
ਰਾਸ਼ਟਰਵਾਦ ਨਾਲ ਨਹੀਂ ਸਗੋਂ ਸਿੱਖਿਆ ਤੇ ਰੁਜ਼ਗਾਰ ਨਾਲ ਚੱਲਦਾ ਹੈ ਦੇਸ਼: ਸਿਸੋਦੀਆ
ਜਲਧੰਰ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਦੇ ਹੱਕ ’ਚ ਰੋਡ ਸ਼ੋਅ ਵਿਚ ਹਿੱਸਾ ਲੈਣ ਪਹੁੰਚੇ। ਇਸ ਦੌਰਾਨ ਸਿਸੋਦੀਆ ਨੇ ਅਕਾਲੀਆਂ ਤੇ ਮੋਦੀ ਨੂੰ ਰੱਜ ਕੇ ਰਗੜੇ ਲਾਏ। ਬਰਗਾੜੀ ਬੇਅਦਬੀ ਮਾਮਲੇ ’ਤੇ ਬੋਲਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਅਕਾਲੀ ਦਲ ਇਸ ਨੂੰ ਕੋਈ ਮੁੱਦਾ ਨਹੀਂ ਮੰਨਦਾ ਪਰ ਸਾਡੀ ਪਾਰਟੀ ਬੇਅਦਬੀ ਕਾਂਡ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਮੰਨਦੀ ਹੈ ਤੇ ਇਸ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
Road show of Manish Sisodia
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰਾਸ਼ਟਰ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਹਨ ਪਰ ਦੇਸ਼ ਵਿਚ ਰੁਜ਼ਗਾਰ ਨਹੀਂ ਹੈ, ਸਿੱਖਿਆ ਨਹੀਂ ਹੈ, ਵਪਾਰ ਬਰਬਾਦ ਹੋ ਚੁੱਕਾ ਹੈ ਤੇ ਕੀ ਇਸ ਤਰ੍ਹਾਂ ਉਨ੍ਹਾਂ ਨੇ ਰਾਸ਼ਟਰ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਝੂਠਾ ਰਾਸ਼ਟਰਵਾਦ ਹੈ ਤੇ ਇਸ ਦੇ ਵਿਰੁਧ ਵੋਟ ਕੀਤੀ ਜਾਣੀ ਚਾਹੀਦੀ ਹੈ। ਸਿਸੋਦੀਆ ਨੇ ਕਿਹਾ ਕਿ ਹੁਣ ਭਾਜਪਾ ਤੇ ਕਾਂਗਰਸ ਕੋਲ ਕੋਈ ਠੋਸ ਮੁੱਦਾ ਨਹੀਂ ਹੈ। ਭਾਜਪਾ ਕੋਲ ਸਿਰਫ਼ ਪਾਕਿਸਤਾਨ ਦਾ ਮੁੱਦਾ ਹੈ ਤੇ ਕਾਂਗਰਸ ਵਿਰੋਧੀ ਦਲ ਹੋਣ ਦੇ ਨਾਤੇ ਵੋਟਾਂ ਮੰਗ ਰਹੀ ਹੈ।
Road show of Manish Sisodia
ਪੰਜਾਬ ਵਿਚ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਕੋਈ ਸੂਬੇ ’ਚ ਵਿਕਾਸ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਜਨ ਸਾਧਾਰਣ ਅਤੇ ਵਿਕਾਸ ਦੇ ਮੁੱਦਿਆਂ ਉਤੇ ਚੋਣ ਲੜ ਰਹੀ ਹੈ। ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਅਸਫ਼ਲ ਰਹਿਣ ਬਾਰੇ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਗਠਜੋੜ ਕਰਨ ਦਾ ਮਕਸਦ ਮੋਦੀ ਨੂੰ ਹਰਾਉਣਾ ਸੀ ਪਰ ਕਿਸੇ ਕਾਰਨ ਕਰਕੇ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ।
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੋਦੀ ਨੂੰ ਹਰਾਉਣ ਲਈ ਪੰਜਾਬ ਵਿਚ ਅਕਾਲੀ ਦਲ ਵਿਰੁਧ ਵੋਟ ਪਾਉਣ।