
ਭਾਰਤ ਸਰਕਾਰ ਤੋਂ ਰਸਮੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਦੀ ਇਕ ਟੀਮ ਰੋਮੀ ਨੂੰ ਲਿਆਉਣ ਲਈ ਹਾਂਗਕਾਂਗ ਜਾਵੇਗੀ
ਚੰਡੀਗੜ੍ਹ: ਸਾਲ 2016 'ਚ ਪੰਜਾਬ ਦੀ ਨਾਭਾ ਜੇਲ 'ਚੋਂ ਕੈਦੀਆਂ ਦੇ ਫਰਾਰ ਹੋਣ ਦੇ ਮੁੱਖ ਦੋਸ਼ੀ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਜਲਦ ਹੀ ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾਵੇਗਾ। ਹਾਂਗਕਾਂਗ ਦੀ ਇਕ ਅਦਾਲਤ ਨੇ ਰੋਮੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਅਦਾਲਤ ਨੇ ਪੁਲਿਸ ਵੱਲੋਂ ਲਗਾਏ ਦੋਸ਼ਾਂ ਨੂੰ ਕਾਫੀ ਮੰਨਦਿਆਂ ਇਹ ਮਨਜ਼ੂਰੀ ਦਿੱਤੀ ਹੈ।
Ramanjit Romi accused in Nabha jail break to be extradited from Hong Kong
ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਤੋਂ ਰਸਮੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਦੀ ਇਕ ਟੀਮ ਰੋਮੀ ਨੂੰ ਲਿਆਉਣ ਲਈ ਹਾਂਗਕਾਂਗ ਜਾਵੇਗੀ। ਰੋਮੀ ਨੂੰ 2018 ਵਿਚ ਹਾਂਗਕਾਂਗ ਵਿਚ ਇਕ ਡਕੈਤੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ।
ਰੋਮੀ 2016 ਤੋਂ ਲਾਪਤਾ ਹੈ। ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ 2016-17 ਵਿਚ ਜਲੰਧਰ ਅਤੇ ਲੁਧਿਆਣਾ ਵਿਚ ਹੋਏ ਕਤਲਾਂ ਵਿਚ ਵੀ ਉਸ ਦੀ ਭੂਮਿਕਾ ਸੀ। ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸ਼ੇਖ ਦੇ ਸੰਪਰਕ ਵਿਚ ਸੀ। ਗੁਰਪ੍ਰੀਤ ਨਵੰਬਰ 2016 ਵਿਚ ਨਾਭਾ ਜੇਲ੍ਹ ਵਿਚੋਂ ਫਰਾਰ ਹੋਏ ਛੇ ਵਿਅਕਤੀਆਂ ਵਿਚ ਸ਼ਾਮਲ ਸੀ।
ਪੁਲਿਸ ਦਾ ਕਹਿਣਾ ਹੈ ਕਿ ਰੋਮੀ ਨੇ ਜੇਲ੍ਹ ਤੋਂ ਫਰਾਰ ਹੋਏ ਲੋਕਾਂ ਨੂੰ ਇਸ ਕੰਮ ਲਈ ਪੈਸੇ ਮੁਹੱਈਆ ਕਰਵਾਏ ਸਨ। ਇਸ ਦੇ ਨਾਲ ਹੀ ਉਸ ਨੇ ਹਾਂਗਕਾਂਗ ਵਿਚ ਬੈਠ ਕੇ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪਹਿਲਾਂ ਇਕ ਐੱਸਐੱਚਓ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੇ ਕੇ ਆਰਮਜ਼ ਐਕਟ ਤਹਿਤ ਜ਼ਮਾਨਤ ਲਈ ਸੀ ਅਤੇ ਉਸ ਤੋਂ ਬਾਅਦ ਉਹ ਹਾਂਗਕਾਂਗ ਭੱਜ ਗਿਆ ਸੀ। ਜ਼ਿਕਰਯੋਗ ਹੈ ਕਿ 27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ੍ਹ ਤੋਂ ਚਾਰ ਬਦਨਾਮ ਗੈਂਗਸਟਰਾਂ ਸਮੇਤ ਛੇ ਕੈਦੀ ਫਰਾਰ ਹੋ ਗਏ ਸਨ।