
ਅੱਜ ਦੇ ਦਿਨ ਤਿੰਨ ਸਾਲ ਪਹਿਲਾਂ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਅਜ ਪੂਰਾ ਦਿਨ ਪੰਜਾਬ ਵਿਚ ਸਿਆਸਤ ਵੀ ਭਖੀ ਰਹੀ
ਚੰਡੀਗੜ੍ਹ, 15 ਅਕਤੂਬਰ (ਨੀਲ ਭਲਿੰਦਰ ਸਿੰਘ): ਅੱਜ ਦੇ ਦਿਨ ਤਿੰਨ ਸਾਲ ਪਹਿਲਾਂ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਅਜ ਪੂਰਾ ਦਿਨ ਪੰਜਾਬ ਵਿਚ ਸਿਆਸਤ ਵੀ ਭਖੀ ਰਹੀ। ਇਕ ਵੱਡੀ ਬਹਿਸ ਦੀ ਸ਼ੁਰੂਆਤ ਦਿਲੀ ਦੇ ਮੁਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਸ਼ੁਰੂ ਕੀਤੀ।
ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰਂ ਮਿਹਣਾ ਮਾਰਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਤੀ ਜਾ ਸਕੀ ਜਿਸ ਦੇ ਜਵਾਬ ਵਿਚ ਕੈਪਟਨ ਨੇ ਵੀ ਟਵੀਟ ਕਰ ਕੇ ਕੇਜਰੀਵਾਲ ਨੂੰ ਕਾਨੂੰਨੀ ਜ਼ਾਬਤੇ ਦਾ ਹਵਾਲਾ ਦਿੰਦੇ ਹੋਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਉਨ੍ਹਾਂ ਵਲੋਂ ਅਦਾਲਤ ਵਿਚ ਮੰਗੀ ਗਈ ਮਾਫ਼ੀ ਦਾ ਮਿਹਣਾ ਦੇ ਮਾਰਿਆ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਜਿਥੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਕੈਪਟਨ ਸਰਕਾਰ ਦੀ ਨਾਕਾਮੀ ਉਤੇ ਸਵਾਲ ਚੁੱਕੇ ਤਾਂ ਉਸ ਉਤੇ ਵੀ ਕੈਪਟਨ ਨੇ ਕੇਜਰੀਵਾਲ ਨੂੰ ਇਸ ਮੁੱਦੇ ਉਤੇ ਸਿਆਸਤ ਨਾ ਕਰਨ ਦੀ ਸਲਾਹ ਦੇ ਦਿੱਤੀ।
ਕੈਪਟਨ ਨੇ ਅਪਣੇ ਟਵੀਟ ਵਿਚ ਕਿਹਾ, ' ਕੇਜਰੀਵਾਲ ਜੀ, ਇਸ ਮੁੱਦੇ ਉਤੇ ਸਿਆਸਤ ਬੰਦ ਕਰੋ। ਮੈਂ ਹੈਰਾਨ ਹਾਂ ਕਿ ਮੁੱਖ ਮੰਤਰੀ ਦੇ ਅਹੁਦੇ ਉਤੇ ਮੌਜੂਦ ਇਹ ਸ਼ਖ਼ਸ (ਕੇਜਰੀਵਾਲ) ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਦਾ ਇੰਤਜ਼ਾਰ ਕਰਨ ਦੀ ਥਾਂ ਕਾਨੂੰਨੀ ਪ੍ਰਕ੍ਰਿਆ ਦੇ ਉਲਟ ਗੱਲ ਕਰ ਰਿਹਾ ਹੈ। ਉਂਜ ਵੀ ਤੁਹਾਨੂੰ ਪਤਾ ਹੀ ਹੈ ਕਿ ਕਾਨੂੰਨੀ ਪ੍ਰਕ੍ਰਿਆ ਤੋਂ ਜਦੋਂ ਕੋਈ ਉਲਟ ਚੱਲਦਾ ਹੈ ਤਾਂ ਕੀ ਹੁੰਦਾ ਹੈ, ਬਾਦਲ ਖ਼ੇਮੇ ਤੋਂ ਮੰਗੀ ਮਾਫ਼ੀ ਤਾਂ ਯਾਦ ਹੀ ਹੋਵੇਗੀ।