਨਾ ਵਿਖੇ ਪਰ ਉਸ ਤੋਂ ਬਾਅਦ ਇਸ ਦੇ ਨਤੀਜੇ ਸਾਡੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ। ਦੂਜੇ ਪਾਸੇ ਸਰਦਾਰਾ ਸਿੰਘ ਜੋਹਲ ਜਿਨ੍ਹਾਂ ਨੇ ਸਾਰੀ ਉਮਰ ਇਸ ‘ਤੇ ਖੋਜ ਕੀਤੀ ਹੈ, ਉਹ ਇਸ ਨੂੰ ਚੰਗਾ ਕਹਿੰਦੇ ਹਨ, ਅਸੀਂ ਵੀ ਕਹਿੰਦੇ ਰਹੇ ਹਾਂ, ਹੁਣ ਰੋਜ਼ ਉਹੀ ਗੱਲ ਕਹੀ ਜਾਈਏ, ਕਿਸਾਨ ਕਹਿਣ ਨਹੀਂ ਚੰਗੇ ਅਤੇ ਅਸੀਂ ਚੰਗੇ ਕਹੀ ਜਾਈਏ, ਸਹੀ ਨਹੀਂ ਹੈ। ਇਕ ਪਾਸੇ ਸਾਰੇ ਖੇਤੀ ਕਾਨੂੰਨਾਂ ਨੂੰ ਗਲਤ ਕਹਿ ਰਹੇ ਹੁੰਦੇ ਹਨ ਅਤੇ ਦੂਜੇ ਪਾਸੇ ਭਾਜਪਾ ਵਾਲਾ ਇਕੱਲਾ ਬੈਠਾ ਸਿਰ ਅੜਾ ਰਿਹਾ ਹੁੰਦਾ ਹੈ ਕਿ ਖੇਤੀ ਕਾਨੂੰਨ ਸਹੀ ਹੈ, ਇਸ ਲਈ ਮੈਂ ਇਸ ਤੋਂ ਤੋਬਾ ਕਰ ਦਿੱਤੀ।

Anil joshiAnil joshi

ਸਵਾਲ – ਇਹ ਸਾਲ ਬੜਾ ਹੀ ਮੰਦਾ ਰਿਹਾ, ਲੱਖਾਂ ਲੋਕ ਬੇਰੁਜ਼ਗਾਰ ਹੋਏ ਪਰ ਦੋ ਬੰਦੇ ਬੜੇ ਅਮੀਰ ਹੋ ਗਏ ਹਨ..... ਤੁਹਾਡੀ ਮੁਸਕਰਾਹਟ ਜਵਾਬ ਦੇ ਰਹੀ ਹੈ ਕਿ ਅਡਾਨੀ.....?

ਜਵਾਬ –ਉਹ ਤਾਂ ਨਾਮ ਹੀ ਇੰਨਾ ਪ੍ਰਚੱਲਤ ਹੈ ਗਿਆ ਜਿਨ੍ਹਾਂ ਨੂੰ ਪਹਿਲਾਂ ਕੋਈ ਨਹੀਂ ਸੀ ਜਾਣਦਾ ਹੁਣ ਬੱਚਾ ਬੱਚਾ ਜਾਣਨ ਲੱਗਾ ਹੈ...।

ਸਵਾਲ – ਉਹ ਦੁਨੀਆ ਦੇ 10 ਅਮੀਰ ਲੋਕਾਂ ਵਿਚੋਂ ਹਨ। ਇਸ ਗਰੀਬ ਦੇਸ਼ ਵਿਚੋਂ, ਜਿੱਥੇ ਕਰੋੜਾਂ ਲੋਕ ਭੁੱਖੇ ਪੇਟ ਸੌਂਦੇ ਹੋਣ, ਉਥੇ ਇਹੋ ਜਿਹੇ ਵੀ ਹੋਣ, ਫਿਰ ਤਾਂ ਤੁਹਾਡੀ ਪਾਰਟੀ ਨੂੰ ਸੋਚਣਾ ਹੀ ਪਵੇਗਾ...... ?

ਜਵਾਬ – ਇਹ ਤਾਂ ਸਰਕਾਰਾਂ ਨੂੰ ਸੋਚਣਾ ਪਵੇਗਾ, ਨਹੀਂ ਤਾਂ ਲੋਕਤੰਤਰ ਹੈ...। ਜਦੋਂ ਹੁਕਮਰਾਨ ਰਾਜ ਕਰਦੇ ਹਨ ਤਾਂ ਉਨ੍ਹਾਂ ਨੂੰ ਸਲਾਹ ਦੇਣ ਵਾਲੇ ਹੁੰਦੇ ਹਨ, ਉਨ੍ਹਾਂ ਨੇ ਬੰਦ ਕਮਰਿਆਂ ਵਿਚ ਬਹਿ ਕੇ ਇਹ ਚੀਜ਼ਾਂ ਬਣਾ ਲੈਣੀਆਂ ਹਨ, ਪਰ ਕਿਸਾਨ ਦੀ ਤਾਂ ਬੜੀ ਛੋਟੀ ਜਿਹੀ ਦੁਨੀਆ ਹੁੰਦੀ ਹੈ, ਮੈਂ ਖੁਦ ਕਿਸਾਨ ਹਾਂ ਅਤੇ 24 ਸਾਲ ਤਕ ਪਿੰਡ ਵਿਚ ਰਹਿੰਦਾ ਰਿਹਾ ਹਾਂ। ਉਹਦੇ ਦਿਮਾਗ ਵਿਚ ਇਹ ਚੀਜ਼ ਬੈਠ ਗਈ ਹੈ ਕਿ ਮੇਰੀਆਂ ਜ਼ਮੀਨਾਂ ਖੁਸ ਜਾਣੀਆਂ ਹਨ। ਪਿੰਡਾਂ ਵਿਚ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਅੰਬਾਨੀ ਅੰਡਾਨੀ ਦਾ ਨਾਮ ਪਹਿਲੀ ਵਾਰ ਸੁਣਿਆ ਹੋਵੇਗਾ। ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਇਹ ਬੰਦੇ ਹਨ ਜਾਂ ਕੋਈ ਮਸ਼ੀਨਾਂ ਹੀ ਹਨ। ਬੱਸ ਉਨ੍ਹਾਂ ਦੇ ਮੂੰਹ ‘ਤੇ ਨਾਮ ਚੜ੍ਹ ਗਿਆ ਹੈ। ਸਰਕਾਰਾਂ ਮਾਈਬਾਪ ਅਤੇ ਪਰਜਾ ਬੱਚੇ ਹੁੰਦੇ ਹਨ। ਇਸ ਕਾਰਨ ਅੜੀ ਟੁੱਟਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਲੋਕਾਂ ਦੇ ਸ਼ੰਕੇ ਹਰ ਹਾਲ ਦੂਰ ਕਰਨੇ ਚਾਹੀਦੇ ਹਨ। ਹੁਣ ਰਜਵਾੜਾਸ਼ਾਹੀ ਨਹੀਂ, ਹੋਵੇਗਾ ਉਹੀ ਜੋ ਲੋਕ ਚਾਹੁਣਗੇ, ਲੋਕਾਂ ਵਿਚ ਜਾਗਰਤੀ ਆ ਰਹੀ ਹੈ ਅਤੇ ਕਿਸਾਨੀ ਅੰਦੋਲਨ ਨੇ ਹੋਰ ਲੈ ਆਂਦੀ ਹੈ...।

ਸਵਾਲ – ਇਸ ਨੂੰ ਬਗਾਵਤ ਵਜੋਂ ਵੇਖਿਆ ਜਾਵੇਗਾ, ਤੁਹਾਡੀ ਪਾਰਟੀ ਵਿਚ ਅਨੁਸ਼ਾਸਨ ਹੈ, ਉਹਦੇ ਵਿਚ ਇਹੋ ਜਿਹੇ ਸੁਰ ਬੜੇ ਘੱਟ ਸੁਣਨ ਨੂੰ ਮਿਲਦੇ ਹਨ, ਤੁਹਾਨੂੰ ਖਦਸ਼ਾ ਨਹੀਂ ਹੈ ਕਿ ਤੁਹਾਡਾ ਸਿਆਸੀ ਕੈਰੀਅਰ ਕਿਹੋ ਜਿਹਾ ਹੋਵੇਗਾ?

ਜਵਾਬ – ਕੋਈ ਗੱਲ ਨਹੀਂ, ਇਨ੍ਹਾਂ ਚੀਜ਼ਾਂ ਤੋਂ ਉਪਰ ਉਠਣਾ ਹੀ ਪੈਂਦਾ ਹੈ, ਇਹ ਕਿ ਮੈਂ ਪਾਰਟੀ ਦਾ ਚੋਲਾ ਪਾਇਐ ਤੇ ਮੈਂ ਗੁੰਮ ਹੀ ਰਵ੍ਹਾਂ, ਆਪਣੀ ਵੀ ਜ਼ਮੀਰ ਹੈ, ਆਪਾਂ ਕਿੰਨਾ ਕੁ ਚਿਰ ਬਰਦਾਸ਼ਤ ਕਰਾਂਗੇ, ਕਿੰਨਾ ਚਿਰ ਹਾਂ ਵਿਚ ਹਾਂ ਮਿਲਾਵਾਂਗੇ, ਅਸੀਂ ਸ਼ੁਰੂ ਵਿਚ ਗੁਣਗਾਣ ਕੀਤਾ, ਪਾਰਟੀ ਦਾ ਹੁਕਮ ਵਜਾਇਆ, ਹੁਣ ਭਾਜਪਾ ਵਿਚੋਂ ਹੀ 70-80 ਫੀਸਦੀ ਲੋਕ ਕਿਸਾਨਾਂ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ, ਅਕਸਰ ਨੂੰ ਹੋਲੀ ਹੋਲੀ ਸਭ ਨੂੰ ਸਮਝ ਆਈ ਹੈ, ਇਸੇ ਲਈ ਮੈਂ ਕਹਿੰਦਾ ਹਾਂ ਕਿ ਮਾਈਬਾਪ ਦੀ ਕਦੇ ਪਿੱਠ ਨਹੀਂ ਲੱਗਦੀ ਹੁੰਦੀ, ਘਰ ਵਿਚ ਬੱਚਾ ਦੋ ਚਾਰ ਦਿਨ ਜਿੱਦ ਕਰ ਲਵੇ, ਮਾਂ-ਬਾਪ ਨੂੰ ਅਖੀਰ ਮੰਨਣਾ ਹੀ ਪੈਂਦਾ ਹੈ, ਫਿਰ ਭਾਵੇਂ ਬੱਚਾ ਗਲਤ ਹੀ ਕਿਉਂ ਨਾ ਹੋਵੇ, ਜੇਕਰ ਸਰਕਾਰ ਇਹ ਸੋਚ ਰਹੀ ਹੈ ਕਿ ਸਾਡੀ ਪਿੱਠ ਨਾ ਲੱਗ ਜਾਵੇ, ਕਾਨੂੰਨ ਰੱਦ ਨਾ ਕਰੋ ਬਦਲਾਅ ਜੋ ਮਰਜ਼ੀ ਕਰਵਾ ਲਓ, ਇਹ ਸੋਚ ਠੀਕ ਨਹੀਂ ਹੈ, ਲੋਕ ਸਰਕਾਰ ਚੁਣਦੇ ਹਨ, ਲੋਕਾਂ ਨੇ ਹੀ ਚੁਣੀ ਹੈ, ਲੋਕਾਂ ਕਰ ਕੇ ਹੀ ਸਰਕਾਰ ਹੈ, ਪਿੱਠ ਲੱਗਣ ਦਾ ਤੋਖਲਾ ਛੱਡ ਕੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਜੇਕਰ ਸੋਧ ਹੋ ਸਕਦੀ ਹੈ ਤਾਂ ਰੱਦ ਕਿਉਂ ਨਹੀਂ ਹੋ ਸਕਦੇ? ਮੈਂ ਕਦੇ ਨਹੀਂ ਕਿਹਾ ਕਿ ਕਾਨੂੰਨ ਮਾੜੇ ਹਨ, ਅੱਜ ਵੀ ਨਹੀਂ ਕਹਿੰਦਾ, ਪਰ ਜੇਕਰ ਕਿਸਾਨਾਂ ਨੂੰ ਨਹੀਂ ਪਸੰਦ ਤਾਂ ਆਪਾ ਜਿੱਦ ਕਿਉਂ ਕਰਦੇ ਪਏ ਹਾਂ। ਜਾ ਸਮਝਾ ਲਉ, ਜਾ ਬਦਲ ਲਉ। ਅਖੀਰ ਸਰਦਾਰਾ ਸਿੰਘ ਜੋਹਲ ਨੇ ਵੀ ਇਹੀ ਕਿਹਾ ਹੈ ਕਿ ਜੇ ਉਹ ਨਹੀਂ ਚਾਹੁੰਦੇ ਤਾਂ ਇਨ੍ਹਾਂ ਨੂੰ ਰੱਦ ਕਰ ਦਿਉ ਅਤੇ ਫਿਰ ਬਿਠਾ ਕੇ ਮਨ੍ਹਾ ਲੈਣਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement