
ਹੋ ਸਕਦੇ ਹਨ ਸਾਜ਼ਿਸ਼ੀ ਕਤਲ, ਡਰੱਗ ਮਾਫ਼ੀਆ ਦੀ ਭੂਮਿਕਾ 'ਤੇ ਜਤਾਇਆ ਸ਼ੱਕ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੂਬੇ 'ਚ ਭੇਤਭਰੇ ਤਰੀਕੇ ਨਾਲ ਹੋ ਰਹੀਆਂ ਹਿਰਾਸਤੀ ਮੌਤਾਂ/ਆਤਮ-ਹੱਆਵਾਂ ਦੀ ਸਮਾਂਬੱਧ ਸੀਬੀਆਈ ਜਾਂਚ ਮੰਗੀ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਜੇਲ੍ਹਾਂ ਅਤੇ ਪੁਲਿਸ ਹਿਰਾਸਤਾਂ 'ਚ ਡੇਢ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਮਰਨ ਵਾਲਿਆਂ 'ਚ ਬਹੁਤੇ ਹਿਰਾਸਤੀ ਨਸ਼ਾ ਤਸਕਰੀ ਵਰਗੇ ਸੰਗੀਨ ਜੁਰਮਾਂ ਦਾ ਸਾਹਮਣਾ ਕਰ ਰਹੇ ਹਨ। ਅੰਮ੍ਰਿਤਸਰ 'ਚ ਏ.ਐਸ.ਆਈ ਅਵਤਾਰ ਸਿੰਘ ਵੱਲੋਂ ਹਿਰਾਸਤ ਦੌਰਾਨ ਖ਼ੁਦ ਨੂੰ ਗੋਲੀ ਮਾਰ ਲੈਣਾ, ਇਸ ਕੜੀ ਦੀ ਤਾਜ਼ਾ ਮਿਸਾਲ ਹੈ, ਜੋ ਆਪਣੇ ਇਕ ਹੋਰ ਏਐਸਆਈ ਸਾਥੀ ਜ਼ੋਰਾਵਰ ਸਿੰਘ ਨਾਲ ਨਸ਼ਾ ਤਸਕਰੀ ਦੇ ਸੰਗੀਨ ਦੋਸ਼ਾਂ ਤਹਿਤ 11 ਅਗਸਤ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ।
Death
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਸ ਅਤੇ ਸਰਕਾਰ ਵਲੋਂ ਹਿਰਾਸਤੀ ਮੌਤਾਂ/ਆਤਮ ਹੱਤਿਆਵਾਂ ਬਾਰੇ ਦਿੱਤੇ ਜਾਂਦੇ ਕਰੀਬ-ਕਰੀਬ ਇੱਕੋ ਜਿਹੇ ਵੇਰਵੇ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਹਨ। ਮਾਨ ਅਨੁਸਾਰ, "ਇਹ ਸਾਧਾਰਨ ਵਰਤਾਰਾ ਨਹੀਂ ਹੈ। ਇਸ 'ਤੇ ਯਕੀਨ ਕਰਨਾ ਮੁਸ਼ਕਿਲ ਹੈ। ਇਹ ਨਸ਼ਾ ਤਸਕਰੀ ਦੇ ਵੱਡੇ ਰਸੂਖਵਾਨ ਵਪਾਰੀਆਂ ਦੇ ਅਗਲੇ ਭੇਦ ਖੁੱਲਣ ਦੇ ਡਰੋਂ ਕਰਵਾਏ ਗਏ ਸੋਚੇ ਸਮਝੇ ਕਤਲ ਹੋ ਸਕਦੇ ਹਨ। ਇਕ ਤੋਂ ਬਾਅਦ ਇਕ ਹੋਈਆਂ ਇਨ੍ਹਾਂ ਹਿਰਾਸਤੀ ਮੌਤਾਂ/ਆਤਮ-ਹਤਿਆਵਾਂ ਦੀ ਕੜੀ ਸਾਡੇ ਸਭ ਦੇ ਸੱਕ ਨੂੰ ਹੋਰ ਡੂੰਘਾ ਕਰਦੀ ਹੈ। ਇਸ ਲਈ ਇਨ੍ਹਾਂ ਹਿਰਾਸਤੀ ਮੌਤਾਂ ਦੀਆਂ ਸਾਂਝੀਆਂ ਕੜੀਆਂ ਦੇ ਮੱਦੇਨਜ਼ਰ ਸੀਬੀਆਈ ਜਾਂਚ ਜ਼ਰੂਰੀ ਹੈ, ਕਿਉਂਕਿ ਸੂਬੇ ਦੀ ਪੁਲਸ ਦੀ ਭੂਮਿਕਾ ਖ਼ੁਦ ਸ਼ੱਕੀ ਹੈ।"
Bhagwant Mann
ਭਗਵੰਤ ਮਾਨ ਨੇ ਇਸ ਕੜੀ 'ਚ ਅੰਮ੍ਰਿਤਸਰ ਦੇ ਹੀ ਗੁਰਪਿੰਦਰ ਸਿੰਘ ਦੀ ਹਿਰਾਸਤੀ ਮੌਤ ਦਾ ਮਾਮਲਾ ਬੇਹੱਦ ਗੰਭੀਰ ਹੈ, ਜੋ ਨਮਕ ਦਾ ਵਪਾਰੀ ਸੀ ਅਤੇ ਉਸ 'ਤੇ ਪਾਕਿਸਤਾਨ 'ਚ ਨਮਕ ਦੇ ਬੋਰਿਆਂ 'ਚ ਅਰਬਾਂ ਰੁਪਏ ਦੀ ਹੈਰੋਇਨ ਤਸਕਰੀ ਦੇ ਦੋਸ਼ ਹਨ। ਮਾਨ ਅਨੁਸਾਰ ਫ਼ਰੀਦਕੋਟ ਦੇ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਉਪਰੰਤ ਪੁਲਸ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਭੇਦਭਰੇ ਢੰਗ ਨਾਲ ਕੀਤੀ ਆਤਮ-ਹੱਤਿਆ ਬਾਰੇ ਸਵਾਲ ਅੱਜ ਵੀ ਜਿਉਂ ਦੇ ਤਿਉਂ ਹਨ। ਜਦਕਿ ਪਿਛਲੇ ਢਾਈ ਸਾਲਾਂ 'ਚ ਲੁਧਿਆਣਾ ਪੁਲਸ ਦੀ ਹਿਰਾਸਤ 'ਚ ਮੌਤਾਂ/ਆਤਮ-ਹੱਤਿਆਵਾਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।