ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ
ਹੁਸ਼ਿਆਰਪੁਰ: ਟਾਂਡਾ-ਉੜਮੁੜ ’ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਰਾਧਾਨਾ ਨੇੜੇ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ’ਤੇ ਇਕ ਦਰੱਖਤ ਦਾ ਟਾਹਣਾ ਡਿੱਗ ਗਿਆ। ਇਸ ਹਾਦਸੇ ਦੌਰਾਨ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਪੁੱਤਰ ਇਸ ਹਾਦਸੇ ਵਿਚ ਵਾਲ-ਵਾਲ ਬਚ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਸਰਬਜੀਤ ਸਿੰਘ ਉਮਰ ਕਰੀਬ 50 ਸਾਲ ਵਾਸੀ ਪਿੰਡ ਮਿਆਣੀ ਥਾਣਾ ਟਾਂਡਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਬਜ਼ੁਰਗ ਨਾਲ ਕੁੱਟਮਾਰ ਕਰਨ ਵਾਲੇ ASI ਨੂੰ ਪੁਲਿਸ ਨੇ ਕੀਤਾ ਸਸਪੈਂਡ
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਸ਼ੁਕਰਵਾਰ ਸਵੇਰੇ ਉਹ ਅਪਣੇ ਪਿਤਾ ਸਰਬਜੀਤ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਘਰੇਲੂ ਕੰਮਕਾਜ ਸਬੰਧੀ ਪਿੰਡ ਪਟਿਆਲਾ ਗਏ ਸਨ। ਵਾਪਸ ਆਉਂਦੇ ਸਮੇਂ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸੜਕ ਕਿਨਾਰੇ ਖੜ੍ਹੇ ਇਕ ਸਫੈਦੇ ਦਾ ਟਾਹਣਾ ਅਚਾਨਕ ਟੁੱਟ ਕੇ ਉਨ੍ਹਾਂ ਉੱਪਰ ਡਿੱਗ ਪਿਆ, ਜਿਸ ਕਾਰਨ ਪਿਤਾ ਸਰਬਜੀਤ ਸਿੰਘ ਦੇ ਸਿਰ ਵਿਚ ਸੱਟ ਵੱਜੀ ਅਤੇ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਪਿਆ।
ਇਹ ਵੀ ਪੜ੍ਹੋ: ਚੰਦਰਯਾਨ-1 ਦੇ ਅੰਕੜਿਆਂ ਤੋਂ ਮਿਲੀ ਵੱਡੀ ਜਾਣਕਾਰੀ
ਅਰਸ਼ਦੀਪ ਨੇ ਦਸਿਆ ਕਿ ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਵਲੋਂ ਜਦੋਂ ਉਸ ਦੇ ਪਿਤਾ ਨੂੰ ਚੁੱਕਿਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ । ਅਰਸ਼ਦੀਪ ਇਸ ਹਾਦਸੇ ਵਿਚ ਵਾਲ ਵਾਲ ਬੱਚ ਗਿਆ ਤੇ ਉਸ ਦੇ ਕੋਈ ਸੱਟ ਨਹੀਂ ਲੱਗੀ । ਟਾਂਡਾ ਪੁਲਿਸ ਨੇ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।