
ਪੰਜਾਬ ਨੂੰ ਜਿਥੇ ਨਸ਼ਿਆਂ ਨੇ ਅਪਣੀ ਲਪੇਟ ਵਿਚ ਲਿਆ ਹੋਇਆ ਹੈ ਉਥੇ ਹੀ ਹੁਣ ਕੈਂਸਰ ਦਾ ਕਹਿਰ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ.............
ਫ਼ਿਰੋਜ਼ਪੁਰ : ਪੰਜਾਬ ਨੂੰ ਜਿਥੇ ਨਸ਼ਿਆਂ ਨੇ ਅਪਣੀ ਲਪੇਟ ਵਿਚ ਲਿਆ ਹੋਇਆ ਹੈ ਉਥੇ ਹੀ ਹੁਣ ਕੈਂਸਰ ਦਾ ਕਹਿਰ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ ਹੀ ਸੈਂਕੜੇ ਮਰੀਜ਼ ਸਾਹਮਣੇ ਆ ਰਹੇ ਹਨ ਜੋ ਕਿ ਸਾਡੇ ਸਾਰਿਆਂ ਲਈ ਬੇਹੱਦ ਹੀ ਚਿੰਤਾ ਵਾਲੀ ਗੱਲ ਹੈ। ਦੇਖਿਆ ਜਾਵੇ ਤਾਂ ਕੈਂਸਰ ਇਕ ਅਜਿਹੀ ਨਾਮੁਰਾਦ ਬੀਮਾਰੀ ਹੈ ਜੋ ਕਿਸੇ ਆਫ਼ਤ ਤੋਂ ਘੱਟ ਨਹੀਂ ਅਤੇ ਪੂਰੇ ਪੰਜਾਬ ਵਿਚ ਹੁਣ ਇਹ ਅਪਣੇ ਪੈਰ ਪਸਾਰ ਚੁਕੀ ਹੈ। ਮਹਾਨ ਵਿਗਿਆਨੀਆਂ ਵਲੋਂ ਕੀਤੇ ਗਏ ਸਰਵੇ ਦੀ ਜੇਕਰ ਮੰਨੀਏ ਤਾਂ ਪਤਾ ਲੱਗਦਾ ਹੈ ਕਿ ਜਿਥੇ ਇਹ ਕੈਂਸਰ ਪਹਿਲਾਂ ਮਨੁੱਖ ਜਾਤੀ ਵਿਚ ਹੀ ਪਾਇਆ ਜਾਂਦਾ ਸੀ
ਅਤੇ ਮਨੁੱਖ ਹੀ ਕੈਂਸਰ ਬਾਰੇ ਫ਼ਿਕਰਮੰਦ ਸੀ, ਪਰ ਹੁਣ ਤਾਂ ਹੱਦ ਹੋ ਗਈ ਹੈ। ਕੈਂਸਰ ਨੇ ਮਨੁੱਖ ਦੇ ਨਾਲ-ਨਾਲ ਹੁਣ ਪਸ਼ੂਆਂ ਨੂੰ ਵੀ ਅਪਣੀ 'ਲਪੇਟ' ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਫ਼ਿਰੋਜ਼ਪੁਰ ਦੇ ਪਿੰਡ ਹੁਸੈਨੀਵਾਲਾ ਵਰਕਸ਼ਾਪ ਵਿਚ ਲਗਾਤਾਰ ਕੈਂਸਰ ਦੇ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਾਲ ਹੀ ਵਿਚ ਤਿੰਨ ਲੋਕਾਂ ਦੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਕਾਰਨ ਮੌਤ ਹੋ ਚੁਕੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰਾਂ ਵਲੋਂ ਕੈਂਸਰ ਨਾਲ ਪੀੜਤ ਅਸ਼ਵਨੀ ਕੁਮਾਰ ਦੇ ਪਰਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਅਸ਼ਵਨੀ ਨੂੰ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦਾ ਰੋਗ ਹੈ,
ਪਰ ਹੁਣ ਤਕ ਕਿਸੇ ਵੀ ਸਿਆਸੀ ਨੇਤਾ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਪਿੰਡ ਹੁਸੈਨੀਵਾਲਾ ਦੇ ਸਰਪੰਚ ਸ਼ਿਵ ਕੁਮਾਰ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਾਲਾਂ ਵਿਚ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੇ ਉਨ੍ਹਾਂ ਦੇ ਪਿੰਡ ਵਿਚ ਪੈਰ ਪਸਾਰ ਲਏ ਸਨ। ਉਨ੍ਹਾਂ ਦਸਿਆ ਕਿ ਹੁਣ ਤਕ 10 ਮੌਤਾਂ ਕੈਂਸਰ ਕਾਰਨ ਹੋ ਚੁਕੀਆਂ ਹਨ ਅਤੇ ਜਦੋਂ ਕਿ 3 ਮਰੀਜ਼ ਹੋਰ ਮੰਜੇ 'ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਜਦੋਂ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਗੁਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਜਲਦ ਹੀ ਇਸ ਪਿੰਡ ਦਾ ਦੌਰਾ ਕੀਤਾ ਜਾਵੇਗਾ ਅਤੇ ਇਸ ਨਾਮੁਰਾਦ ਬੀਮਾਰੀ ਦੇ ਫੈਲਣ ਦਾ ਕਾਰਨ ਪਤਾ ਲਗਾਇਆ ਜਾਵੇਗਾ।